ਸਿੱਧੂ ਮੂਸੇਵਾਲਾ ਦਾ ਹੋਇਆ ਪੋਸਟਮਾਰਟਮ, ਭਲਕੇ ਕੀਤਾ ਜਾਵੇਗਾ ਅੰਤਿਮ ਸੰਸਕਾਰ (ਵੀਡੀਓ)
Monday, May 30, 2022 - 07:01 PM (IST)
 
            
            ਮਾਨਸਾ : ਪਿਤਾ ਦੀ ਸਹਿਮਤੀ ਤੋਂ ਬਾਅਦ ਅੱਜ ਸਿੱਧੂ ਮੂਸੇਵਾਲਾ ਦਾ ਪੋਸਟਮਾਰਟਮ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਦਾ ਅੰਤਿਮ ਸੰਸਕਾਰ ਭਲਕੇ ਮੰਗਲਵਾਰ ਨੂੰ ਕੀਤਾ ਜਾਵੇਗਾ। ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਮਾਨਸਾ ਦੇ ਲੋਕ ਭੜਕੇ ਹੋਏ ਹਨ। ਲੋਕ ਸਿਵਲ ਹਸਪਤਾਲ ਦੇ ਬਾਹਰ ਧਰਨੇ 'ਤੇ ਬੈਠੇ ਹਨ ਅਤੇ ਬਾਜ਼ਾਰ ਵੀ ਬੰਦ ਹਨ। ਸੂਤਰਾਂ ਮੁਤਾਬਕ ਸਿੱਧੂ ਮੂਸੇਵਾਲਾ ਦੇ ਸਰੀਰ 'ਤੇ ਕਰੀਬ ਦੋ ਦਰਜਨ ਤੋਂ ਵੱਧ ਗੋਲੀਆਂ ਦੇ ਨਿਸ਼ਾਨ ਮਿਲੇ ਹਨ ਅਤੇ ਜ਼ਿਆਦਾ ਖੂਨ ਵਗਣ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ। ਸੂਤਰਾਂ ਮੁਤਾਬਕ ਸਿੱਧੂ ਦੇ ਅੰਦਰੂਨੀ ਅੰਗਾਂ ਤੋਂ ਇਲਾਵਾ ਦਿਮਾਗ 'ਚ ਵੀ ਗੋਲੀ ਲੱਗੀ ਹੈ। ਉਸ ਦੇ ਵਿਸਰਾ ਦੇ ਨਮੂਨੇ ਅਗਲੇਰੀ ਜਾਂਚ ਲਈ ਭੇਜ ਦਿੱਤੇ ਗਏ ਹਨ ਅਤੇ ਪੋਸਟਮਾਰਟਮ ਦੇ ਨਤੀਜੇ ਅਜੇ ਤੱਕ ਪੁਲਸ ਨਾਲ ਸਾਂਝੇ ਨਹੀਂ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਗਾਇਕ ਦੇ ਪੋਸਟਮਾਰਟਮ ਲਈ 5 ਡਾਕਟਰਾਂ ਦਾ ਪੈਨਲ ਬਣਾਇਆ ਗਿਆ ਸੀ। ਪੈਨਲ 'ਚ ਮਾਨਸਾ, ਫਰੀਦਕੋਟ ਮੈਡੀਕਲ ਕਾਲਜ, ਰਾਜਿੰਦਰਾ ਮੈਡੀਕਲ ਕਾਲਜ ਦੇ ਡਾਕਟਰ ਅਤੇ ਫੋਰੈਂਸਿਕ ਮਾਹਿਰਾਂ ਨੂੰ ਸ਼ਾਮਲ ਕੀਤਾ ਗਿਆ ਸੀ। ਜਾਂਚ ਟੀਮ ਦੇ ਅਧਿਕਾਰੀ ਵੀ ਇਸ ਟੀਮ ਵਿੱਚ ਸ਼ਾਮਲ ਸਨ। ਪੋਸਟਮਾਰਟਮ ਤੋਂ ਬਾਅਦ ਡੈੱਡ ਬਾਡੀ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਉਸ ਦੇ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ।


 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            