ਕੀ ਕਰਨਾ ਇਹੋ-ਜਿਹੀ ਔਲਾਦ ਨੂੰ,ਇਕ ਲੀਡਰ, ਦੂਜਾ ਅਫਸਰ ਪਰ ਸੜਕਾਂ ''ਤੇ ਰੁਲ ਰਹੀ ਮਾਂ
Sunday, Aug 16, 2020 - 06:19 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ): ਬੱਚੇ ਖੁਸ਼ ਰਹਿਣ, ਚੰਗੀ ਪੜ੍ਹਾਈ ਕਰਨ ਅਤੇ ਉਨ੍ਹਾਂ ਨੂੰ ਦੁਨੀਆ ਦਾ ਹਰ ਸੁੱਖ ਮਿਲੇ, ਇਸ ਦੇ ਲਈ ਮਾਪੇ ਸਾਰੀ ਜ਼ਿੰਦਗੀ ਕੀ ਨਹੀਂ ਕਰਦੇ। ਮਾਪਿਆਂ ਦਾ ਇਕੋ ਇਕ ਸੁਪਨਾ ਆਪਣੇ ਬੱਚਿਆਂ ਨੂੰ ਖੁਸ਼ ਵੇਖਣਾ ਹੁੰਦਾ ਤੇ ਕਹਿੰਦੇ ਹਨ ਕਿ ਮਾਂ ਦੀ ਮਮਤਾ ਅਜਿਹੀ ਹੈ ਕਿ ਪੁੱਤ ਤਾਂ ਕਪੁੱਤ ਹੋ ਸਕਦਾ ਹੈ, ਪਰ ਮਾਂ ਕਦੇ ਕੁਮਾਤਾ ਨਹੀਂ ਹੋ ਸਕਦੀ, ਪਰ ਸਥਾਨਕ ਸ਼ਹਿਰ ਅੰਦਰ ਇਸ ਦੇ ਉਲਟ ਅਜਿਹਾ ਦ੍ਰਿਸ਼ ਵੇਖਿਆ ਗਿਆ, ਜਿਸ ਨੂੰ ਵੇਖ ਕੇ ਇਨਸਾਨੀਅਤ ਤਾਂ ਸ਼ਰਮਸ਼ਾਰ ਹੁੰਦੀ ਹੀ ਹੈ, ਨਾਲ ਹੀ ਅਜਿਹਾ ਵੇਖਕੇ ਹਰ ਕਿਸੇ ਦੀਆਂ ਅੱਖਾਂ ਨਮ ਜ਼ਰੂਰ ਹੋ ਰਹੀਆਂ ਹਨ। ਸਥਾਨਕ ਬੂੜਾ ਗੁੱਜਰ ਰੋਡ 'ਤੇ ਇੱਕ ਬਜ਼ੁਰਗ ਬੀਬੀ, ਜੋ ਮਿੱਟੀ ਦੇ ਗਾਰੇ ਨਾਲ ਖੜ੍ਹੀਆਂ ਕੀਤੀਆਂ 2-2 ਫੁੱਟ ਦੀਆਂ ਕੰਧਾਂ ਦੇ ਸਹਾਰੇ ਆਪਣੇ ਦਿਨ ਕੱਟ ਰਹੀ ਹੈ, ਦੀ ਹਾਲਤ ਹੁਣ ਇਹ ਹੋ ਰਹੀ ਹੈ ਕਿ ਇਸ ਬੀਬੀ ਦੇ ਸਰੀਰ 'ਚ ਕੀੜੇ ਪੈਣੇ ਸ਼ੁਰੂ ਹੋ ਗਏ ਹਨ।
ਇਹ ਵੀ ਪੜ੍ਹੋ: ਪੈਨਸ਼ਨ ਧਾਰਕਾਂ ਲਈ ਚੰਗੀ ਖ਼ਬਰ, ਮੁੱਖ ਮੰਤਰੀ ਨੇ ਦਿੱਤੇ ਇਹ ਹੁਕਮ
ਭਾਵੇਂ ਕਿ ਇਕ ਸਮਾਜਸੇਵੀ ਸੰਸਥਾ ਵਲੋਂ ਇਸ ਬਜ਼ੁਰਗ ਬੀਬੀ ਨੂੰ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਾ ਦਿੱਤਾ ਗਿਆ ਹੈ, ਪਰ ਜੇਕਰ ਇਸ ਦੇ ਪਿੱਛੇ ਦੀ ਸੱਚਾਈ ਵੇਖੀਏ ਤਾਂ ਕਲਯੁੱਗ ਦਾ ਅਹਿਸਾਸ ਜ਼ਰੂਰ ਹੁੰਦਾ ਹੈ। ਇਸ ਬਜ਼ੁਰਗ ਬੀਬੀ ਦੇ ਪੁੱਤਰ ਵੱਡੇ ਅਹੁਦਿਆਂ 'ਤੇ ਤਾਇਨਾਤ ਹਨ। ਇਕ ਸਰਕਾਰੀ ਨੌਕਰੀ ਕਰਦਾ ਹੈ ਤੇ ਦੂਜਾ ਲੀਡਰ ਹੈ, ਜਿਨ੍ਹਾਂ ਦੀ ਵਿਚਾਰੀ ਮਾਂ ਅੱਜ ਸੜਕਾਂ 'ਤੇ ਰੁਲ ਰਹੀ ਹੈ ਤੇ ਕੋਈ ਉਸਦੀ ਸਾਰ ਲੈਣ ਵਾਲਾ ਨਹੀਂ ਹੈ।ਉਕਤ ਗਲੀ 'ਚ ਖ਼ਾਲੀ ਪਏ ਪਲਾਟ 'ਚ ਦੋਵੇਂ ਪਾਸਿਓਂ ਕਰੀਬ 2-2 ਫੁੱਟੀਆਂ ਮਿੱਟੀ ਦੇ ਗਾਰੇ ਨਾਲ ਕੱਢੀਆਂ ਕੰਧਾਂ 'ਤੇ ਉਪਰੋਂ ਪਲਾਈ ਦੇ ਟੁਕੜੇ ਰੱਖ ਕੇ ਬਣਾਈ ਛੱਤ ਤੇ ਇਨ੍ਹਾਂ ਕੰਧਾਂ ਦੇ ਵਿਚਕਾਰ ਪਈ ਬਜ਼ੁਰਗ ਮਾਤਾ ਹੌਂਕੇ ਲੈ ਰਹੀ ਸੀ।
ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਪਈਆਂ ਭਾਜੜਾਂ, ਬੱਚਿਆਂ ਦੇ ਵੀ ਆਏ ਸੀ ਸੰਪਰਕ 'ਚ
ਅੱਤ ਦੀ ਗਰਮੀ 'ਚ ਬਿਨਾਂ ਤਨ ਦੇ ਕੱਪੜਿਆਂ ਤੋਂ ਪਈ ਇਸ ਮਾਤਾ ਦੇ ਸਿਰ 'ਚ ਕੀੜੇ ਪੈ ਚੁੱਕੇ ਸਨ। ਇਸਦੀ ਸੂਚਨਾ ਆਸ-ਪਾਸ ਤੋਂ ਕਿਸੇ ਨੇ ਪੁਲਸ ਨੂੰ ਦਿੱਤੀ ਅਤੇ ਮੌਕੇ ਤੇ ਪੁਲਸ ਪਹੁੰਚੀ ਤਾਂ ਉਨ੍ਹਾਂ ਹਾਲਾਤ ਵੇਖ ਇਸ ਸਬੰਧੀ ਸਾਲਾਸਰ ਸੇਵਾ ਸੁਸਾਇਟੀ ਨੂੰ ਜਾਣੂੰ ਕਰਵਾਇਆ ਤਾਂ ਜੋ ਇਸ ਬਜ਼ੁਰਗ ਬੀਬੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਜਾਵੇ। ਜਦ ਮੌਕੇ 'ਤੇ ਹੀ ਸਾਲਾਸਰ ਸੇਵਾ ਸੁਸਾਇਟੀ ਦੇ ਸੇਵਾਦਾਰ ਪਹੁੰਚੇ ਤਾਂ ਪਹਿਲੀ ਨਜ਼ਰੇ ਸਭ ਨੂੰ ਇੰਝ ਜਾਪਿਆ ਕਿ ਇਹ ਬਜ਼ੁਰਗ ਬੀਬੀ ਲਵਾਰਿਸ ਹੋਵੇਗੀ। ਪਰ ਜਦ ਪਤਾ ਲੱਗਾ ਕਿ ਇਸ ਮਾਤਾ ਦਾ ਇੱਕ ਪੁੱਤਰ ਇਕ ਰਾਜਸੀ ਪਾਰਟੀ ਦਾ ਆਗੂ ਹੈ ਅਤੇ ਇੱਕ ਪੁੱਤ ਚੰਗੀ ਸਰਕਾਰੀ ਨੌਕਰੀ 'ਤੇ ਹੈ। ਪਰਿਵਾਰ ਵਲੋਂ ਇੱਕ ਵਿਅਕਤੀ ਨੂੰ ਇਸਦੀ ਸਾਂਭ-ਸੰਭਾਲ ਦਾ ਕਹਿ ਇਸਨੂੰ ਅਜਿਹੀ ਥਾਂ 'ਤੇ ਰੱਖਿਆ ਤਾਂ ਜਿਸ ਨੂੰ ਵੇਖ ਸਭ ਜਿੱਥੇ ਹੈਰਾਨ ਹੋਏ, ਉੱਥੇ ਇਸ ਯੁੱਗ ਵਿਚ ਖੂਨ ਕਿਸ ਤਰ੍ਹਾਂ ਚਿੱਟਾ ਹੋ ਰਿਹਾ, ਇਹ ਸਭ ਦੇ ਸਾਹਮਣੇ ਸੀ।
ਇਹ ਵੀ ਪੜ੍ਹੋ: ਕੈਦੀ ਨੇ ਗੁਪਤ ਅੰਗ 'ਚ ਲੁਕੋ ਕੇ ਰੱਖਿਆ ਸੀ ਮੋਬਾਇਲ, ਇੰਝ ਖੁੱਲ੍ਹਿਆ ਭੇਤ
ਸੁਸਾਇਟੀ ਵਲੋਂ ਇਸ ਬੀਬੀ ਨੂੰ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਇਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਇਸ ਦਰਮਿਆਨ ਹੀ ਸੂਚਨਾ ਇਸ ਬਜ਼ੁਰਗ ਬੀਬੀ ਦੇ ਪੁੱਤਰ ਨੂੰ ਦਿੱਤੀ ਗਈ ਤੇ ਫਿਰ ਲੋਕਾਂ ਨੇ ਉਸਨੂੰ ਲਾਹਨਤਾਂ ਵੀ ਪਾਈਆਂ। ਸਰਕਾਰੀ ਹਸਪਤਾਲ ਵਿਚ ਪਹੁੰਚਿਆ ਬਜ਼ੁਰਗ ਮਾਤਾ ਦਾ ਪੁੱਤ ਕੈਮਰੇ ਦੀ ਅੱਖ ਤੋਂ ਬਚਦਾ ਰਿਹਾ ਅਤੇ ਜਦ ਡਾਕਟਰਾਂ ਨੇ ਫਰੀਦਕੋਟ ਰੈਫਰ ਕੀਤਾ ਤਾਂ ਹਾਲਾਤ ਵੇਖ ਉਹ ਬਜ਼ੁਰਗ ਦੇ ਨਾਲ ਇਲਾਜ ਲਈ ਫਰੀਦਕੋਟ ਗਿਆ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਤਾ ਦਾ ਇੱਕ ਪੁੱਤਰ ਜਿੱਥੇ ਇੱਕ ਨਵੀਂ ਬਣੀ ਰਾਜਸੀ ਪਾਰਟੀ ਦਾ ਆਗੂ ਹੈ, ਉੱਥੇ ਇੱਕ ਪੁੱਤਰ ਸਰਕਾਰੀ ਨੌਕਰੀ 'ਤੇ ਹੈ। ਉੱਥੇ ਹੀ ਮਾਤਾ ਦੀ ਪੋਤਰੀ ਵੀ.ਪੀ.ਸੀ.ਐੱਸ. ਅਫ਼ਸਰ ਹੈ। ਮਾਤਾ ਦੀ ਸਾਂਭ-ਸੰਭਾਲ ਲਈ ਕਥਿਤ ਤੌਰ 'ਤੇ ਇਨ੍ਹਾਂ ਮਾਤਾ ਕਿਸੇ ਵਿਅਕਤੀ ਦੇ ਘਰ 'ਚ ਛੱਡੀ ਹੋਈ ਸੀ ਅਤੇ ਉਹ ਵਿਅਕਤੀ ਇਸ ਤਰ੍ਹਾਂ ਖਾਲੀ ਪਲਾਟ ਵਿਚ ਮਾਤਾ ਨੂੰ ਰੱਖ ਰਿਹਾ ਸੀ।
ਇਹ ਵੀ ਪੜ੍ਹੋ: ਦੋਰਾਹਾ 'ਚ ਅੱਗ ਦਾ ਤਾਂਡਵ, 9 ਦੁਕਾਨਾਂ ਸੜ ਕੇ ਹੋਈਆਂ ਸੁਆਹ