ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਪ੍ਰਸ਼ਾਸਨ ਚੌਕਸ, ਟ੍ਰੈਫਿਕ ਜਾਮ ਤੋਂ ਬਚਣ ਲਈ ਕੀਤੇ ਖ਼ਾਸ ਪ੍ਰਬੰਧ
Wednesday, Sep 07, 2022 - 12:03 PM (IST)
ਜਲੰਧਰ (ਵਰੁਣ)–ਸਿੱਧ ਬਾਬਾ ਸੋਢਲ ਮੇਲੇ ਦੇ ਸਬੰਧ ਵਿਚ ਪ੍ਰਸ਼ਾਸਨ ਵੱਲੋਂ ਵੀ. ਆਈ. ਪੀ. ਪਾਰਕਿੰਗ ਸਮੇਤ ਕੁੱਲ 6 ਪਾਰਕਿੰਗ ਸਥਾਨ ਬਣਾਏ ਗਏ ਹਨ। ਵੀ. ਆਈ. ਪੀ. ਪਾਰਕਿੰਗ ਸ਼੍ਰੀ ਸੋਢਲ ਮੰਦਿਰ ਦੇ ਬਿਲਕੁਲ ਸਾਹਮਣੇ ਬਣਾਈ ਗਈ ਹੈ। ਪਾਰਕਿੰਗ ਸਥਾਨਾਂ ਦੀ ਵਿਵਸਥਾ ’ਤੇ ਧਿਆਨ ਰੱਖਣ ਤੋਂ ਇਲਾਵਾ ਟਰੈਫਿਕ ਜਾਮ ਤੋਂ ਬਚਣ ਲਈ 65 ਟਰੈਫਿਕ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ, ਜਦਕਿ ਲੋੜ ਪੈਣ ’ਤੇ ਮੁਲਾਜ਼ਮਾਂ ਦੀ ਗਿਣਤੀ ਵਧਾਈ ਵੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਟ੍ਰੈਕ ’ਤੇ ਖੜ੍ਹੀ ਹੁਸ਼ਿਆਰਪੁਰ-ਦਿੱਲੀ ਐਕਸਪ੍ਰੈਸ ਦੀ ਬੋਗੀ ਨੂੰ ਲੱਗੀ ਅੱਗ
ਏ. ਡੀ. ਸੀ. ਪੀ. ਟਰੈਫਿਕ ਕੰਵਰਜੀਤ ਸਿੰਘ ਚਾਹਲ ਨੇ ਦੱਸਿਆ ਕਿ ਵੀ. ਆਈ. ਪੀ. ਪਾਰਕਿੰਗ ਵਿਚ 15 ਤੋਂ 20 ਗੱਡੀਆਂ ਖੜ੍ਹੀਆਂ ਕਰਨ ਦੀ ਸਮਰੱਥਾ ਹੋਵੇਗੀ। ਇਸ ਤੋਂ ਇਲਾਵਾ ਮੰਦਿਰ ਕੰਪਲੈਕਸ ਦੇ ਆਲੇ-ਦੁਆਲੇ 26 ਥਾਵਾਂ ’ਤੇ ਨਾਕਾਬੰਦੀ ਕੀਤੀ ਜਾਵੇਗੀ। ਏ. ਡੀ. ਸੀ. ਪੀ. ਚਾਹਲ ਨੇ ਦੱਸਿਆ ਕਿ ਲੱਭੂ ਰਾਮ ਦੋਆਬਾ ਸਕੂਲ, ਮਿੰਨੀ ਸਬਜ਼ੀ ਮੰਡੀ ਸਈਪੁਰ ਰੋਡ, ਐੱਸ. ਡੀ. ਸਕੂਲ ਨਜ਼ਦੀਕ ਚੰਦਨ ਨਗਰ ਅਤੇ ਲੀਡਰ ਫੈਕਟਰੀ ਗਰੇਨ ਮਾਰਕੀਟ ਵਿਚ ਸ਼ਰਧਾਲੂਆਂ ਲਈ ਫ੍ਰੀ ਪਾਰਕਿੰਗ ਦੀ ਸਹੂਲਤ ਦਿੱਤੀ ਗਈ ਹੈ, ਜਿੱਥੇ ਦੋਪਹੀਆ ਵਾਹਨਾਂ ਤੋਂ ਲੈ ਕੇ ਹਰ ਤਰ੍ਹਾਂ ਦੇ ਵਾਹਨ ਖੜ੍ਹੇ ਕੀਤੇ ਜਾ ਸਕਦੇ ਹਨ।
ਸੁਰੱਖਿਆ ਦੇ ਮੱਦੇਨਜ਼ਰ ਘੋੜਿਆਂ ’ਤੇ ਪੁਲਸ ਦੇ ਜਵਾਨ ਮੇਲੇ ਵਿਚ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਪੈਟਰੋਲਿੰਗ ਕਰਦੇ ਹੋਏ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣਗੇ। ਏ. ਡੀ. ਸੀ. ਪੀ. ਚਾਹਲ ਨੇ ਕਿਹਾ ਕਿ ਟਰੈਫਿਕ ਕਰਮਚਾਰੀਆਂ ਨੂੰ ਸਾਫ਼ ਕਿਹਾ ਗਿਆ ਹੈ ਕਿ ਮੇਲੇ ਅੰਦਰ ਕੋਈ ਵੀ ਵਾਹਨ ਨਾ ਆਉਣ ਦਿੱਤਾ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਾਰਕਿੰਗ ਵਿਚ ਹੀ ਆਪਣੇ ਵਾਹਨ ਖੜ੍ਹੇ ਕਰ ਕੇ ਦਰਸ਼ਨਾਂ ਲਈ ਆਉਣ ਤਾਂ ਕਿ ਕਿਸੇ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ: ‘ਬਾਬਾ ਸੋਢਲ’ ਦੇ ਮੇਲੇ ਨੂੰ ਲੈ ਕੇ ਤਿਆਰੀਆਂ ਮੁਕੰਮਲ, ਨਤਮਸਤਕ ਹੋਣ ਪਹੁੰਚ ਰਹੇ ਸ਼ਰਧਾਲੂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ