5 ਮਹਾਪੁਰਸ਼ਾਂ ਦੇ ਜਨਮ ਦਿਹਾੜੇ ਪਾਰਟੀ ਪੱਧਰ ''ਤੇ ਮਨਾਏ ਜਾਣਗੇ

Friday, Jul 20, 2018 - 07:30 AM (IST)

ਚੰਡੀਗੜ੍ਹ (ਅਸ਼ਵਨੀ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਪਾਰਟੀ ਵਲੋਂ 5 ਮਹਾਪੁਰਸ਼ਾਂ ਸ੍ਰੀ ਗੁਰੂ ਰਵਿਦਾਸ ਜੀ, ਮਹਾਰਿਸ਼ੀ ਵਾਲਮੀਕਿ ਜੀ, ਭਗਤ ਕਬੀਰ ਜੀ, ਬਾਬਾ ਜੀਵਨ ਸਿੰਘ ਜੀ ਅਤੇ ਡਾਕਟਰ ਬੀ. ਆਰ. ਅੰਬੇਡਕਰ ਦੇ ਜਨਮ ਦਿਹਾੜੇ ਆਪਣੇ ਪੱਧਰ 'ਤੇ ਮਨਾਏ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਪਾਰਟੀ ਦੇ ਐੱਸ. ਸੀ. ਵਿੰਗ ਦੇ ਜਥੇਬੰਦਕ ਢਾਂਚੇ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਸਰਕਲ ਪ੍ਰਧਾਨਾਂ ਦੀਆਂ ਨਿਯੁਕਤੀਆਂ ਕਰਨ ਅਤੇ ਜ਼ਿਲਾ ਪੱਧਰ 'ਤੇ ਵਰਕਿੰਗ ਕਮੇਟੀਆਂ ਬਣਾਉਣ ਦਾ ਨਿਰਦੇਸ਼ ਦਿੱਤਾ। ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਅਕਾਲੀ ਦਲ ਦੇ ਐੱਸ. ਸੀ. ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਅਤੇ ਸਮੂਹ ਜ਼ਿਲਾ ਪ੍ਰਧਾਨਾਂ ਦੀ ਇਕ ਮੀਟਿੰਗ ਦੌਰਾਨ ਇਹ ਅਹਿਮ ਫੈਸਲੇ ਲਏ ਗਏ ਹਨ।
ਇਸ ਬਾਰੇ ਐੱਸ. ਸੀ. ਵਿੰਗ ਦੇ ਦਫਤਰੀ ਸਕੱਤਰ ਭਗਤ ਸਿੰਘ ਨੇ ਦੱਸਿਆ ਕਿ ਬਾਦਲ ਨੇ ਐੱਸ. ਸੀ. ਵਿੰਗ ਦੇ ਸਮੂਹ ਜ਼ਿਲਾ ਪ੍ਰਧਾਨਾਂ ਨੂੰ 15 ਅਗਸਤ 2018 ਤਕ ਆਪਣੇ ਅਧੀਨ ਸਾਰੇ ਸਰਕਲਾਂ ਦੇ ਪ੍ਰਧਾਨਾਂ ਦੀ ਨਿਯੁਕਤੀ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਜ਼ਿਲਾ ਪ੍ਰਧਾਨਾਂ ਨੂੰ ਆਪੋ-ਆਪਣੇ ਜ਼ਿਲਿਆਂ ਦੀਆਂ 51 ਮੈਂਬਰੀ ਵਰਕਿੰਗ ਕਮੇਟੀਆਂ ਬਣਾਉਣ ਲਈ ਵੀ ਆਖਿਆ ਗਿਆ ਹੈ।
ਵਿੰਗ ਅਹੁਦੇਦਾਰ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਨੇ ਕਿਹਾ ਹੈ ਕਿ ਸਾਰੇ ਸਰਕਲ ਪ੍ਰਧਾਨ ਆਪੋ-ਆਪਣੇ ਸਰਕਲ ਦੀ ਇਕ 31 ਮੈਂਬਰੀ ਵਰਕਿੰਗ ਕਮੇਟੀ ਵੀ ਬਣਾਉਣਗੇ। ਇਸ ਤੋਂ ਇਲਾਵਾ ਸਮੂਹ ਜ਼ਿਲਾ ਪ੍ਰਧਾਨ ਮਹੀਨੇ ਵਿਚ ਇਕ ਵਾਰ ਜ਼ਿਲਾ ਪੱਧਰ 'ਤੇ ਇਕ ਮੀਟਿੰਗ ਜ਼ਰੂਰ ਕਰਨਗੇ। ਉਨ੍ਹਾਂ ਕਿਹਾ ਕਿ ਹਰ ਮੀਟਿੰਗ ਵਿਚ ਸਮੂਹ ਪ੍ਰਧਾਨਾਂ ਅਤੇ ਵਰਕਿੰਗ ਕਮੇਟੀ ਮੈਂਬਰਾਂ ਦੀ ਕਾਰਵਾਈ ਰਜਿਸਟਰ 'ਤੇ ਦਰਜ ਕੀਤੀ ਜਾਵੇਗੀ, ਜਿਸ 'ਤੇ ਹਾਜ਼ਰ ਮੈਂਬਰਾਂ ਦੇ ਦਸਤਖ਼ਤ ਕਰਵਾਉਣੇ ਲਾਜ਼ਮੀ ਹੋਣਗੇ।


Related News