ਜਥੇਦਾਰ ਦਾਦੂਵਾਲ ਨੇ ‘ਪਾਖੰਡਵਾਦ’ ਦੇ ਪ੍ਰਚਾਰਕਾਂ ਨੂੰ ਦਿੱਤੀ ਚਿਤਾਵਨੀ, ਸ਼੍ਰੋਮਣੀ ਕਮੇਟੀ ਚੋਣਾਂ ’ਤੇ ਕਹੀ ਵੱਡੀ ਗੱਲ
Saturday, Sep 10, 2022 - 04:29 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਸਿੱਖ ਧਰਮ ’ਚ ਲਗਾਤਾਰ ਹੋ ਰਿਹਾ ਧਰਮ ਪਰਿਵਰਤਨ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਨੂੰ ਰੋਕਣ ਵਾਸਤੇ ਸਾਰੀਆਂ ਨੁਮਾਇੰਦਾ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਸਥਾਵਾਂ ਨੂੰ ਰਲ਼-ਮਿਲ ਕੇ ਸਾਂਝਾ ਉਪਰਾਲਾ ਕਰਨਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਟਾਂਡਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸਿੱਖ ਧਰਮ ਕਿਸੇ ਵੀ ਧਰਮ ਜਾਂ ਮਜ਼੍ਹਬ ਦੇ ਖ਼ਿਲਾਫ਼ ਨਹੀਂ ਅਤੇ ਹਰੇਕ ਧਰਮ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਗਏ ਮਾਰਗ ਅਨੁਸਾਰ ਸਤਿਕਾਰ ਕਰਦਾ ਹੈ ਪਰ ਜੇਕਰ ਨਕਲੀ ਪਾਸਟਰ ਜਾਂ ਪਾਖੰਡਵਾਦ ਦਾ ਪ੍ਰਚਾਰ ਕਰਕੇ ਸਿੱਖਾਂ ਨੂੰ ਧਰਮ ਪ੍ਰਚਾਰ ਲਈ ਉਕਸਾਇਆ ਜਾਵੇਗਾ ਤਾਂ ਇਹ ਬਰਦਾਸ਼ਤ ਕਰਨਯੋਗ ਨਹੀਂ ਹੋਵੇਗਾ । ਇਸ ਮੌਕੇ ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ਇਸ ਲਹਿਰ ਨੂੰ ਇਨ੍ਹਾਂ ਕਿਸੇ ਵਾਦ-ਵਿਵਾਦ ਅਤੇ ਟਕਰਾਅ ਤੋਂ ਰਾਹਤ ਠੱਲ੍ਹ ਪਾਉਣ ਲਈ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਸਥਾਵਾਂ ਪ੍ਰੋਗਰਾਮ ਉਲੀਕਣ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ’ਚ ਯੋਗਦਾਨ ਪਾਇਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ਖੁਸ਼ੀਆਂ ਤੋਂ ਪਹਿਲਾਂ ਘਰ ’ਚ ਪਏ ਵੈਣ, ਸ਼ਗਨ ਪਾਉਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ, 3 ਲੋਕਾਂ ਦੀ ਮੌਤ
ਇਸ ਮੌਕੇ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀਆਂ ਚੋਣਾਂ ਕਰਾਉਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 5 ਸਾਲ ਬਾਅਦ ਹੋ ਸਕਦੀਆਂ ਹਨ ਤਾਂ 11 ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ। ਇਸ ਮੌਕੇ ਉਨ੍ਹਾਂ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗੁਰ ਸ਼ਬਦ ਨਾਲ ਜੁੜ ਕੇ ਆਪਣੇ ਧਰਮ ਵਿਚ ਪ੍ਰਪੱਕ ਹੋਵੋ ਤੇ ਬਾਕੀ ਧਰਮਾਂ ਦਾ ਸਤਿਕਾਰ ਕੀਤਾ ਜਾਵੇ। ਇਹੋ ਹੀ ਇਕ ਸੱਚੇ ਸਿੱਖ ਦੀ ਨਿਸ਼ਾਨੀ ਹੈ।ਇਸ ਮੌਕੇ ਉਨ੍ਹਾਂ ਨਾਲ ਡਾ. ਸੁਖਵਿੰਦਰ ਸਿੰਘ ਬੇਦੀ, ਡਾ. ਸੁਖਮੀਤ ਸਿੰਘ ਬੇਦੀ, ਸਰਪੰਚ ਕੁਲਵੰਤਵੀਰ ਸਿੰਘ, ਸਰਪੰਚ ਗੁਰਮੀਤ ਸਿੰਘ, ਬਾਬਾ ਗੁਰਸੇਵਕ ਸਿੰਘ ਰੰਗੀਲਾ, ਸੁਖਪਾਲ ਸਿੰਘ, ਦਲਵੀਰ ਸਿੰਘ ਆਦਿ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਫ਼ਿਰੋਜ਼ਪੁਰ ’ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, 2 ਦੀ ਹੋਈ ਮੌਤ