ਮੂਸੇਵਾਲਾ ਦੇ ਹਮਲਾਵਰਾਂ ਸਬੰਧੀ ਨਵੀਂ ਫੁਟੇਜ ਮਿਲਣ ਤੋਂ ਬਾਅਦ ਫੁਟਪ੍ਰਿੰਟ ਲੱਭ ਰਹੀ ਐੱਸ. ਆਈ. ਟੀ.
Sunday, Jun 05, 2022 - 07:47 PM (IST)
ਚੰਡੀਗੜ੍ਹ/ਮਾਨਸਾ (ਰਮਨਜੀਤ ਸਿੰਘ) : ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਕਤਲ ਤੋਂ ਬਾਅਦ ਉਸ ਦੇ ਹਮਲਾਵਰ ਕਿਹੜੇ ਰਸਤੇ ਗਏ ਅਤੇ ਕਿਹੜੀਆਂ-ਕਿਹੜੀਆਂ ਗੱਡੀਆਂ ਬਦਲੀਆਂ, ਇਸ ਸਭ ਦੀ ਖੋਜ ਕੀਤੀ ਜਾ ਰਹੀ ਹੈ। ਕਤਲ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਵਲੋਂ ਪੰਜਾਬ ਅਤੇ ਹਰਿਆਣਾ ਦੇ ਕਈ ਥਾਣਿਆਂ ਦੀਆਂ ਪੁਲਸ ਟੀਮਾਂ ਨੂੰ ਉਨ੍ਹਾਂ ਦੇ ਇਲਾਕਿਆਂ ਦੇ ਸਟੈਟਰਜਿਕ ਪੁਆਂਇੰਟਸ ’ਤੇ ਲੱਗੇ ਹੋਏ ਕੈਮਰਿਆਂ ਤੋਂ ਸੁਰਾਗ ਲੱਭਣ ਵਿਚ ਲਗਾਇਆ ਹੋਇਆ ਹੈ।
ਇਹ ਵੀ ਪੜ੍ਹੋ : ਮੌਤ ਤੋਂ ਬਾਅਦ ਵੀ ਬੁਲੰਦੀ ਦੀਆਂ ਸਿਖ਼ਰਾਂ ’ਤੇ ਸਿੱਧੂ ਮੂਸੇਵਾਲਾ, 7 ਦਿਨਾਂ ’ਚ 151 ਦੇਸ਼ਾਂ ’ਚ ਕੀਤਾ ਗਿਆ ਗੂਗਲ ਸਰਚ
ਧਿਆਨ ਰਹੇ ਕਿ ਪਿੰਡ ਜਵਾਹਰਕੇ ਵਿਚ ਮੂਸੇਵਾਲਾ ’ਤੇ ਹਮਲਾ ਕਰਨ ਤੋਂ ਬਾਅਦ ਹਮਲਾਵਰਾਂ ਨੇ ਬਰਨਾਲਾ-ਖਾਰਾ ਰੋਡ ਵੱਲ ਪੁੱਜਦੇ ਹੀ ਇਕ ਆਲਟੋ ਕਾਰ ਖੋਹੀ ਸੀ। ਇਹ ਕਾਰ ਰਤੀਆ ਦੇ ਨਜ਼ਦੀਕੀ ਪਿੰਡ ਭੁੰਦੜਵਾਸ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਸੀ। ਗੱਡੀ ਖੋਹੇ ਜਾਣ ਤੋਂ ਬਾਅਦ ਮੁਲਜ਼ਮਾਂ ਵਲੋਂ ਬੱਪੀਆਣਾ, ਭੀਖੀ, ਧਨੌਲਾ, ਸ਼ਹਿਣਾ ਤੋਂ ਮੋਗਾ ਦਾ ਰੂਟ ਲਿਆ ਹੋਣ ਦੀ ਸੰਭਾਵਨਾ ਬਣੀ ਹੈ। ਇਸ ਲਈ ਇਸ ਪੂਰੇ ਰੂਟ ’ਤੇ ਪੈਂਦੇ ਥਾਣਿਆਂ ਨੂੰ ਟੀਮਾਂ ਬਣਾ ਕੇ ਰਸਤੇ ਵਿਚ ਪੈਂਦੇ ਸਾਰੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰਨ ਅਤੇ ਆਲਟੋ ਨੂੰ ਟ੍ਰੇਸ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਪਤਾ ਲੱਗ ਸਕੇ ਕਿ ਵਾਰਦਾਤ ਦੇ ਕਈ ਘੰਟਿਆਂ ਬਾਅਦ ਮੋਗੇ ਦੇ ਨਜ਼ਦੀਕ ਧਰਮਕੋਟ ਦੇ ਬਾਹਰੀ ਇਲਾਕੇ ਵਿਚ ਛੱਡੀ ਗਈ ਉਕਤ ਆਲਟੋ ਕਾਰ ਦੀ ਮਿਸਟਰੀ ਸੁਲਝਾਈ ਜਾ ਸਕੇ। ਪੁਲਸ ਨੂੰ ਇਸ ਤੋਂ ਇਹ ਵੀ ਸਪੱਸ਼ਟ ਹੋ ਜਾਵੇਗਾ ਕਿ ਮੋਗੇ ਦੇ ਇਲਾਕੇ ਵਿਚ ਪੁੱਜਣ ਤੱਕ ਆਲਟੋ ਵਿਚ ਕਿੰਨੇ ਹਮਲਾਵਰ ਸਨ ਕਿਉਂਕਿ ਇਹ ਵੀ ਕਿਆਸ ਲਗਾਇਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਪੁਲਸ ਨੂੰ ਚਕਮਾ ਦੇਣ ਲਈ ਰਸਤੇ ਵਿਚ ਹੋਰ ਗੱਡੀਆਂ ਦੀ ਸਵਾਰੀ ਕੀਤੀ ਅਤੇ ਆਪਣੇ ਇਕ ਗੁਰਗੇ ਨੂੰ ਉਕਤ ਆਲਟੋ ਦੇ ਕੇ ਮੋਗਾ ਵੱਲ ਭੇਜ ਦਿੱਤਾ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੋਰ ਵਧਿਆ ਗੈਂਗਵਾਰ ਦਾ ਖ਼ਤਰਾ, ਦਵਿੰਦਰ ਬੰਬੀਹਾ ਗਰੁੱਪ ਨੇ ਫਿਰ ਦਿੱਤੀ ਧਮਕੀ
ਉਥੇ ਹੀ ਦੂਜੇ ਪਾਸੇ ਫ਼ਤਹਿਾਬਾਦ ਦੇ ਇਲਾਕੇ ਵਿਚ ਮਿਲੀ ਸ਼ੱਕੀ ਬੋਲੇਰੋ ਗੱਡੀ ਦੀ ਫੁਟੇਜ ਵੀ ਇਸ ਗੱਲ ਵੱਲ ਇਸ਼ਾਰਾ ਕਰ ਰਹੀ ਹੈ ਕਿ ਵਾਰਦਾਤ ਤੋਂ ਬਾਅਦ ਹਮਲਾਵਰ ਟੁਕੜਿਆਂ ਵਿਚ ਅਲੱਗ ਗਏ ਸਨ ਅਤੇ ਪੁਲਸ ਵਲੋਂ ਪਿੱਛਾ ਕੀਤੇ ਜਾਣ ਤੋਂ ਬਚਣ ਲਈ ਵੱਖ-ਵੱਖ ਰਸਤਿਆਂ ਅਤੇ ਗੱਡੀਆਂ ਰਾਹੀਂ ਭੱਜੇ ਸਨ। ਐੱਸ.ਆਈ.ਟੀ. ਵਲੋਂ ਸਿੱਧੂ ਮੂਸੇਵਾਲਾ ਦੇ ਨਾਲ ਥਾਰ ਜੀਪ ਵਿਚ ਸਵਾਰ ਉਨ੍ਹਾਂ ਦੇ ਦੋਵਾਂ ਸਾਥੀਆਂ ਸਮੇਤ ਆਲਟੋ ਕਾਰ ਦੇ ਮਾਲਕ ਅਤੇ ਵਾਰਦਾਤ ਦੇ ਸਮੇਂ ਮਾਤਾ ਰਾਣੀ ਚੌਕ ਜਵਾਹਰਕੇ ਦੇ ਨਜ਼ਦੀਕ ਮੌਜੂਦ ਰਹੇ ਲੋਕਾਂ ਤੋਂ ਵੀ ਹਮਲਾਵਰਾਂ ਦੀ ਜਾਣਕਾਰੀ ਜੁਟਾਉਣ ਤੋਂ ਬਾਅਦ ਉਨ੍ਹਾਂ ਦੇ ਸਕੈੱਚ ਤਿਆਰ ਕਰਵਾਏ ਜਾ ਰਹੇ ਹਨ ਤਾਂ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਵਿਚ ਮਦਦ ਮਿਲ ਸਕੇ।
ਇਹ ਵੀ ਪੜ੍ਹੋ : ਨਾਭਾ ਜੇਲ ਵਾਂਗ ਗੈਂਗਸਟਰਾਂ ਵਲੋਂ ਬਠਿੰਡਾ ਜੇਲ ਬ੍ਰੇਕ ਕਰਨ ਦੀ ਸਾਜ਼ਿਸ਼, ਹਾਈ ਅਲਰਟ ਜਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।