ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਰੰਭੀ ਦਸਤਖ਼ਤੀ ਮੁਹਿੰਮ ਵਿਸ਼ਵ ਪੱਧਰ ਤੱਕ ਲਿਜਾਣ ਦਾ ਐਲਾਨ
Thursday, Dec 01, 2022 - 10:44 PM (IST)
ਅੰਮ੍ਰਿਤਸਰ (ਗੁਰਿੰਦਰ ਸਾਗਰ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਦਾ ਅੱਜ ਵਿਸ਼ਾਲ ਪੱਧਰ ’ਤੇ ਆਗਾਜ਼ ਕਰਦਿਆਂ ਇਸ ਨੂੰ ਅਗਲੇ ਦਿਨਾਂ 'ਚ ਪੂਰੇ ਦੇਸ਼ ਵਿੱਚ ਫੈਲਾਉਣ ਅਤੇ ਆਨਲਾਈਨ ਗੂਗਲ ਫਾਰਮ ਰਾਹੀਂ ਵਿਸ਼ਵ ਤੱਕ ਲਿਜਾਣ ਦਾ ਐਲਾਨ ਕੀਤਾ ਹੈ। ਅੱਜ ਇਸ ਮੁਹਿੰਮ ਤਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਸਮੇਤ ਪੰਜਾਬ ਅਤੇ ਹਰਿਆਣਾ ਦੇ ਕਰੀਬ 25 ਗੁਰਦੁਆਰਾ ਸਾਹਿਬਾਨ ’ਚ ਕੇਂਦਰ ਸਥਾਪਤ ਕਰਕੇ ਸੰਗਤਾਂ ਪਾਸੋਂ ਪ੍ਰੋਫਾਰਮੇ ਭਰਵਾਉਣ ਦਾ ਕਾਰਜ ਆਰੰਭ ਕੀਤਾ ਗਿਆ। ਇੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਸਰਾਂ ਨੇੜੇ ਬਣਾਏ ਕੇਂਦਰ ਤੋਂ ਦਸਤਖ਼ਤੀ ਮੁਹਿੰਮ ਦੀ ਆਰੰਭਤਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਰਦਾਸ ਉਪਰੰਤ ਕੀਤੀ, ਜਦਕਿ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਸਰਚ ਆਪ੍ਰੇਸ਼ਨ ਦੌਰਾਨ BSF ਜਵਾਨ ਟੱਪ ਗਿਆ ਬਾਰਡਰ, ਪਾਕਿ ਰੇਂਜਰਜ਼ ਨੇ ਕੀਤੀ ਇਹ ਕਾਰਵਾਈ
ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਆਖਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਸਿੱਖ ਕੌਮ ਦਾ ਬੇਹੱਦ ਅਹਿਮ ਮਸਲਾ ਹੈ, ਜਿਸ ਲਈ ਲੋਕ ਲਹਿਰ ਸਿਰਜਣ ਵਾਸਤੇ ਦਸਤਖ਼ਤੀ ਮੁਹਿੰਮ ਨਿਰਣਾਇਕ ਸਾਬਤ ਹੋਵੇਗੀ। ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ ਬੀਤੇ ਲੰਮੇ ਅਰਸੇ ਤੋਂ ਆਵਾਜ਼ ਬੁਲੰਦ ਕਰ ਰਹੀ ਹੈ ਅਤੇ ਇਸ ਤਹਿਤ ਕਾਨੂੰਨੀ ਚਾਰਾਜੋਈ ਦੇ ਨਾਲ-ਨਾਲ ਹਰ ਪੱਧਰ ’ਤੇ ਯਤਨ ਕੀਤੇ ਗਏ ਹਨ। ਮੌਜੂਦਾ ਸਮੇਂ ਸਰਕਾਰਾਂ ਵੱਲੋਂ ਇਸ ਸਬੰਧ ਵਿੱਚ ਅਪਣਾਇਆ ਗਿਆ ਨਾਂਹ-ਪੱਖੀ ਰਵੱਈਆ ਸਿੱਖ ਕੌਮ ਨਾਲ ਵੱਡੀ ਬੇਇਨਸਾਫ਼ੀ ਹੈ। ਸਿੱਖ ਕੌਮ ਵੱਲੋਂ ਦੇਸ਼ ਲਈ ਵੱਡੀਆਂ ਕੁਰਬਾਨੀਆਂ ਦੇ ਬਾਵਜੂਦ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਸਰਕਾਰਾਂ ਦੀ ਪੱਖਪਾਤੀ ਨੀਤੀ ਸਾਫ਼ ਨਜ਼ਰ ਆ ਰਹੀ ਹੈ ਅਤੇ ਜਾਣਬੁੱਝ ਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦਿਆਂ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ।
ਇਹ ਵੀ ਪੜ੍ਹੋ : ਸਾਂਝੀ ਕੰਧ ਦੇ ਝਗੜੇ ਨੇ ਖ਼ਤਮ ਕੀਤੀ ਜ਼ਿੰਦਗੀ, 10,000 ਪਿੱਛੇ ਬਜ਼ੁਰਗ ਨੂੰ ਗੰਡਾਸਾ ਮਾਰ ਉਤਾਰਿਆ ਮੌਤ ਦੇ ਘਾਟ
'ਆਨਲਾਈਨ ਮਾਧਿਅਮ ਰਾਹੀਂ ਦੁਨੀਆ ਭਰ ਦੇ ਲੋਕ ਬਣਨਗੇ ਦਸਤਖ਼ਤੀ ਮੁਹਿੰਮ ਦਾ ਹਿੱਸਾ'
ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ ਅਰਸੇ ’ਚ ਕੀਤੇ ਯਤਨਾਂ ਦੀ ਲਗਾਤਾਰਤਾ ’ਚ ਦਸਤਖ਼ਤੀ ਮੁਹਿੰਮ ਅੱਗੇ ਵਧਾਈ ਗਈ ਹੈ ਅਤੇ ਆਸ ਹੈ ਕਿ ਇਸ ਨਾਲ ਸਰਕਾਰਾਂ ਦੇ ਬੰਦ ਕੰਨ ਜ਼ਰੂਰ ਖੁੱਲ੍ਹਣਗੇ। ਅੱਜ ਇਕੋ ਸਮੇਂ 25 ਗੁਰਦੁਆਰਾ ਸਾਹਿਬਾਨ ਤੋਂ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਅਗਲੇ ਦਿਨਾਂ ਵਿੱਚ ਇਸ ਨੂੰ ਸਿੱਖ ਮਿਸ਼ਨਾਂ ਰਾਹੀਂ ਵੱਖ-ਵੱਖ ਸੂਬਿਆਂ ਵਿੱਚ ਸਰਗਰਮ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਭਾਵੇਂ ਇਸ ਨੂੰ ਦੇਸ਼ ਵਿਆਪੀ ਮੁਹਿੰਮ ਦੇ ਤੌਰ ’ਤੇ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਸੀ ਪਰ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਅੱਜ ਦੇ ਡਿਜੀਟਲ ਮਾਧਿਅਮ ਦੀ ਵਰਤੋਂ ਨਾਲ ਇਸ ਦੀ ਪਹੁੰਚ ਹੁਣ ਵਿਸ਼ਵ ਪੱਧਰ ਤੱਕ ਬਣਾਈ ਜਾਵੇਗੀ। ਇਸ ਦਸਤਖ਼ਤੀ ਮੁਹਿੰਮ ਤਹਿਤ ਭਰਵਾਏ ਜਾਣ ਵਾਲੇ ਪ੍ਰੋਫਾਰਮੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਛਪਵਾਏ ਜਾਣਗੇ ਤਾਂ ਜੋ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਲੋਕ ਦਸਤਖ਼ਤੀ ਮੁਹਿੰਮ ਨੂੰ ਨੇੜਿਓਂ ਸਮਝ ਕੇ ਇਸ ਵਿੱਚ ਸ਼ਾਮਲ ਹੋ ਸਕਣ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਤੋਂ ਲੋਕਾਂ ਨੂੰ ਇਸ ਦਸਤਖ਼ਤੀ ਮੁਹਿੰਮ ਨਾਲ ਜੋੜਨ ਲਈ ਇਕ ਵਿਸ਼ੇਸ਼ ਆਨਲਾਈਨ ਗੂਗਲ ਫਾਰਮ ਤਿਆਰ ਕੀਤਾ ਗਿਆ ਹੈ, ਜਿਸ ਨੂੰ ਭਰਨ ਲਈ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਮੰਚਾਂ ’ਤੇ ਲਿੰਕ ਮੁਹੱਈਆ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ : 90 ਹਜ਼ਾਰ ਦੀ ਲੁੱਟ ਦੀ ਵਾਰਦਾਤ 12 ਘੰਟਿਆਂ 'ਚ ਸੁਲਝਾਈ, 3 ਮੁਲਜ਼ਮ ਕਾਬੂ
ਇਸ ਦੌਰਾਨ ਐਡਵੋਕੇਟ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਕ ਕਾਨੂੰਨੀ ਮਾਹਿਰਾਂ ਦੀ ਕਮੇਟੀ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਵਿਸ਼ਵ ਵਿਆਪੀ ਲਹਿਰ ਸਿਰਜਣ ਦੇ ਨਾਲ-ਨਾਲ ਕਾਨੂੰਨੀ ਚਾਰਾਜੋਈ ਵਿੱਚ ਵੀ ਢਿੱਲ ਨਹੀਂ ਛੱਡੀ ਜਾਵੇਗੀ। ਇਸ ਸਬੰਧੀ ਵਕੀਲਾਂ ਦਾ 4 ਮੈਂਬਰੀ ਪੈਨਲ ਕਾਰਜ ਕਰੇਗਾ, ਜਿਸ ਵਿੱਚ ਸੀਨੀਅਰ ਵਕੀਲ ਐਡਵੋਕੇਟ ਪੂਰਨ ਸਿੰਘ ਹੁੰਦਲ, ਐਡਵੋਕੇਟ ਪਰਮਜੀਤ ਸਿੰਘ ਥਿਆੜਾ, ਐਡਵੋਕੇਟ ਬਲਦੇਵ ਸਿੰਘ ਢਿੱਲੋਂ ਅਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਸ਼ਾਮਲ ਕੀਤੇ ਗਏ ਹਨ। ਇਸ ਵਿੱਚ ਹੋਰ ਨਾਮਵਰ ਵਕੀਲਾਂ ਨੂੰ ਸ਼ਾਮਲ ਕਰਨ ਦੇ ਬਦਲ ਵੀ ਮੌਜੂਦ ਰਹਿਣਗੇ। ਉਨ੍ਹਾਂ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੀਆਂ ਸਾਰੀਆਂ ਜਥੇਬੰਦੀਆਂ ਦੇ ਨਾਲ-ਨਾਲ ਸਿੱਖ ਪੰਥ ਦੀਆਂ ਜਥੇਬੰਦੀਆਂ ਅਤੇ ਸਭਾ-ਸੁਸਾਇਟੀਆਂ ਤੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਦਾ ਹਿੱਸਾ ਬਣਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।