ਸਿੱਧੂ ਮੂਸੇਵਾਲਾ ਦੇ ਮਾਪਿਆਂ ਦੀ ਖੁੱਲ੍ਹੀ ਚਿਤਾਵਨੀ, ਲਿਆ ਜਾਵੇਗਾ ਪੁੱਤਰ ਦੇ ਕਤਲ ਦਾ ਹਿਸਾਬ
Monday, Aug 29, 2022 - 10:53 AM (IST)
ਮਾਨਸਾ(ਸੰਦੀਪ ਮਿੱਤਲ) : ਜੇਕਰ ਸਰਕਾਰ ਚਾਹੁੰਦੀ ਤਾਂ ਸਾਨੂੰ ਇਨਸਾਫ਼ ਮਿਲਣ ਵਿਚ ਦੇਰ ਨਾ ਹੁੰਦੀ ਪਰ ਸਰਕਾਰ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ। ਇਹ ਗੱਲ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਬੀਤੇ ਦਿਨ ਪਿੰਡ ਮੂਸਾ ਵਿਚ ਆਪਣੇ ਘਰ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਤੋਂ ਹੁਣ ਬਿਲਕੁਲ ਨਾ ਉਮੀਦ ਹੋ ਚੁੱਕੇ ਹਾਂ ਕਿਉਂਕਿ ਸਰਕਾਰ ਨੇ ਅਜੇ ਤਕ ਇਹ ਵੀ ਨਹੀਂ ਦੱਸਿਆ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਕਿਉਂ ਵਾਪਸ ਲਈ ਗਈ। ਉਲਟਾ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਵਾਪਸ ਲੈਣ ਵਾਲਿਆਂ ਨੂੰ ਵੱਡੇ ਅਹੁਦਿਆਂ ’ਤੇ ਬਿਠਾਇਆ ਹੈ।
ਇਹ ਵੀ ਪੜ੍ਹੋ- ਇਨਸਾਨੀਅਤ ਦੀ ਮਿਸਾਲ ਬਣਿਆ ਬਠਿੰਡਾ ਦਾ ਇਹ ਆਟੋ ਚਾਲਕ, ਜਜ਼ਬਾ ਅਜਿਹਾ ਕਿ ਤੁਸੀਂ ਵੀ ਕਰੋਗੇ ਸਲਾਮ
ਹੁਣ ਉਹ ਕੁੱਝ ਦਿਨ ਹੋਰ ਇੰਤਜ਼ਾਰ ਕਰਨਗੇ, ਜਿਸ ਤੋਂ ਬਾਅਦ ਆਪਣੇ ਪੁੱਤਰ ਦੇ ਕਤਲ ਦਾ ਹਿਸਾਬ ਲੈਣ ਲਈ ਸੜਕਾਂ ’ਤੇ ਉਤਰਨਗੇ। ਉਨ੍ਹਾਂ ਕਿਹਾ ਕਿ ਕੁੱਝ ਗਾਇਕ ਅਤੇ ਸੰਗੀਤ ਜਗਤ ਨਾਲ ਜੁੜੇ ਲੋਕ ਸਿੱਧੂ ਦੇ ਕਤਲ ’ਤੇ ਝੂਠੀ ਹਮਦਰਦੀ ਦਿਖਾ ਰਹੇ ਹਨ ਪਰ ਸਿੱਧੂ ਨੂੰ ਪ੍ਰੇਸ਼ਾਨ ਕਰਨ ਲਈ ਇਨ੍ਹਾਂ ਦਾ ਵੱਡਾ ਹੱਥ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਇਨਸਾਫ਼ ਲੈ ਕੇ ਰਹਿਣਗੇ। ਸਿੱਧੂ ਲਈ ਝੂਠੀ ਹਮਦਰਦੀ ਦਿਖਾਉਣ ਵਾਲਿਆਂ ਦੀ ਉਨ੍ਹਾਂ ਨੂੰ ਕੋਈ ਜ਼ਰੂਰਤ ਨਹੀਂ, ਉਹ ਖੁਦ ਸਿੱਧੂ ਦੇ ਪ੍ਰਸ਼ੰਸਕਾਂ ਦੇ ਸਹਾਰੇ ਸੜਕਾਂ ’ਤੇ ਉਤਰਨਗੇ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।