ਪੂਰੀ ਦੁਨੀਆ ''ਚ ਪੰਜਾਬ ਦੇ ਬਰਾਂਡ ਅੰਬੈਸਡਰ ਹਨ ਸ਼ੁਭਮਨ ਤੇ ਅਭਿਸ਼ੇਕ : ਸੁਖਬੀਰ

Monday, Feb 05, 2018 - 07:50 AM (IST)

ਚੰਡੀਗੜ੍ਹ (ਪਰਾਸ਼ਰ) - ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦੇ ਮੈਂਬਰਾਂ ਸ਼ੁਭਮਨ ਗਿੱਲ ਤੇ ਅਭਿਸ਼ੇਕ ਸ਼ਰਮਾ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਪੰਜਾਬ ਦੇ ਅੰਬੈਸਡਰ ਕਿਹਾ ਹੈ, ਜਿਨ੍ਹਾਂ ਨੇ ਪੂਰੀ ਦੁਨੀਆ 'ਚ ਪੰਜਾਬ ਦੇ ਗੱਭਰੂਆਂ ਦਾ ਨਾਂ ਰੌਸ਼ਨ ਕੀਤਾ ਹੈ। ਸੁਖਬੀਰ ਨੇ ਵਿਸ਼ਵ ਕੱਪ ਵਿਚ ਸਭ ਤੋਂ ਵੱਧ ਦੌੜਾਂ (372 ਦੌੜਾਂ) ਬਣਾਉਣ ਵਾਲੇ ਸ਼ੁਭਮਨ ਗਿੱਲ ਨੂੰ ਆਈ. ਸੀ. ਸੀ. ਵਰਲਡ ਇਲੈਵਨ ਲਈ ਚੁਣੇ ਜਾਣ 'ਤੇ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਲਈ ਇਹ ਬੜੇ ਮਾਣ ਵਾਲੀ ਗੱਲ ਹੈ। 'ਪਲੇਅਰ ਆਫ ਦਿ ਟੂਰਨਾਮੈਂਟ' ਚੁਣੇ ਗਏ ਸ਼ੁਭਮਨ ਗਿੱਲ ਦੀ ਇਸ ਚੈਂਪੀਅਨਸ਼ਿਪ ਵਿਚ ਦੌੜਾਂ ਬਣਾਉਣ ਦੀ ਦਰ 184.5 ਰਹੀ ਸੀ।
ਸਾਬਕਾ ਉਪ ਮੁੱਖ ਮੰਤਰੀ ਨੇ ਦਿੱਲੀ ਦੇ ਮਨੋਜ ਕਾਲੜਾ ਨੂੰ ਵੀ ਵਧਾਈ ਭੇਜੀ, ਜੋ ਕਿ ਮੂਲ ਰੂਪ ਵਿਚ ਫਿਰੋਜ਼ਪੁਰ ਦੇ ਇਕ ਪੰਜਾਬੀ ਪਰਿਵਾਰ ਦਾ ਰੌਸ਼ਨ ਚਿਰਾਗ ਹੈ। ਉਨ੍ਹਾਂ ਚੰਡੀਗੜ੍ਹ ਦੇ ਅਰਸ਼ਦੀਪ ਸਿੰਘ ਨੂੰ ਵੀ ਵਧਾਈ ਭੇਜੀ, ਜਿਸ ਦਾ ਪਿਛੋਕੜ ਖਰੜ (ਪੰਜਾਬ) ਦਾ ਹੈ। ਸ਼ੁਭਮਨ ਤੇ ਅਭਿਸ਼ੇਕ ਦੇ ਪਰਿਵਾਰਾਂ ਨੂੰ ਲਿਖੀਆਂ ਚਿੱਠੀਆਂ ਵਿਚ ਬਾਦਲ ਨੇ ਕਿਹਾ ਕਿ ਸਿਰਫ ਪੰਜਾਬ ਨੂੰ ਹੀ ਨਹੀਂ, ਸਗੋ ਪੂਰੇ ਦੇਸ਼ ਨੂੰ ਇਨ੍ਹਾਂ ਗੱਭਰੂਆਂ 'ਤੇ ਮਾਣ ਹੈ, ਜਿਨ੍ਹਾਂ ਨੇ ਇਸ ਚੈਂਪੀਅਨਸ਼ਿਪ ਰਾਹੀਂ ਪੂਰੀ ਦੁਨੀਆ ਅੱਗੇ ਆਪਣੇ ਸ਼ਾਨਦਾਰ ਹੁਨਰ ਦਾ ਪ੍ਰਦਰਸ਼ਨ ਕੀਤਾ ਹੈ ਤੇ ਇਕ ਲਾਜਵਾਬ ਕਾਰਗੁਜ਼ਾਰੀ ਵਿਖਾਉਂਦਿਆਂ ਭਾਰਤ ਨੂੰ ਇਹ ਕੱਪ ਜਿਤਾਇਆ ਹੈ। ਉਨ੍ਹਾਂ ਕਿਹਾ ਕਿ ਸ਼ੁਭਮਨ ਨੂੰ ਇਸ ਚੈਂਪੀਅਨਸ਼ਿਪ ਦਾ ਸਭ ਤੋਂ ਵਧੀਆ ਖਿਡਾਰੀ ਹੋਣ ਦਾ ਖਿਤਾਬ ਮਿਲਿਆ ਹੈ ਤੇ ਟੀਮ ਨੂੰ ਜਿਤਾਉਣ ਵਿਚ ਅਭਿਸ਼ੇਕ ਦਾ ਯੋਗਦਾਨ ਵੀ ਫੈਸਲਾਕੁੰਨ ਰਿਹਾ ਹੈ। ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਫਖਰ ਹੈ ਕਿ ਸ਼ਨੀਵਾਰ ਨੂੰ ਫਾਈਨਲ ਮੈਚ ਖੇਡਣ ਵਾਲੀ ਟੀਮ ਵਿਚ 2 ਜਾਂ 3 ਨਹੀਂ, ਸਗੋਂ 6 ਖਿਡਾਰੀ ਪੰਜਾਬ ਦੇ ਸਨ। ਸ਼ੁਭਮਨ, ਅਭਿਸ਼ੇਕ, ਅਰਸ਼ਦੀਪ ਤੇ ਮਨਜੋਤ ਤਾਂ ਖਾਸ ਹਨ ਹੀ, ਉਨ੍ਹਾਂ ਤੋਂ ਇਲਾਵਾ ਪਰਮ ਸਿੰਘ ਉੱਪਲ ਤੇ ਜੈਸਨ ਜਸਕੀਰਤ ਸਿੰਘ ਸੰਘਾ ਵੀ ਮੈਦਾਨ ਵਿਚ ਸਨ। ਸੰਘਾ ਮੂਲ ਰੂਪ ਵਿਚ ਨਵਾਂਸ਼ਹਿਰ ਤੋਂ ਹੈ, ਜੋ ਕਿ ਆਸਟਰੇਲੀਆ ਦੀ ਟੀਮ ਵਿਚ ਹੈ।


Related News