ਕਿਸੇ ਹੋਰ ਦੀ ਫੋਟੋ ਲੱਗੇ ਸਰਟੀਫਿਕੇਟ ਕਰ ਕੇ 1 ਸਾਲ ਬਾਅਦ ਵੀ ਨਹੀਂ ਮਿਲ ਰਿਹਾ ਦਾਖਲਾ

03/13/2018 12:39:10 AM

ਗੁਰਦਾਸਪੁਰ,  (ਵਿਨੋਦ)-  ਪ੍ਰਾਈਵੇਟ ਸਕੂਲ ਦੀ ਗਲਤੀ ਕਾਰਨ ਇਕ ਵਿਦਿਆਰਥੀ ਦਾ ਭਵਿੱਖ ਹਨੇਰੇ 'ਚ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਕੂਲ ਦੀ ਗਲਤੀ ਕਾਰਨ ਵਿਦਿਆਰਥੀ ਦਾ ਇਕ ਸਾਲ ਵੀ ਬਰਬਾਦ ਹੋ ਗਿਆ ਹੈ।
ਪੀੜਤ ਗਗਨਦੀਪ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਲੇਹਲ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਧਾਰੀਵਾਲ ਦੇ ਇਕ ਪ੍ਰਾਈਵੇਟ ਸਕੂਲ ਦਾ ਵਿਦਿਆਰਥੀ ਸੀ ਅਤੇ ਦਸਵੀਂ ਦੀ ਪ੍ਰੀਖਿਆ ਸਬੰਧੀ ਫਾਰਮ ਵੀ ਸਕੂਲ ਨੇ ਭਰਿਆ ਸੀ। ਜਦੋਂ ਮਾਰਚ 2017 ਵਿਚ ਹੋਣ ਵਾਲੀ ਪ੍ਰੀਖਿਆ ਦਾ ਰੋਲ ਨੰਬਰ 1017133027 ਉਸ ਨੂੰ ਮਿਲਿਆ ਤਾਂ ਉਸ 'ਤੇ ਸਾਰੀ ਜਾਣਕਾਰੀ ਤਾਂ ਠੀਕ ਸੀ ਪਰ ਫੋਟੋ ਕਿਸੇ ਹੋਰ ਨੌਜਵਾਨ ਦੀ ਸੀ। ਜਦੋਂ ਇਸ ਸਬੰਧੀ ਸਕੂਲ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਮਾਮਲੇ ਨੂੰ ਵੇਖਣ ਲਈ ਡਿਊਟੀ ਇਕ ਅਧਿਆਪਕ ਦੀ ਲਾ ਦਿੱਤੀ। ਉਕਤ ਅਧਿਆਪਕ ਨੇ ਕਿਹਾ ਕਿ ਤੁਸੀਂ ਪ੍ਰੀਖਿਆ ਦਿਓ, ਜੇਕਰ ਚੈਕਿੰਗ ਹੋਈ ਤਾਂ ਮੈਂ ਸੰਭਾਲ ਲਵਾਂਗਾ ਅਤੇ ਪ੍ਰੀਖਿਆ ਸਰਟੀਫਿਕੇਟ ਸਹੀ ਬਣ ਕੇ ਆਵੇਗਾ ਪਰ ਜਦੋਂ ਪ੍ਰੀਖਿਆ ਸਰਟੀਫਿਕੇਟ ਉਸ ਨੂੰ ਮਿਲਿਆ ਤਾਂ ਉਸ 'ਤੇ ਫਿਰ ਉਹੀ ਫੋਟੋ ਲੱਗੀ ਹੋਈ ਸੀ, ਜੋ ਰੋਲ ਨੰਬਰ ਸਲਿੱਪ 'ਤੇ ਲੱਗੀ ਸੀ।
ਪੀੜਤ ਵਿਦਿਆਰਥੀ ਨੇ ਦੱਸਿਆ ਕਿ ਇਸ ਚੱਕਰ ਵਿਚ ਉਸ ਨੂੰ ਅੱਗੇ ਕਿਤੇ ਦਾਖਲਾ ਨਹੀਂ ਮਿਲਿਆ। ਇਸ ਸਬੰਧੀ ਜਦੋਂ ਵੀ ਸਕੂਲ ਵਾਲਿਆਂ ਨਾਲ ਗੱਲ ਕਰਦਾ ਹਾਂ ਤਾਂ ਉਹ ਇਹ ਕਹਿੰਦੇ ਹਨ ਕਿ ਸਭ ਠੀਕ ਹੋ ਜਾਵੇਗਾ। 19 ਸਤੰਬਰ 2017 ਨੂੰ ਮੇਰਾ ਗਲਤ ਸਰਟੀਫਿਕੇਟ ਵੀ ਸਕੂਲ ਵਾਲਿਆਂ ਨੇ ਲੈ ਲਿਆ ਅਤੇ ਇਕ ਪੱਤਰ ਲਿਖ ਕੇ ਮੈਨੂੰ ਚੰਡੀਗੜ੍ਹ ਸਿੱਖਿਆ ਵਿਭਾਗ ਦੇ ਕੋਲ ਭੇਜ ਦਿੱਤਾ ਪਰ ਉਥੇ ਮੇਰੀ ਸੁਣਵਾਈ ਇਸ ਕਰ ਕੇ ਨਹੀਂ ਹੋਈ ਕਿ ਗਲਤੀ ਉਨ੍ਹਾਂ ਦੀ ਨਹੀਂ ਹੈ, ਸਕੂਲ ਵਾਲਿਆਂ ਨੇ ਜੋ ਫੋਟੋ ਲਾ ਕੇ ਭੇਜੀ ਸੀ, ਉਹੀ ਅਸੀਂ ਲਾਈ ਹੈ।
ਪੀੜਤ ਨੇ ਦੋਸ਼ ਲਾਇਆ ਕਿ 4 ਜਨਵਰੀ 2018 ਨੂੰ ਮੈਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਸਾਹਮਣੇ ਪੇਸ਼ ਹੋ ਕੇ ਵੀ ਗੁਹਾਰ ਲਾਈ। ਡਿਪਟੀ ਕਮਿਸ਼ਨਰ ਨੇ ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਨੂੰ ਨਿਰਦੇਸ਼ ਦਿੱਤਾ ਸੀ ਕਿ ਸਮੱਸਿਆ ਦਾ ਹੱਲ ਕੀਤਾ ਜਾਵੇ ਪਰ ਇਸ ਦੇ ਬਾਵਜੂਦ ਅੱਜ ਤੱਕ ਕੁਝ ਨਹੀਂ ਹੋਇਆ। ਨਾ ਤਾਂ ਸਕੂਲ ਅਤੇ ਨਾ ਹੀ ਸਿੱਖਿਆ ਵਿਭਾਗ ਉਸ ਦੀ ਗੱਲ ਸੁਣਨ ਨੂੰ ਤਿਆਰ ਹੈ। ਸਕੂਲ ਪ੍ਰਬੰਧਕਾਂ ਦੀ ਗਲਤੀ ਦੀ ਸਜ਼ਾ ਉਸ ਨੂੰ ਮਿਲ ਰਹੀ ਹੈ ਅਤੇ ਉਸ ਨੂੰ ਕਿਤੇ ਦਾਖ਼ਲਾ ਨਹੀਂ ਮਿਲ ਰਿਹਾ। 
ਪੀੜਤ ਗਗਨਦੀਪ ਨੇ ਡਿਪਟੀ ਕਮਿਸ਼ਨਰ, ਸਕੱਤਰ ਸਿੱਖਿਆ ਵਿਭਾਗ, ਸਿੱਖਿਆ ਮੰਤਰੀ ਪੰਜਾਬ ਤੋਂ ਗੁਹਾਰ ਲਾਈ ਹੈ ਕਿ ਉਸ ਦਾ ਦਸਵੀਂ ਦੀ ਪ੍ਰੀਖਿਆ ਦਾ ਸਰਟੀਫਿਕੇਟ ਠੀਕ ਕੀਤਾ ਜਾਵੇ ਤਾਂ ਕਿ ਉਸ ਦਾ ਭਵਿੱਖ ਖਰਾਬ ਨਾ ਹੋਵੇ।
ਕੀ ਕਹਿੰਦੇ ਹਨ ਜ਼ਿਲਾ ਸਿੱਖਿਆ ਅਧਿਕਾਰੀ
ਇਸ ਸਬੰਧੀ ਜ਼ਿਲਾ ਸਿੱਖਿਆ ਅਧਿਕਾਰੀ ਗੁਰਦਾਸਪੁਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਸਬੰਧਤ ਸਕੂਲ ਨੂੰ ਸਮੱਸਿਆ ਦਾ ਹੱਲ ਕਰਨ ਨੂੰ ਕਿਹਾ ਗਿਆ ਹੈ। ਜਲਦ ਗਗਨਦੀਪ ਦਾ ਸਰਟੀਫਿਕੇਟ ਠੀਕ ਕਰਵਾਇਆ ਜਾਵੇਗਾ। 


Related News