ਵਿਵਾਦਾਂ 'ਚ ਘਿਰੇ ਸਿੱਧੂ ਮੂਸੇਵਾਲਾ, ਥਾਣੇ ਪੁੱਜਾ ਮਾਮਲਾ

09/20/2019 3:37:39 PM

ਮਾਨਸਾ (ਸੰਦੀਪ ਮਿੱਤਲ) : ਪੰਜਾਬੀ ਇੰਡਸਟ੍ਰੀ 'ਚ ਸਿੱਧੂ ਮੂਸੇਵਾਲਾ ਸਭ ਲਈ ਹਰਮਨ ਪਿਆਰਾ ਬਣ ਚੁੱਕਾ ਹੈ। ਸਿੱਧੂ ਦੇ ਸੰਗੀਤ ਖੇਤਰ 'ਚ ਆਉਣ ਦੇ ਨਾਲ-ਨਾਲ ਹੀ ਵਿਵਾਦ ਨੇ ਵੀ ਜਨਮ ਲੈ ਲਿਆ ਸੀ। 'ਜੀ ਵਾਗੋ' ਗੀਤ ਜੋ ਕਿ ਬਹੁਤ ਹੀ ਮਸ਼ਹੂਰ ਹੋਇਆ ਸੀ, ਉਸ ਗੀਤ ਕਾਰਨ ਪਹਿਲਾਂ ਵੀ ਬਹੁਤ ਵਿਵਾਦ ਉੱਠਿਆ ਸੀ ਕਿ ਸਿੱਧੂ ਮੂਸੇਵਾਲਾ ਹਥਿਆਰ ਵਾਲੇ ਗੀਤ ਗਾਉਂਦਾ ਹੈ। ਇਸ ਤੋਂ ਬਾਅਦ ਸਿੱਧੂ ਨੇ ਆਪਣੀ ਕਲਾਕਾਰੀ ਲੋਕਾਂ ਅੱਗੇ ਪੇਸ਼ ਕੀਤੀ। ਲੋਕ ਹੌਲੀ-ਹੌਲੀ ਉਸ ਨੂੰ ਸੁਣ ਕੇ ਉਸ ਦੇ ਰੰਗ 'ਚ ਰੰਗੇ ਗਏ। ਉਚੀਆਂ ਗੱਲਾਂ ਤੋਂ ਬਾਅਦ ਸਾਰੇ ਹੀ ਗੀਤ ਉਸ ਦੇ ਬਹੁਤ ਹੀ ਚਰਚਾ 'ਚ ਰਹੇ।

ਹਾਲ ਹੀ 'ਚ ਇਕ ਪੰਜਾਬੀ ਫਿਲਮ 'ਅੜਬ ਜੱਟੀਏ' 'ਚ ਇਕ ਗੀਤ ਸਿੱਧੂ ਮੂਸੇਵਾਲਾ ਦਾ ਵੀ ਆ ਰਿਹਾ ਹੈ। ਇਹ ਗੀਤ ਦਾ ਆਡੀਓ ਬੀਤੇ ਦਿਨੀਂ ਸਿੱਧੂ  ਮੂਸੇਵਾਲਾ ਨੇ ਆਪਣੇ ਹੀ ਚੈਨਲ 'ਤੇ ਪਾ ਦਿੱਤਾ ਸੀ। ਹੁਣ ਇੰਝ ਲੱਗ ਰਿਹਾ ਹੈ ਕਿ ਇਸ ਗੀਤ ਕਾਰਨ ਸਿੱਧੂ ਵਿਵਾਦਾਂ 'ਚ ਘਿਰਦਾ ਨਜ਼ਰ ਆ ਰਿਹਾ ਹੈ। ਅਸਲ 'ਚ ਇਸ ਗੀਤ 'ਚ 'ਮਾਤਾ ਭਾਗੋ ਜੀ' ਦਾ ਨਾਂ ਲਿਆ ਗਿਆ ਹੈ। ਸਿੱਖਾਂ ਵਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਫਿਲਹਾਲ ਤਾਂ ਇਹ ਗੀਤ ਨੂੰ ਪ੍ਰਾਈਵੇਟ ਕਰ ਦਿੱਤਾ ਗਿਆ ਹੈ। ਇਹ ਤਾਂ ਅਜੇ ਪਤਾ ਨਹੀਂ ਲੱਗ ਸਕਿਆ ਕਿ ਇਸ ਗੀਤ ਨੂੰ ਪ੍ਰਾਈਵੇਟ ਕਿਉਂ ਕੀਤਾ ਗਿਆ ਹੈ। ਇਹ ਤਾਂ ਹੁਣ ਗੀਤ ਰਿਲੀਜ਼ ਹੋਣ ਤੋਂ ਬਾਅਦ ਹੀ ਲੱਗੇਗਾ।

ਹੁਣ ਸਿੱਧੂ ਮੂਸੇਵਾਲਾ ਵਲੋਂ ਗਾਏ ਗਏ ਗੀਤ 'ਚ ਸਿੱਖ ਜਰਨੈਲ ਬੀਬੀ ਮਾਤਾ ਭਾਗੋ ਦੇ ਨਾਂ ਦੀ ਦੁਰਵਰਤੋਂ ਕਰਨ, ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਨ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਕਾਨੂੰਨੀ ਕਾਰਵਾਈ ਕਰਨ ਹਿੱਤ ਜ਼ਿਲਾ ਮਾਨਸਾ 'ਚ ਸਥਿਤ ਥਾਣਾ ਚੌਂਕੀ ਪੁਲਸ ਰਮਦਿੱਤੇਵਾਲਾ ਵਿਖੇ ਹਰਜਿੰਦਰ ਸਿੰਘ, ਸੁਖਚੈਨ ਸਿੰਘ ਅਤਲਾ ਵਲੋਂ ਕਾਰਵਾਈ ਲਈ ਸ਼ਿਕਾਇਤ ਕੀਤੀ ਗਈ ਹੈ। ਜਿਸ 'ਚ ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਵਲੋਂ ਅਜਿਹੀ ਹਰਕਤ ਕੀਤੇ ਜਾਣ ਨਾਲ ਸਿੱਖ ਧਰਮ ਨੂੰ ਡੂੰਘੀ ਸੱਟ ਲੱਗੀ ਹੈ। ਜਿਸ ਨੂੰ ਮੁੱਖ ਰੱਖਦਿਆਂ ਉਸ ਖਿਲਾਫ਼ ਤੁਰੰਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ ਅਤੇ ਇਸ ਗੀਤ 'ਤੇ ਤੁਰੰਤ ਰੋਕ ਲਗਾਈ ਜਾਵੇ ਨਹੀਂ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।


Anuradha

Content Editor

Related News