ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ, ਕਿਹਾ ਸਿੱਧੂ ਮੂਸੇਵਾਲਾ ਦੇ ਕਾਤਲ ਜਲਦੀ ਸਲਾਖਾਂ ਪਿੱਛੇ ਹੋਣਗੇ

Friday, Jun 03, 2022 - 04:18 PM (IST)

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ, ਕਿਹਾ ਸਿੱਧੂ ਮੂਸੇਵਾਲਾ ਦੇ ਕਾਤਲ ਜਲਦੀ ਸਲਾਖਾਂ ਪਿੱਛੇ ਹੋਣਗੇ

ਮਾਨਸਾ (ਸੰਦੀਪ ਮਿੱਤਲ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦਾਅਵਾ ਕੀਤਾ ਕਿ ਮਸ਼ਹੂਰ ਗਾਇਕ ਸ਼ੁੱਭਦੀਪ ਸਿੰਘ ( ਸਿੱਧੂ ਮੂਸੇਵਾਲਾ ) ਦੇ ਕਾਤਲ ਜਲਦੀ ਸਲਾਖਾਂ ਪਿੱਛੇ ਹੋਣਗੇ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਿੱਧੂ ਮੂਸੇਵਾਲਾ ਦੇ ਜੱਦੀ ਪਿੰਡ ਪੁੱਜੇ ਮੁੱਖ ਮੰਤਰੀ ਨੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਭਰੋਸਾ ਦਿੱਤਾ ਕਿ ਪੁਲਸ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਅਹਿਮ ਸਬੂਤ ਮਿਲੇ ਹਨ ਅਤੇ ਉਹ ਦਿਨ ਦੂਰ ਨਹੀਂ , ਜਦੋਂ ਇਸ ਘਿਨਾਉਣੇ ਕਤਲ ਦੇ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।

ਇਹ ਵੀ ਪੜ੍ਹੋ- ਮੂਸੇਵਾਲਾ ਕਤਲ ਕਾਂਡ 'ਚ ਗਿਫ਼ਤਾਰੀਆਂ ਜਾਰੀ, ਖੰਘਾਲੀ ਜਾ ਰਹੀ CCTV ਫੁਟੇਜ , ਫ਼ਿਲਹਾਲ ਪੁਲਸ ਦੇ ਹੱਥ ਖ਼ਾਲੀ

ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਇਕ ਪ੍ਰਤੀਭਾਸ਼ਾਲੀ ਕਲਾਕਾਰ ਸੀ, ਜਿਸ ਕੋਲ ਹਰੇਕ ਨੂੰ ਕੀਲ੍ਹਣ ਵਾਲੀ ਆਵਾਜ਼ ਤੇ ਕਮਾਲ ਦੀ ਸਿਰਜਣਾਤਮਕਤਾ ਸੀ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੀ ਅਚਨਚੇਤੀ ਤੇ ਦੁਖਦ ਮੌਤ ਨਾਲ ਸੰਗੀਤ ਜਗਤ ਨੂੰ ਅਤੇ ਖ਼ਾਸ ਤੌਰ 'ਤੇ ਉਸ ਦੇ ਪ੍ਰਸੰਸਕਾਂ ਨੂੰ ਵੱਡਾ ਝਟਕਾ ਲੱਗਿਆ ਹੈ। ਭਗਵੰਤ ਮਾਨ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਇਸ ਦੁੱਖ ਦੀ ਘੜੀ ਵਿਚ ਸੂਬਾ ਸਰਕਾਰ ਉਨ੍ਹਾਂ ਨਾਲ ਖੜ੍ਹੀ ਹੈ ਅਤੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਛੇਤੀ ਤੋਂ ਛੇਤੀ ਫੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਇਹ ਵੀ ਪੜ੍ਹੋ- ਪਿੰਡ ਮੂਸਾ ਪਹੁੰਚੇ CM ਭਗਵੰਤ ਮਾਨ, ਮੂਸੇਵਾਲਾ ਦੇ ਪਰਿਵਾਰ ਨਾਲ ਵੰਡਾਉਣਗੇ ਦੁੱਖ

ਪੰਜਾਬੀਅਤ ਤੇ ਇਨਸਾਨੀਅਤ ਨੂੰ ਆਪਣੀ ਸਭ ਤੋਂ ਪਹਿਲੀ ਤਰਜੀਹ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿਚ ਸਿਆਸਤ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਭਗਵੰਤ ਮਾਨ ਨੇ ਝੋਰਾ ਪ੍ਰਗਟਾਇਆ ਕਿ ਕੁੱਝ ਲੋਕ ਇਸ ਨੌਜਵਾਨ ਗਾਇਕ ਦੀ ਦੁਖਦ ਹੱਤਿਆ ਉਤੇ ਬੇਸ਼ਰਮੀ ਨਾਲ ਸਿਆਸਤ ਕਰ ਰਹੇ ਹਨ, ਜਿਹੜੀ ਬੇਲੋੜੀ ਤੇ ਇਤਰਾਜ਼ਯੋਗ ਹੈ। ਉਨ੍ਹਾਂ ਕਿਹਾ ਕਿ ਇਹ ਉਹੀ ਲੋਕ ਹਨ, ਜਿਹੜੇ ਪਹਿਲਾਂ ਇਸ ਮਹਾਨ ਗਾਇਕ ਦੀ ਵੱਖ-ਵੱਖ ਮਸਲਿਆਂ ਉਤੇ ਜ਼ੋਰ-ਸ਼ੋਰ ਨਾਲ ਆਲੋਚਨਾ ਕਰਦੇ ਸਨ ਪਰ ਹੁਣ ਘਟੀਆ ਪ੍ਰਚਾਰ ਲਈ ਮਗਰਮੱਛ ਦੇ ਹੰਝੂ ਵਹਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪਹਿਲਾਂ ਹੀ ਅਜਿਹੇ ਘੜੰਮ ਚੌਧਰੀ ਲੀਡਰਾਂ ਦੇ ਕੋਝੇ ਹਥਕੰਡਿਆਂ ਤੋਂ ਵਾਕਫ਼ ਹਨ ਅਤੇ ਉਹ ਇਨ੍ਹਾਂ ਦੇ ਛਲਾਵੇ ਵਿੱਚ ਨਹੀਂ ਆਉਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਡੀ.ਜੀ.ਪੀ. ਨੂੰ ਪਹਿਲਾਂ ਹੀ ਇਸ ਕੇਸ ਦੀ ਜਾਂਚ ਤੇਜ਼ ਕਰਨ ਲਈ ਕਹਿ ਦਿੱਤਾ ਹੈ ਤਾਂ ਕਿ ਦੋਸ਼ੀਆਂ ਨੂੰ ਫੜਿਆ ਜਾ ਸਕੇ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਪਰਿਵਾਰ ਦੀ ਮੰਗ ਉਤੇ ਉਨ੍ਹਾਂ ਪਹਿਲਾਂ ਹੀ ਇਸ ਮਾਮਲੇ ਦੀ ਹਾਈਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ ਵਿਚ ਨਿਆਇਕ ਜਾਂਚ ਲਈ ਕਾਰਵਾਈ ਸ਼ੂਰੂ ਕਰ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਇਸ ਕਤਲ ਦੇ ਅਪਰਾਧੀਆਂ ਨੂੰ ਫੜਨ ਲਈ ਸ਼ੁਰੂ ਤੋਂ ਪੂਰੇ ਜ਼ੋਰ-ਸ਼ੋਰ ਨਾਲ ਕੋਸ਼ਿਸ਼ਾਂ ਕਰ ਰਹੀ ਹੈ।

ਇਹ ਵੀ ਪੜ੍ਹੋ- ਮੂਸੇ ਵਾਲਾ ਦੇ ਸੁਰੱਖਿਆ ਮੁਲਾਜ਼ਮਾਂ ਦਾ ਖ਼ੁਲਾਸਾ, ਦੱਸਿਆ ਘਟਨਾ ਵਾਲੇ ਦਿਨ ਕਿਉਂ ਬਿਨਾਂ ਸਕਿਓਰਿਟੀ ਦੇ ਗਿਆ 'ਸਿੱਧੂ'

ਸਿੱਧੂ ਮੂਸੇਵਾਲਾ ਦੀ ਹੱਤਿਆ ਉਤੇ ਦੁੱਖ ਪ੍ਰਗਟ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਮੌਤ ਸੂਬੇ ਲਈ ਵੱਡਾ ਘਾਟਾ ਹੈ ਅਤੇ ਪਰਮਾਤਮਾ ਤੋਂ ਬਖ਼ਸ਼ਿਸ਼ ਪ੍ਰਾਪਤ ਇਸ ਕਲਾਕਾਰ ਦੀ ਹੱਤਿਆ ਨਾਲ ਜਿਹੜਾ ਘਾਟਾ ਪਿਆ ਹੈ, ਉਸ ਨੂੰ ਕਦੇ ਪੂਰਿਆ ਨਹੀਂ ਜਾ ਸਕਦਾ। ਮੁੱਖ ਮੰਤਰੀ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਇਸ ਮੌਕੇ ਆਈ.ਜੀ ਜਸਕਰਨ ਸਿੰਘ,  ਆਈ.ਜੀ ਪ੍ਰਦੀਪ ਕੁਮਾਰ , ਜ਼ਿਲਾ ਪੁਲਸ ਮੁੱਖੀ ਗੌਰਵ ਤੁਰਾ, ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ , ਵਿਧਾਇਕ ਬੁੱਧ ਰਾਮ, 'ਆਪ' ਜ਼ਿਲਾ ਪ੍ਰਧਾਨ ਚਰਨਜੀਤ ਅੱਕਾਂਵਾਲੀ, ਸੀਨੀਅਰ 'ਆਪ' ਆਗੂ ਗੁਰਪ੍ਰੀਤ ਸਿੰਘ ਭੁੱਚਰ, ਐਡਵੋਕੇਟ ਰਣਦੀਪ ਸਿੰਘ ਜ਼ਿਲਾ ਪ੍ਰਧਾਨ ਲੀਗਲ ਸੈਲ ਆਪ, ਰਮੇਸ਼ ਸ਼ਰਮਾ ਖਿਆਲਾ ਜ਼ਿਲਾ ਪ੍ਰਧਾਨ ਟਰਾਂਸਪੋਰਟ ਵਿੰਗ ਆਪ ਵੀ ਹਾਜ਼ਰ ਸਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News