ਸਿੱਧੂ ਨੇ ਮਿਊਂਸੀਪਲ ਕਾਮਿਆਂ ਨੂੰ ਮੰਗਾਂ ਦੇ ਹੱਲ ਦਾ ਦਿੱਤਾ ਭਰੋਸਾ

11/19/2017 10:27:32 AM

ਚੰਡੀਗੜ੍ਹ (ਭੁੱਲਰ) - ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੂੰ ਪੰਜਾਬ ਮਿਊਂਸੀਪਲ ਵਰਕਰਜ਼ ਫੈੱਡਰੇਸ਼ਨ ਨੇ ਅੱਜ ਇਕ ਮੰਗ ਪੱਤਰ ਦਿੱਤਾ। ਵਫ਼ਦ ਵਿਚ ਸੂਬਾ ਪ੍ਰਧਾਨ ਗੁਰਪ੍ਰੀਤ ਵਾਲੀਆ ਬੁਢਲਾਡਾ, ਸੁਰਿੰਦਰ ਟੋਨਾ ਅੰਮ੍ਰਿਤਸਰ, ਮਨਪ੍ਰੀਤ ਸਾਹਨੇਵਾਲ, ਵਿਜੇ ਲੰਗਾਹ ਧਾਲੀਵਾਲ ਤੇ ਮੁਹੰਮਦ ਹਨੀਫ ਮਾਲੇਰਕੋਟਲਾ ਸ਼ਾਮਲ ਸਨ। ਮੰਗ ਪੱਤਰ ਲੈਣ ਤੋਂ ਬਾਅਦ ਸਿੱਧੂ ਨੇ ਸਾਰੇ ਮਾਮਲਿਆਂ 'ਤੇ ਵਿਚਾਰ ਕਰ ਕੇ ਇਨ੍ਹਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ। ਮਿਊਂਸੀਪਲ ਵਰਕਰਜ਼ ਫੈੱਡਰੇਸ਼ਨ ਵੱਲੋਂ ਜਿਹੜੀਆਂ ਮੰਗਾਂ ਮੁੱਖ ਤੌਰ 'ਤੇ ਉਠਾਈਆਂ ਗਈਆਂ ਹਨ, ਉਨ੍ਹਾਂ ਵਿਚ ਕੌਂਸਲਰਾਂ ਨੂੰ ਭੇਜੀ ਜਾਣ ਵਾਲੀ ਰਾਸ਼ੀ ਦੁੱਗਣੀ ਕਰਨਾ, ਕਲਰਕਾਂ ਦੀਆਂ ਤਰੱਕੀਆਂ, ਹੋਰਨਾਂ ਮਹਿਕਮਿਆਂ ਵਾਂਗ ਪੈਨਸ਼ਨ ਯੋਜਨਾ ਲਾਗੂ ਕਰਨਾ ਆਦਿ ਸ਼ਾਮਲ ਹਨ। 
ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਸੂਬਾ ਪ੍ਰਧਾਨ ਗੁਰਪ੍ਰੀਤ ਵਾਲੀਆ ਬੁਢਲਾਡਾ ਨੇ ਕਿਹਾ ਕਿ ਵੈਟ ਬੰਦ ਹੋਣ ਤੋਂ ਬਾਅਦ ਜੀ. ਐੱਸ. ਟੀ. ਲਾਗੂ ਕਰਨ ਨਾਲ ਕਈ ਨਗਰ ਕੌਸਲਾਂ/ਨਿਗਮਾਂ ਵਿਚ ਕਰਮਚਾਰੀਆਂ ਨੂੰ 2-3 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ। ਇਥੋਂ ਤੱਕ ਕਿ ਧਾਲੀਵਾਲ ਨਗਰ ਕੌਂਸਲ ਵਿਚ ਮੁਲਾਜ਼ਮਾਂ ਦੀਆਂ 12-13 ਮਹੀਨਿਆਂ ਦੀਆਂ ਤਨਖਾਹਾਂ ਪੈਂਡਿੰਗ ਪਈਆਂ ਹਨ। ਉਨ੍ਹਾਂ ਦੱਸਿਆ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਜੀ. ਐੱਸ. ਟੀ. ਦੀ ਕੁੱਲ ਆਮਦਨ ਜੋ ਇਕੱਠੀ ਹੁੰਦੀ ਹੈ, ਉਸ ਦਾ 20%  ਹਿੱਸਾ ਨਗਰ ਕੌਂਸਲਾਂ/ਨਗਰ ਨਿਗਮਾਂ ਨੂੰ ਭੇਜਿਆ ਜਾਵੇ ਤਾਂ ਜੋ ਮੁਲਾਜ਼ਮਾਂ ਨੂੰ ਤਨਖਾਹਾਂ ਸਮੇਂ ਸਿਰ ਮਿਲ ਸਕਣ।  


Related News