ਪੰਜਾਬੀਆਂ ਨੂੰ ਕਰਤਾਰਪੁਰ ਲਾਂਘੇ ਲਈ ਮੋਦੀ ''ਤੇ ਮਾਣ ਹੋਣਾ ਚਾਹੀਦੈ : ਸ਼ਵੇਤ ਮਲਿਕ

Monday, Dec 24, 2018 - 12:36 PM (IST)

ਜਲੰਧਰ (ਰਾਹੁਲ)— ਸ੍ਰੀ ਕਰਤਾਰਪੁਰ ਲਾਂਘੇ ਦੀ ਪ੍ਰਵਾਨਗੀ ਲਈ ਪੰਜਾਬੀਆਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਮਾਣ ਹੋਣਾ ਚਾਹੀਦਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਜਲੰਧਰ ਵਿਖੇ ਕੀਤਾ। ਸ਼ਵੇਤ ਮਲਿਕ ਨੇ ਐਤਵਾਰ ਇਥੇ ਜਲੰਧਰ, ਫਗਵਾੜਾ ਅਤੇ ਅੰਮ੍ਰਿਤਸਰ ਦੇ ਭਾਜਪਾ ਵਰਕਰਾਂ ਨਾਲ ਬੈਠਕ ਕੀਤੀ। ਬੈਠਕ ਦੌਰਾਨ 3 ਜਨਵਰੀ ਨੂੰ ਸਵੇਰੇ 10.30 ਵਜੇ ਪੁੱਡਾ ਗਰਾਊਂਡ ਗੁਰਦਾਸਪੁਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਸ਼ੁਕਰਾਨਾ ਮਹਾ ਰੈਲੀ ਦੇ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਰਾਕੇਸ਼ ਰਾਠੌਰ ਅਤੇ ਜ਼ਿਲਾ ਪ੍ਰਧਾਨ ਰਮਨ ਪੱਬੀ ਨੇ ਦੱਸਿਆ ਕਿ ਬੈਠਕ 'ਚ ਸੂਬਾਈ ਅਹੁਦੇਦਾਰ, ਸੂਬਾਈ ਕਾਰਜਕਾਰਨੀ ਮੈਂਬਰ, ਜ਼ਿਲਾ ਅਹੁਦੇਦਾਰ, ਜ਼ਿਲਾ ਕਾਰਜਕਾਰਨੀ ਦੇ ਮੈਂਬਰ, ਮੰਡਲ ਪ੍ਰਧਾਨ, ਮੰਡਲ ਦੇ ਸਭ ਅਹੁਦੇਦਾਰ, ਮੋਰਚਾ ਪ੍ਰਧਾਨ, ਸਭ ਕੌਂਸਲਰ ਅਤੇ ਕੌਂਸਲਰ ਦੀ ਚੋਣ ਲੜ ਚੁੱਕੇ ਵਰਕਰ ਸ਼ਾਮਲ ਹੋਏ। ਰੈਲੀ ਦੀ ਸਫਲਤਾ ਲਈ ਵੱਖ-ਵੱਖ ਉਪ ਕਮੇਟੀਆਂ ਬਣਾਈਆਂ ਗਈਆਂ।
ਬੈਠਕ ਨੂੰ ਸੰਬੋਧਨ ਕਰਦਿਆਂ ਸ਼ਵੇਤ ਮਲਿਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬੀਆਂ ਨੂੰ ਬਹੁਤ ਪਿਆਰ ਕਰਦੇ ਹਨ। ਇਸ ਲਈ ਨਵੇਂ ਸਾਲ ਦੀ ਪਹਿਲੀ ਰੈਲੀ ਉਹ ਪੰਜਾਬ ਦੇ ਗੁਰਦਾਸਪੁਰ ਕਰਨਗੇ। ਮੋਦੀ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਪ੍ਰਵਾਨਗੀ ਦੇਣ ਲਈ ਸਭ ਪੰਜਾਬੀਆਂ ਨੂੰ ਵਧ-ਚੜ੍ਹ ਕੇ ਉਕਤ ਰੈਲੀ 'ਚ ਸ਼ਾਮਲ ਹੋ ਕੇ ਮੋਦੀ ਦਾ ਧੰਨਵਾਦ ਕਰਨਾ ਚਾਹੀਦਾ ਹੈ। ਸਭ ਪੰਜਾਬ ਵਾਸੀਆਂ ਨੂੰ ਆਪਣੇ ਪ੍ਰਧਾਨ ਮੰਤਰੀ 'ਤੇ ਮਾਣ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਰਾਜਕਾਲ 'ਚ ਗਠਿਤ ਕੀਤੀ ਗਈ ਐੱਸ. ਆਈ. ਟੀ. ਕਾਰਨ ਅੱਜ ਨਿਰਦੋਸ਼ ਸਿੱਖ ਭਰਾਵਾਂ ਦੇ ਕਾਤਲ ਕਾਂਗਰਸੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੈ। ਸੱਜਣ ਕੁਮਾਰ ਕੇਂਦਰ ਦੀਆਂ ਕਾਂਗਰਸ ਸਰਕਾਰਾਂ ਦੀ ਛਤਰ ਛਾਇਆ ਹੇਠ ਹੁਣ ਤਕ ਸਜ਼ਾ ਤੋਂ ਬਚਦਾ ਰਿਹਾ ਸੀ।

ਉਨ੍ਹਾਂ ਨੇ ਕਿਹਾ ਕਿ ਮੋਦੀ ਨੇ ਦੁਨੀਆ 'ਚ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ। ਅੱਜ ਪੂਰੀ ਦੁਨੀਆ ਦੇ ਵੱਡੇ ਦੇਸ਼ ਭਾਰਤ ਨੂੰ ਆਪਣੇ ਨਾਲ ਲੈ ਕੇ ਚੱਲਣ 'ਤੇ ਮਾਣ ਮਹਿਸੂਸ ਕਰ ਰਹੇ ਹਨ। ਜੀ. ਐੱਸ.ਟੀ. ਕਾਰਨ ਵਪਾਰੀਆਂ ਨੂੰ ਢੇਰ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ। ਕਈ ਟੈਕਸ ਖਤਮ ਹੋ ਗਏ ਹਨ। ਦੇਸ਼ ਵਿਚ ਸਭ ਟੈਕਸ ਬੈਰੀਅਰ ਖਤਮ ਕਰ ਦਿੱਤੇ ਗਏ ਹਨ। ਜੀ. ਐੱਸ. ਟੀ. ਕਾਰਨ ਪੂਰੇ ਦੇਸ਼ 'ਚ ਟੈਕਸ ਦੇਣ ਵਾਲੇ ਲੋਕਾਂ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਹੈ।

ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਾਲਾਂ 'ਚ ਭਾਰਤ ਇਕ ਖੁਸ਼ਹਾਲ ਦੇਸ਼ ਕਹਾਏਗਾ। ਭਾਰਤ ਸਰਕਾਰ ਵਲੋਂ ਜੀ. ਐੱਸ. ਟੀ. ਦੀਆਂ ਦਰਾਂ ਨੂੰ ਘੱਟ ਕਰਨ ਨਾਲ ਵਪਾਰੀਆਂ ਨੂੰ ਵੀ ਰਾਹਤ ਮਿਲੀ ਹੈ। ਮੋਦੀ ਦੀ ਇਹ ਦੂਰ-ਦ੍ਰਿਸ਼ਟੀ  ਹੈ ਕਿ ਉਹ ਚਾਹੁੰਦੇ ਹਨ ਕਿ ਭਾਰਤ ਸਮੁੱਚੀ ਦੁਨੀਆ 'ਚ ਰੋਜ਼ਗਾਰ ਦੇਣ ਵਾਲਾ ਦੇਸ਼ ਬਣੇ ਨਾ ਕਿ ਰੋਜ਼ਗਾਰ ਮੰਗਣ ਵਾਲਾ। ਅੱਜ ਪੰਜਾਬ ਸਰਕਾਰ ਤੋਂ ਹਰ ਵਰਗ ਦੁਖੀ ਹੈ। ਉਦਯੋਗਪਤੀ ਦੁਖੀ ਹਨ। ਵੈਟ ਦਾ ਸਾਰਾ ਰਿਫੰਡ, ਜੋ 600 ਕਰੋੜ ਰੁਪਏ ਬਣਦਾ ਹੈ, ਨੂੰ ਪੰਜਾਬ ਸਰਕਾਰ ਦਬਾ ਕੇ ਬੈਠੀ ਹੈ। ਇੰਡਸਟਰੀਅਲ ਕਾਰੀਡੋਰ ਨੂੰ ਕੈਪਟਨ ਸਰਕਾਰ ਨੇ ਠੰਡੇ ਬਸਤੇ 'ਚ ਪਾ ਦਿੱਤਾ ਹੈ। ਸਭ ਸੂਬਿਆਂ ਨਾਲੋਂ ਪੰਜਾਬ 'ਚ ਬਿਜਲੀ ਸਭ ਤੋਂ ਮਹਿੰਗੀ ਹੈ।

ਇਸ ਮੌਕੇ ਹਾਜ਼ਰ ਪ੍ਰਮੁੱਖ ਵਿਅਕਤੀਆਂ 'ਚ ਸੂਬਾਈ ਸੰਗਠਨ ਸਕੱਤਰ ਦਿਨੇਸ਼ ਸ਼ਰਮਾ, ਵਿਧਾਇਕ ਸੋਮ ਪ੍ਰਕਾਸ਼, ਸੂਬਾਈ ਉਪ ਪ੍ਰਧਾਨ ਮਹਿੰਦਰ ਭਗਤ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਮਨੋਰੰਜਨ ਕਾਲੀਆ, ਸਾਬਕਾ ਮੇਅਰ ਸੁਨੀਲ ਜੋਤੀ, ਫਗਵਾੜਾ ਦੇ ਮੇਅਰ ਅਰੁਣ ਖੋਸਲਾ, ਆਨੰਦ ਸ਼ਰਮਾ, ਪੁਰਸ਼ੋਤਮ, ਯੁਵਾ ਮੋਰਚਾ ਪ੍ਰਧਾਨ ਸੰਨੀ ਸ਼ਰਮਾ, ਜ਼ਿਲਾ ਜਨਰਲ ਸਕੱਤਰ ਰਾਜੀਵ ਢੀਂਗਰਾ, ਰਾਜੂ ਮਾਗੋ, ਵਿਨੀਤ ਧੀਰ, ਮਿੰਟਾ ਕੋਛੜ, ਪ੍ਰਵੀਨ ਹਾਂਡਾ, ਦੀਪਕ ਤੇਲੂ, ਭੈਣ ਪ੍ਰਵੀਨ ਸ਼ਰਮਾ, ਊਸ਼ਾ ਮਹੰਤ, ਸੀਮਾ ਸਾਹਨੀ ਅਤੇ ਅਰੁਣ ਖੁਰਾਣਾ ਪ੍ਰਮੁੱਖ ਸਨ।


shivani attri

Content Editor

Related News