ਅਫਗਾਨਿਸਤਾਨ ਹਮਲੇ ''ਚ ਮਾਰੇ ਗਏ ਸਿੱਖਾਂ ਦੀਆਂ ਅਸਥੀਆਂ ਦਿੱਲੀ ਪਹੁੰਚੀਆਂ

Friday, Jul 20, 2018 - 07:24 AM (IST)

ਜਲੰਧਰ (ਚਾਵਲਾ) - ਅਫਗਾਨਿਸਤਾਨ ਵਿਚ ਬੀਤੇ ਦਿਨੀਂ ਹੋਏ ਆਤਮਘਾਤੀ ਹਮਲੇ ਦੌਰਾਨ ਮਾਰੇ ਗਏ 12 ਸਿੱਖਾਂ ਅਤੇ 1 ਹਿੰਦੂ ਦੀਆਂ ਅਸਥੀਆਂ ਨੂੰ ਅੱਜ ਦਿੱਲੀ ਲਿਆਂਦਾ ਗਿਆ। ਦਿੱਲੀ ਵਿਚ ਗੁਰਦੁਆਰਾ ਅਰਜਨ ਦੇਵ ਜੀ, ਨਿਊ ਮਹਾਬੀਰ ਨਗਰ 'ਚ 2 ਦਿਨ ਸੰਗਤਾਂ ਦੇ ਦਰਸ਼ਨਾਂ ਲਈ ਰੱਖਣ ਮਗਰੋਂ ਅਸਥੀਆਂ ਨੂੰ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤਾ ਜਾਵੇਗਾ। ਇਸ ਮੌਕੇ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਮ੍ਰਿਤਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਅਸਥੀਆਂ ਨਾਲ ਹਮਲੇ ਵਿਚ ਜ਼ਖਮੀ ਹੋਏ 6 ਸਿੱਖ ਵੀ ਦਿੱਲੀ ਦੇ ਏਮਸ ਹਸਪਤਾਲ ਵਿਚ ਇਲਾਜ ਕਰਵਾਉਣ ਲਈ ਆਏ ਹਨ। ਇਨ੍ਹਾਂ ਵਿਚ ਸਤਪਾਲ ਸਿੰਘ, ਮਨਜੀਤ ਸਿੰਘ, ਮਨਿੰਦਰ ਸਿੰਘ, ਨਰਿੰਦਰ ਸਿੰਘ, ਨਰਿੰਦਰਪਾਲ ਸਿੰਘ ਤੇ ਰਵਿੰਦਰ ਕੌਰ ਸ਼ਾਮਲ ਹਨ।
ਦਿੱਲੀ ਕਮੇਟੀ ਅਤੇ ਐੱਸ. ਜੀ. ਪੀ. ਸੀ (ਸ਼੍ਰੋਮਣੀ ਕਮੇਟੀ) ਨੇ ਵੱਖਰੇ-ਵੱਖਰੇ ਤੌਰ 'ਤੇ ਪ੍ਰਤੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ 1-1 ਲੱਖ ਅਤੇ ਪ੍ਰਤੀ ਜ਼ਖਮੀ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਦਿੱਲੀ ਕਮੇਟੀ ਨੇ ਮ੍ਰਿਤਕਾਂ ਦੇ ਨਾਂ ਸੱਚ ਦੀ ਦੀਵਾਰ 'ਤੇ ਲਿਖਣ ਦਾ ਵੀ ਐਲਾਨ ਕੀਤਾ। ਇਸ ਮੌਕੇ ਵਿਕਰਮ ਸਿੰਘ ਮਜੀਠੀਆ, ਮਨਜਿੰਦਰ ਸਿੰਘ ਸਿਰਸਾ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਣਜੀਤ ਸਿੰਘ ਵੀ ਹਾਜ਼ਰ ਸਨ।


Related News