ਸਿੱਧੂ ਦੀ ਮਜ਼ਬੂਤ ਹੁੰਦੀ ਲਾਬੀ ਤੋਂ ਘਬਰਾਏ ਕੈਪਟਨ

12/09/2018 1:32:11 AM

ਜਲੰਧਰ, (ਰਵਿੰਦਰ) - ਪੰਜਾਬ ਕਾਂਗਰਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਆਪਸੀ ਟਕਰਾਅ ਨਵੇਂ ਰੰਗ ਵਿਖਾਉਣ ਲੱਗਾ ਹੈ।  ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਲੈ ਕੇ ਜਨਤਾ ਦਾ ਦਿਲ ਜਿੱਤਣ ਵਾਲੇ ਨਵਜੋਤ ਸਿੰਘ ਸਿੱਧੂ ਪਾਰਟੀ ਅੰਦਰ ਵੀ ਪਹਿਲੀ ਪਸੰਦ ਬਣਦੇ ਜਾ ਰਹੇ ਹਨ। ਉਥੇ ਕੈਪਟਨ ਦੀ ਲਗਾਤਾਰ ਅਣਦੇਖੀ ਦਾ ਸ਼ਿਕਾਰ ਨਾਰਾਜ਼ ਪਾਰਟੀ ਵਿਧਾਇਕ ਵੀ ਚੁੱਪ-ਚੁਪੀ ਸਿੱਧੂ ਦਾ ਸਮਰਥਨ ਕਰਨ ਲੱਗੇ ਹਨ। ਕੁਝ ਕੁ ਮੰਤਰੀਆਂ ਤੋਂ ਇਲਾਵਾ ਜ਼ਿਆਦਾਤਰ ਸੰਸਦ ਮੈਂਬਰ ਤੇ ਵਿਧਾਇਕਾਂ ਦਾ ਸਮਰਥਨ ਸਿੱਧੂ ਨੂੰ ਹੀ ਮਿਲ ਰਿਹਾ ਹੈ। ਕੁਲ ਮਿਲਾ ਕੇ ਸੂਬੇ ਵਿਚ  ਸਿੱਧੂ ਦੀ ਮਜ਼ਬੂਤ ਹੁੰਦੀ ਲਾਬਿੰਗ ਨਾਲ ਕੈਪਟਨ ਵੀ ਘਬਰਾਏ ਨਜ਼ਰ ਆ ਰਹੇ ਹਨ। ਸ਼੍ਰੀ ਕਰਤਾਰਪੁਰ ਸ ਸਾਹਿਬ ਕਾਰੀਡੋਰ ਨੂੰ ਲੈ ਕੇ ਪੰਜਾਬ ਦੀ ਜਨਤਾ ਦੀ ਵਾਹ ਵਾਹ ਇਕ ਪਾਸੇ ਸਿੱਧੂ ਦੇ ਖਾਤੇ ਵਿਚ ਗਈ ਤੇ ਉਥੇ ਪਾਕਿਸਤਾਨ ਨਾ ਜਾਣ ਦੇ ਫੈਸਲੇ ਨੂੰ ਲੈ ਕੇ ਕੈਪਟਨ ਦੀ ਨਾ ਸਿਰਫ ਜਨਤਾ, ਸਗੋਂ ਪਾਰਟੀ ਦੇ ਅੰਦਰ ਵੀ ਜੰਮ ਕੇ ਕਿਰਕਿਰੀ ਹੋਈ। ਕੈਪਟਨ ਦੀ ਫੇਸਬੁੱਕ ’ਤੇ ਹੀ ਸੂਬੇ ਦੀ ਜਨਤਾ ਨੇ ਕੈਪਟਨ ਦੇ ਖਿਲਾਫ ਜੰਮ ਕੇ ਭੜਾਸ ਕੱਢੀ ਤੇ ਕਿਹਾ ਕਿ ਜਦੋਂ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਤਾਂ ਉਥੋਂ ਹਾਥੀ ਘੋੜੇ ਲੈ ਕੇ ਕਿਉਂ ਆਏ ਸਨ। ਲੋਕਾਂ ਨੇ ਤਾਂ ਇਥੋਂ ਤੱਕ ਕਿਹਾ ਕਿ ਜੇਕਰ ਪਾਕਿਸਤਾਨ ਤੋਂ ਅੱਤਵਾਦੀ ਆ ਰਹੇ ਹਨ ਤਾਂ ਪਾਕਿਸਤਾਨ ਤੋਂ ਹੀ ਕੈਪਟਨ ਦੀ ਮਹਿਲਾ ਮਿੱਤਰ ਅਰੂਸਾ ਵੀ ਆ ਰਹੀ ਹੈ ਤੇ ਪੰਜਾਬ ਸਰਕਾਰ ਦੇ ਖਰਚੇ ’ਤੇ ਇਥੇ ਰਹਿ ਰਹੀ ਹੈ। ਦੂਜੇ ਪਾਸੇ  ਸ੍ਰੀ ਕਰਤਾਰਪੁਰ ਕਾਰੀਡੋਰ ਐਪੀਸੋਡ ਤੋਂ ਬਾਅਦ 5 ਸੂਬਿਆਂ ਵਿਚ ਹੋ ਰਹੇ ਚੋਣ ਪ੍ਰਚਾਰ ਦੌਰਾਨ ਵੀ ਨਵਜੋਤ ਸਿੱਧੂ ਪੰਜਾਬ ਦੇ ਸਟਾਰ ਪ੍ਰਚਾਰਕ ਦੇ ਰੂਪ ਵਿਚ ਪਾਰਟੀ ਦੀ ਪਹਿਲੀ ਪਸੰਦ ਬਣੇ ਹੋਏ ਹਨ। ਜੇਕਰ ਰਾਜਸਥਾਨ ਤੇ ਛੱਤੀਸਗੜ੍ਹ ਵਿਚ ਕਾਂਗਰਸ ਸਰਕਾਰ ਬਣਾਉਣ ਵਿਚ ਕਾਮਯਾਬ ਹੋ ਜਾਂਦੀ ਹੈ ਤਾਂ ਯਕੀਨੀ ਤੌਰ ’ਤੇ ਸਿੱਧੂ ਦਾ ਸਿਆਸਤ ਵਿਚ ਕੱਦ ਉੱਚਾ ਹੋਵੇਗਾ।
ਸਿੱਧੂ ਦੇ ਲਗਾਤਾਰ ਵੱਧਦੇ ਕੱਦ ਨੂੰ ਰੋਕਣ ਲਈ ਪਹਿਲਾਂ ਤਾਂ ਕੈਪਟਨ ਖੇਮੇ ਨੇ ਆਪਣੇ ਵਿਧਾਇਕਾਂ ਕੋਲੋਂ ਸੂਬੇ ਭਰ ਵਿਚ ਪੰਜਾਬ ਦਾ ਕੈਪਟਨ ਸਾਡਾ ਕੈਪਟਨ ਦੇ ਹੋਰਡਿੰਗਜ਼ ਲਗਵਾਏ ਪਰ ਸਿੱਧੂ ਨੇ ਆਪਣੇ ਵਿਭਾਗ ਦੀ ਪਾਵਰ ਇਸਤੇਮਾਲ ਕਰ ਕਈ ਜ਼ਿਲਿਆਂ ਤੋਂ ਇਨ੍ਹਾਂ ਹੋਰਡਿੰਗਜ਼ ਨੂੰ ਉਤਰਵਾ ਦਿੱਤਾ। ਇਸ ਤੋਂ ਬਾਅਦ ਆਪਣੇ ਕੁਨਬੇ ਨੂੰ ਮਜ਼ਬੂਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੇ ਲੰਚ ਡਿਪਲੋਮੇਸੀ ਦਾ ਸਹਾਰਾ ਲਿਆ ਤੇ ਵੀਰਵਾਰ ਨੂੰ ਪੰਜਾਬ ਭਵਨ ਵਿਚ ਸਾਰੇ ਵਿਧਾਇਕਾਂ ਨੂੰ ਲੰਚ ’ਤੇ ਬੁਲਾਇਆ। ਕੈਪਟਨ ਨੂੰ ਲੱਗਾ ਸੀ ਕਿ ਪਾਰਟੀ ਦੇ ਵਿਧਾਇਕ ਤਾਂ ਉਨ੍ਹਾਂ ਨੂੰ ਮਿਲਣ ਲਈ ਤਰਸਦੇ ਹਨ ਤੇ ਲੰਚ ਬੁਲਾਵਾ ਆਉਣ ’ਤੇ ਉਹ ਭੱਜੇ-ਭੱਜੇ ਪੰਜਾਬ ਭਵਨ ਪਹੁੰਚ ਜਾਣਗੇ ਪਰ ਹੋਇਆ ਇਸ ਤੋਂ ਉਲਟ, ਬੁਲਾਵਾ ਤਾਂ 70 ਦੇ ਕਰੀਬ ਵਿਧਾਇਕਾਂ ਨੂੰ ਦਿੱਤਾ ਗਿਆ ਸੀ ਪਰ ਪਹੁੰਚੇ ਸਿਰਫ 20 ਤੋਂ 25 ਵਿਧਾਇਕ। ਇਸਦੀ ਸੂਚਨਾ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੀ  ਕਿ ਲੰਚ ’ਤੇ ਬਹੁਤ ਘੱਟ ਵਿਧਾਇਕ ਪਹੁੰਚੇ ਹਨ ਤਾਂ ਕੈਪਟਨ ਨੇ ਖੁਦ ਹੀ ਲੰਚ ਤੋਂ ਕਿਨਾਰਾ ਕਰ ਲਿਆ। ਰਹੇ ਸਹੇ ਵਿਧਾਇਕ ਵੀ ਨਾਰਾਜ਼ ਹੋ ਕੇ ਤੁਰਦੇ ਬਣੇ। ਪਿਛਲੇ 6 ਮਹੀਨਿਆਂ ਤੋਂ ਗਰਮਾਈ ਪੰਜਾਬ ਦੀ ਸਿਆਸਤ ਵਿਚ ਕੈਪਟਨ ਦੇ ਲਗਾਤਾਰ  ਡਿੱਕੇ-ਡੋਲੇ ਖਾਂਦੇ ਕਦਮ ਆਉਣ ਵਾਲੇ ਦਿਨਾਂ ਵਿਚ ਨਵੀਂ ਰਾਜਨੀਤੀ ਦੀ ਨੀਂਹ ਰੱਖ ਸਕਦੇ ਹਨ। ਪਿਛਲੇ ਡੇਢ ਸਾਲ ਤੋਂ ਕੋਈ  ਸੁਣਵਾਈ ਨਾ ਹੋਣ ਨਾਲ ਪਹਿਲਾਂ ਹੀ ਪਾਰਟੀ ਦੇ ਵਿਧਾਇਕ ਤੇ ਦੂਜੀ ਕਤਾਰ ਦੇ ਆਗੂ ਕੈਪਟਨ ਦੀ ਕਾਰਜਪ੍ਰਣਾਲੀ ਤੋਂ ਬੇੱਹਦ ਖਫ਼ਾ ਚੱਲ ਰਹੇ ਹਨ। ਅਜਿਹੇ ਵਿਚ ਸਿੱਧੂ ਦੇ ਵਧਦੇ ਕਦਮ ਵੀ ਹੁਣ ਕੈਪਟਨ ਦੀ ਕੁਰਸੀ ਨੂੰ ਖਤਰੇ ਵਿਚ ਪਾ ਸਕਦੇ ਹਨ। 


Related News