ਸਿੱਖ ਸ਼ਰਧਾਲੂਆਂ ਨੂੰ ਸਿਆਸੀ ਗਤੀਵਿਧੀਆਂ ''ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ : ਪਾਕਿ
Thursday, Nov 07, 2019 - 01:52 AM (IST)
ਲਾਹੌਰ - ਪਾਕਿਸਤਾਨ ਨੇ ਬੁੱਧਵਾਰ ਨੂੰ ਆਖਿਆ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ ਕਰਤਾਰਪੁਰ ਗਲਿਆਰਾ ਖੁਲ੍ਹਣ ਤੋਂ ਬਾਅਦ ਇਥੇ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਕਿਸੇ ਸਿਆਸੀ ਗਤੀਵਿਧੀ 'ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਦੇ ਪ੍ਰਧਾਨ ਡਾ. ਆਮਿਰ ਅਹਿਮਦ ਨੇ ਪੀ. ਟੀ. ਆਈ. ਨੂੰ ਆਖਿਆ ਕਿ ਧਰਮ ਸਥਾਨਾਂ 'ਤੇ ਕਿਸੇ ਵੀ ਸਿਆਸੀ ਗਤੀਵਿਧੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਹ ਸਖਤੀ ਨਾਲ ਪ੍ਰਤੀਬੰਧਿਤ ਹੈ ਅਤੇ ਧਾਰਮਿਕ ਉਤਸਵ 'ਚ ਇਥੇ ਆਉਣ ਵਾਲਾ ਕੋਈ ਵੀ ਸ਼ਖਸ ਜੇਕਰ ਸਿਆਸੀ ਗਤੀਵਿਧੀਆਂ 'ਚ ਸ਼ਾਮਲ ਹੋਇਆ, ਤਾਂ ਕਾਰਵਾਈ ਕੀਤੀ ਜਾਵੇਗੀ।
ਈ. ਪੀ. ਟੀ. ਬੀ. ਇਕ ਵਿਧਾਨਕ ਬੋਰਡ ਹੈ ਜੋ ਵੰਡ ਤੋਂ ਬਾਅਦ ਭਾਰਤ ਚਲੇ ਗਏ ਹਿੰਦੂਆਂ ਅਤੇ ਸਿੱਖਾਂ ਦੀਆਂ ਧਾਰਮਿਕ ਜਾਇਦਾਦਾਂ ਅਤੇ ਧਰਮ ਸਥਾਨਾਂ ਦੀ ਦੇਖਰੇਖ ਕਰਦਾ ਹੈ। ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸੋਮਵਾਰ ਨੂੰ 4 ਮਿੰਟ ਲੰਬਾ ਵੀਡੀਓ ਜਾਰੀ ਕੀਤਾ ਸੀ। ਜਿਸ 'ਚ ਗਰਮਖਿਆਲੀ ਦੇਖੇ ਜਾ ਸਕਦੇ ਹਨ। ਇਹ ਸਵਾਲ ਕਰਨ 'ਤੇ ਅਹਿਮਦ ਨੇ ਆਖਿਆ ਇਹ ਉਨ੍ਹਾਂ ਦੀ ਜਾਣਕਾਰੀ 'ਚ ਨਹੀਂ ਹੈ ਪਰ ਸਰਕਾਰ ਇਥੇ ਆਉਣ ਵਾਲੇ ਸਿੱਖਾਂ ਦੀ ਵੀ ਸਿਆਸੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕਰੇਗੀ।
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਸਤਵਤ ਸਿੰਘ ਨੇ ਇਸ 'ਤੇ ਇਹ ਕਹਿੰਦੇ ਹੋਏ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਮੈਨੂੰ ਮਾਮਲੇ ਦੀ ਜਾਣਕਾਰੀ ਨਹੀਂ ਹੈ। ਭਾਰਤ ਦੇ ਪੰਜਾਬ 'ਚ ਗੁਰਦਾਸਪੁਰ ਸਥਿਤ ਡੇਰਾ ਬਾਬਾ ਨਾਨਕ ਨੂੰ ਪਾਕਿਸਤਾਨ 'ਚ ਗੁਰਦੁਆਰਾ ਦਰਬਾਰ ਸਿੰਘ ਸਾਹਿਬ ਨੂੰ ਜੋੜਣ ਵਾਲਾ ਕਰਤਾਰਪੁਰ ਗਲਿਆਰਾ 9 ਨਵੰਬਰ ਨੂੰ ਖੋਲ੍ਹਣ ਦਾ ਪ੍ਰੋਗਰਾਮ ਹੈ। ਇਸ ਵਿਚਾਲੇ, 1500 ਤੋਂ ਜ਼ਿਆਦਾ ਭਾਰਤੀ ਸਿੱਖ ਸ਼ਰਧਾਲੂ ਵਾਘ੍ਹਾ ਬਾਰਡਰ ਹੁੰਦੇ ਹੋਏ ਇਥੇ ਪਹੁੰਚ ਗਏ ਹਨ। ਕਰਤਾਰਪੁਰ ਗਲਿਆਰੇ ਦੇ ਉਦਘਾਟਨ ਪ੍ਰੋਗਰਾਮ ਅਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ 'ਚ ਹਿੱਸਾ ਲੈਣ ਲਈ 4,500 ਤੋਂ ਜ਼ਿਆਦਾ ਭਾਰਤੀ ਸਿੱਖ ਸ਼ਰਧਾਲੂ ਹੁਣ ਤੱਕ ਪਹੁੰਚ ਚੁੱਕੇ ਹਨ।