ਅਮਰੀਕੀ ਜੇਲਾਂ ''ਚ ਸਿੱਖਾਂ ਨਾਲ ਬਦਸਲੂਕੀ ਦਾ ਮਾਮਲਾ ਚੰਦੂਮਾਜਰਾ ਨੇ ਉਠਾਇਆ ਲੋਕ ਸਭਾ ''ਚ
Friday, Jul 20, 2018 - 07:04 AM (IST)

ਨਵੀਂ ਦਿੱਲੀ,ਚੰਡੀਗੜ੍ਹ (ਭਾਸ਼ਾ) — ਸ਼੍ਰੋਮਣੀ ਅਕਾਲੀ ਦਲ ਦੇ ਇਕ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀਰਵਾਰ ਲੋਕ ਸਭਾ ਵਿਚ ਅਮਰੀਕਾ ਦੀਆਂ ਜੇਲਾਂ ਵਿਚ ਭਾਰਤੀ ਸਿੱਖਾਂ ਨਾਲ ਹੋ ਰਹੀ ਬਦਸਲੂਕੀ ਦਾ ਮਾਮਲਾ ਉਠਾਇਆ ਅਤੇ ਵਿਦੇਸ਼ ਮੰਤਰਾਲਾ ਨੂੰ ਇਸ ਸਬੰਧੀ ਕਾਰਵਾਈ ਕਰਨ ਲਈ ਬੇਨਤੀ ਕੀਤੀ। ਸਿਫਰ ਕਾਲ ਦੌਰਾਨ ਚੰਦੂਮਾਜਰਾ ਨੇ ਕਿਹਾ ਕਿ ਉਥੋਂ ਦੀਆਂ ਜੇਲਾਂ ਵਿਚ ਸਿੱਖਾਂ ਦੀਆਂ ਦਸਤਾਰਾਂ ਉਤਾਰੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਵਿਦੇਸ਼ ਮੰਤਰਾਲਾ ਅਮਰੀਕਾ ਸਰਕਾਰ ਕੋਲ ਇਸ ਮਾਮਲੇ ਨੂੰ ਪਹਿਲ ਦੇ ਆਧਾਰ 'ਤੇ ਉਠਾਏ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਅਮਰੀਕਾ ਵਿਚ 50 ਤੋਂ ਵੱਧ ਭਾਰਤੀ ਪ੍ਰਵਾਸੀਆਂ ਨਾਲ ਬਦਸਲੂਕੀ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਉਨ੍ਹਾਂ ਵਿਚੋਂ ਵਧੇਰੇ ਸਿੱਖ ਹਨ, ਜੋ ਅਮਰੀਕਾ ਵਿਚ ਸ਼ਰਨ ਮੰਗ ਰਹੇ ਹਨ। ਅਮਰੀਕੀ ਸ਼ਹਿਰ ਓਰੇਜਨ ਦੀ ਜੇਲ ਵਿਚ ਸਿੱਖ ਕੈਦੀਆਂ ਨਾਲ ਵਿਸ਼ੇਸ਼ ਤੌਰ 'ਤੇ ਮਾੜਾ ਸਲੂਕ ਕੀਤਾ ਗਿਆ ਸੀ।