ਨਵਜੋਤ ਸਿੱਧੂ ਦਾ ਮੁੱਖ ਮੰਤਰੀ ’ਤੇ ਤਿੱਖਾ ਹਮਲਾ, ਕਿਹਾ-ਕੇਜਰੀਵਾਲ ਦਾ ਸੰਤਰੀ ਬਣ ਚੁੱਕਾ ਹੈ ਭਗਵੰਤ ਮਾਨ

Wednesday, Apr 27, 2022 - 03:54 PM (IST)

ਨਵਜੋਤ ਸਿੱਧੂ ਦਾ ਮੁੱਖ ਮੰਤਰੀ ’ਤੇ ਤਿੱਖਾ ਹਮਲਾ, ਕਿਹਾ-ਕੇਜਰੀਵਾਲ ਦਾ ਸੰਤਰੀ ਬਣ ਚੁੱਕਾ ਹੈ ਭਗਵੰਤ ਮਾਨ

ਪਟਿਆਲਾ : ਨਾਭਾ ਵਿਖੇ ਪਹੁੰਚੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ’ਤੇ ਪਹੁੰਚ ਕੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਲਾ ਕਿਹਾ। ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਨੂੰ ਸਵਾਲ ਕੀਤਾ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਉਨ੍ਹਾਂ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ 1 ਅਪ੍ਰੈਲ ਤੋਂ ਬਾਅਦ ਕੋਈ ਵੀ ਕਿਸਾਨ ਖ਼ੁਦਕੁਸ਼ੀ ਨਹੀਂ ਕਰੇਗਾ। ਸਿੱਧੂ ਨੇ ਕਿਹਾ ਕਿ ਹੁਣ ਤੱਕ 20-25 ਤੋਂ ਵੱਧ ਕਿਸਾਨਾਂ ਨੇ ਪਹਿਲਾਂ ਨਰਮੇ ਦੀ ਖ਼ਰਾਬ ਫ਼ਸਲ ਕਾਰਨ ਅਤੇ ਹੁਣ ਕਣਕ ’ਚੋਂ ਝਾੜ ਘੱਟ ਨਿਕਲਣ ਕਾਰਨ ਖ਼ੁਦਕੁਸ਼ੀ ਕਰ ਲਈ ਹੈ। ਉਨ੍ਹਾਂ ‘ਆਪ’ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਝੂਠ ਵੇਚ ਕੇ ਸੱਤਾ ’ਚ ਆਈ ਹੈ। ਸਿੱਧੂ ਨੇ ਕਿਹਾ ਕਿ ਜਿਹੜੇ ਵੀ ਕਿਸਾਨਾਂ ਵਲੋਂ ਖ਼ੁਦਕੁਸ਼ੀ ਕੀਤੀ ਜਾ ਰਹੀ ਹੈ ਭਗਵੰਤ ਮਾਨ ਵਲੋਂ ਕਿਸੇ ਦੇ ਵੀ ਘਰ ਜਾ ਕੇ ਮੁਆਵਜ਼ਾ ਤਾਂ ਕੀ ਦੇਣਾ ਅਫ਼ਸੋਸ ਵੀ ਨਹੀਂ ਕੀਤਾ ਗਿਆ, ਜਦਕਿ ਮਾਨ ਵਲੋਂ ਦਿੱਲੀ ਦੇ ਚੱਕਰ ਲਗਾਏ ਜਾ ਰਹੇ ਹਨ। ਸਿੱਧੂ ਨੇ ਕਿਹਾ ਕਿ ਉਹ ਲਗਾਤਾਰ ਕਿਸਾਨਾਂ ਦੇ ਦੁੱਖ ’ਚ ਸ਼ਾਮਿਲ ਹੋਣ ਜਾਂਦੇ ਹਨ ਅਤੇ ਅੱਜ ਵੀ ਉਹ ਪਟਿਆਲਾ ’ਚ ਕਿਸੇ ਕਿਸਾਨ ਦੇ ਸੰਸਕਾਰ ’ਤੇ ਚੱਲੇ ਹਨ। 

ਇਹ ਵੀ ਪੜ੍ਹੋ : ਅਬੋਹਰ ਤੋਂ ਦੁਖਦਾਇਕ ਖ਼ਬਰ, ਪਿਓ ਨੇ 9 ਸਾਲਾ ਪੁੱਤਰ ਸਮੇਤ ਨਹਿਰ 'ਚ ਮਾਰੀ ਛਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮੰਤਰੀ ਕੇਜਰੀਵਾਲ ਦਾ ਸੰਤਰੀ ਬਣ ਚੁੱਕਿਆ ਹੈ, ਕਿਉਂਕਿ ਉਸ ਵਲੋਂ ਪੰਜਾਬ ’ਚ ਕੁਝ ਵੀ ਲਾਗੂ ਕਰਨ ਤੋਂ ਪਹਿਲਾਂ ਦਿੱਲੀ ਦੀ ਸਰਕਾਰ ਤੋਂ ਇਜਾਜ਼ਤ ਲੈਣੀ ਪੈਂਦੀ ਹੈ। ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਦੇ 18 ਡਿਪਾਰਟਮੈਂਟ ਦਿੱਲੀ ਦੇ ਅਫ਼ਸਰਾਂ ਨੂੰ ਸੌਂਪ ਦਿੱਤੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਪੰਜਾਬ ’ਚ ‘ਆਪ’ ਵਲੋਂ 92 ਵਿਧਾਇਕ ਬਣੇ ਹਨ ਕੀ ਉਨ੍ਹਾਂ ’ਚੋਂ ਕੋਈ ਵੀ ਵਿਧਾਇਕ ਯੋਗ ਨਹੀਂ ਜੋ ਤੁਸੀਂ ਦਿੱਲੀ ਦੇ ਅਫਸਰਾਂ ਨੂੰ ਡਿਪਾਰਟਮੈਂਟ ਸੌਂਪੇ ਹਨ। 

ਇਹ ਵੀ ਪੜ੍ਹੋ : ਆਸਟ੍ਰੇਲੀਆ ’ਚ ਮੈਂਬਰ ਪਾਰਲੀਮੈਂਟ ਦੀ ਚੋਣ ਲੜਨ ਵਾਲਾ ਪਹਿਲਾ ਪੰਜਾਬੀ ਸਿੱਖ ਬਣਿਆ ਜੁਗਨਦੀਪ ਸਿੰਘ

ਬਿਜਲੀ ਦੀਆਂ 600 ਯੂਨਿਟ ਮੁਫਤ ਦੇਣ ਦੇ ਐਲਾਨ ’ਤੇ ਸਿੱਧੂ ਨੇ ਕਿਹਾ ਕਿ ਆਈ.ਐੱਸ. ਏ. ਅਫ਼ਸਰ ਨੇ ਦੱਸਿਆ ਕਿ ਪੀ.ਐੱਸ.ਪੀ.ਸੀ.ਐੱਲ. ਨੇ ਕਈ ਕਰੋੜ ਰੁਪਏ ਬੈਂਕਾਂ ਤੋਂ ਲੋਨ ਲਏ ਹਨ ਅਤੇ ਇਸ ਤੋਂ ਇਲਾਵਾ 24000 ਕਰੋੜ ਰੁਪਏ ਦੀਆਂ ਹੋਰ ਦੇਣਦਾਰੀਆਂ ਕਾਰਨ ਬਿਜਲੀ ਮੁਫ਼ਤ ਦੇਣਾ ਪੰਜਾਬ ਲਈ ਉੱਚਿਤ ਨਹੀਂ ਹੈ। ਸਿੱਧੂ ਨੇ ਕਿਹਾ ਕਿ ਜੇਕਰ ਲੋਕਾਂ ਦੇ ਦਬਾਅ ਕਾਰਨ ਬਿਜਲੀ ਮੁਫ਼ਤ ਕੀਤੀ ਤਾਂ ਕਈ ਕਈ ਲੰਬੇ ਬਿਜਲੀ ਦੇ ਕੱਟਾਂ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਬਿਨ੍ਹਾਂ ਕੋਈ ਨੋਟੀਫਿਕੇਸ਼ਨ ਕੀਤਿਆਂ ਹੀ ਭਗਵੰਤ ਮਾਨ ਦੇ ਹਰੇ ਪੈੱਨ ਦੀ ਸਿਆਹੀ ਕਿਉਂ ਮੁੱਕ ਗਈ ਹੈ। ਸਿੱਧੂ ਨੇ ਕਿਹਾ ਕਿ ਸਿਰਫ਼ ਕੋਟ ਪਾ ਕੇ ਫਿਰਨਾ ਨਾਲ ਹੀ ਬਦਲਾਅ ਨਹੀਂ ਹੋਣਾ, ਪੰਜਾਬ ਲਈ ਕੁਝ ਕਰਨਾ ਵੀ ਪਵੇਗਾ। ਉਨ੍ਹਾਂ ਕਿਹਾ ਕਿ ਜਿਹੜਾ ਬੰਦਾ ਆਪਣਾ ਜ਼ਮੀਰ ਵੇਚ ਦਿੰਦਾ ਹੈ ਉਸ ਦੀ ਤਾਕਤ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ। ਭਗਤ ਸਿੰਘ ਨੇ ਪੀਲੀ ਪੱਗ ਬੰਨ੍ਹ ਕੇ ਦੇਸ਼ ਲਈ ਜਾਨ ਵਾਰ ਦਿੱਤੀ ਸੀ ਅਤੇ ਭਗਵੰਤ ਮਾਨ ਨੇ ਪੰਜਾਬ ਦਿੱਲੀ ਕੋਲ ਗਿਰਵੀ ਰੱਖ ਦਿੱਤਾ ਹੈ। ਅਖੀਰ ’ਚ ਉਨ੍ਹਾਂ ਕਿਹਾ ਕਿ ਸਾਰੀ ਕਾਂਗਰਸ ਮਿਲ ਕੇ ਭਗਵੰਤ ਮਾਨ ਨੂੰ ਉਸ ਦੀਆਂ ਜ਼ਿੰਮੇਵਾਰੀਆਂ ਯਾਦ ਕਰਵਾਉਣਗੇ ਅਤੇ ਪੰਜਾਬ ਨੂੰ ਕਿਸੇ ਦੇ ਪੈਰਾਂ ਹੇਠ ਦੱਬਣ ਨਹੀਂ ਦਿੱਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Anuradha

Content Editor

Related News