ਸਿੱਧੂ ਨੇ ਖੁਦ ਥਾਣੇ ਜਾ ਕੇ ਬਿਲਡਰ ਖ਼ਿਲਾਫ਼ ਦਰਜ ਕਰਵਾਇਆ ਕੇਸ
Friday, Apr 20, 2018 - 07:35 AM (IST)
ਚੰਡੀਗੜ੍ਹ (ਬਿਊਰੋ) - ਜ਼ੀਰਕਪੁਰ ਦੇ ਪੀਰ ਮੁਛੱਲਾ ਖੇਤਰ ਵਿਚ ਨਿਰਮਾਣ ਅਧੀਨ ਬਿਲਡਿੰਗ ਡਿੱਗਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਖੁਦ ਜ਼ੀਰਕਪੁਰ ਥਾਣੇ ਜਾ ਕੇ ਗੈਰ-ਕਾਨੂੰਨੀ ਬਿਲਡਿੰਗ ਦੇ ਨਿਰਮਾਣ ਲਈ ਜ਼ਿੰਮੇਵਾਰ ਬਿਲਡਰ ਖਿਲਾਫ ਕੇਸ ਦਰਜ ਕਰਵਾਇਆ। ਸਿੱਧੂ ਨੇ ਮੌਕੇ 'ਤੇ ਹਾਜ਼ਰ ਮੋਹਾਲੀ ਦੇ ਐੱਸ. ਐੱਸ. ਪੀ. ਕੁਲਦੀਪ ਚਾਹਲ ਨੂੰ ਬਿਲਡਿੰਗ ਸਬੰਧੀ ਸਾਰੇ ਕਾਗਜ਼ ਸੌਂਪੇ। ਸਿੱਧੂ ਨੇ ਅੱਜ ਪੀਰ ਮੁਛੱਲਾ ਵਿਖੇ ਬਿਲਡਿੰਗ ਡਿੱਗਣ ਵਾਲੀ ਜਗ੍ਹਾ ਦਾ ਦੌਰਾ ਵੀ ਕੀਤਾ।
ਇਸ ਮੌਕੇ ਉਨ੍ਹਾਂ ਦੇ ਨਾਲ ਵਿਭਾਗ ਦੇ ਡਾਇਰੈਕਟਰ ਕਰਨੇਸ਼ ਸ਼ਰਮਾ, ਐੱਸ. ਐੱਸ. ਪੀ. ਕੁਲਦੀਪ ਚਾਹਲ, ਡੇਰਾਬੱਸੀ ਦੇ ਐੱਸ. ਡੀ. ਐੱਮ. ਪਰਮਜੀਤ ਸਿੰਘ, ਸੀਨੀਅਰ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਮਨਬੀਰ ਸਿੰਘ ਵੀ ਹਾਜ਼ਰ ਸਨ।
ਜਾਂਚ ਲਈ 4 ਮੈਂਬਰੀ ਕਮੇਟੀ ਗਠਿਤ
ਸਿੱਧੂ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਵਿਭਾਗ ਦੇ ਡਾਇਰੈਕਟਰ ਦੀ ਅਗਵਾਈ ਹੇਠ 4 ਮੈਂਬਰੀ ਕਮੇਟੀ ਬਣਾ ਕੇ ਸੱਤ ਦਿਨਾਂ ਅੰਦਰ ਮੁਕੰਮਲ ਰਿਪੋਰਟ ਮੰਗੀ ਗਈ ਹੈ। ਕਮੇਟੀ 'ਚ ਚੀਫ ਇੰਜੀਨੀਅਰ ਟਾਊਨ ਪਲਾਨਰ ਅਤੇ ਨਗਰ ਕੌਂਸਲ ਜ਼ੀਰਕਪੁਰ ਦੇ ਕਾਰਜ ਸਾਧਕ ਅਧਿਕਾਰੀ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਘਟਨਾ ਤੋਂ ਸਬਕ ਲੈਂਦੇ ਹੋਏ ਫੈਸਲਾ ਕੀਤਾ ਗਿਆ ਹੈ ਕਿ ਪੂਰੇ ਸੂਬੇ ਦਾ ਦੌਰਾ ਕਰਕੇ ਖਸਤਾਹਾਲ ਬਿਲਡਿੰਗਾਂ ਦਾ ਨਿਰੀਖਣ ਕੀਤਾ ਜਾਵੇਗਾ।
ਡਿੱਗਣ ਵਾਲੀਆਂ ਬਿਲਡਿੰਗਾਂ ਦੇ ਲਾਇਸੈਂਸਾਂ ਦੀ ਮਿਆਦ ਪੁੱਗ ਚੁੱਕੀ ਸੀ
ਸਥਾਨਕ ਸਰਕਾਰਾਂ ਬਾਰੇ ਮੰਤਰੀ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਭਾਗ ਦੇ ਰਿਕਾਰਡ ਮੁਤਾਬਕ ਜਿਹੜੀਆਂ ਛੇ ਬਿਲਡਿੰਗਾਂ (139 ਤੋਂ 144 ਨੰਬਰ) ਡਿੱਗੀਆਂ ਹਨ, ਉਨ੍ਹਾਂ 'ਚੋਂ ਪੰਜ ਬਿਲਡਿੰਗਾਂ ਦੇ ਲਾਇਸੈਂਸ ਦੀ ਮਿਆਦ ਅਕਤੂਬਰ 2017 ਅਤੇ ਇਕ ਬਿਲਡਿੰਗ ਦੇ ਲਾਇਸੈਂਸ ਦੀ ਮਿਆਦ 31 ਮਾਰਚ 2018 ਨੂੰ ਪੁੱਗ ਚੁੱਕੀ ਸੀ, ਜਿਸ ਕਾਰਨ ਬਿਲਡਰ ਨੇ ਬਿਨਾਂ ਪ੍ਰਮਾਣਿਕ ਲਾਇਸੈਂਸ ਦੇ ਇਹ ਬਿਲਡਿੰਗਾਂ ਬਣਾਈਆਂ ਸਨ। ਉਨ੍ਹਾਂ ਐੱਸ. ਐੱਸ. ਪੀ. ਨੂੰ ਇਹ ਬਿਲਡਿੰਗਾਂ ਬਣਾਉਣ ਵਾਲੇ ਬਿਲਡਰ ਪੁਸ਼ਪ ਇੰਪਾਇਰ ਖਿਲਾਫ ਕੇਸ ਦਰਜ ਕਰਨ ਲਈ ਕਿਹਾ।