ਸ਼ਰਧਾ ਦੇ ਸੈਲਾਬ ਨਾਲ ਤੁਰੀ ''ਕਾਂਸ਼ੀ ਨੂੰ ਗੱਡੀ'', ਦੇਖੋ ਤਸਵੀਰਾਂ
Monday, Jan 29, 2018 - 12:55 AM (IST)

ਜਲੰਧਰ (ਗੁਲਸ਼ਨ, ਮਹੇਸ਼ ਖੋਸਲਾ)— ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 641ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਲਈ ਡੇਰਾ ਸੰਤ ਸਰਵਣ ਦਾਸ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਦੀ ਅਗਵਾਈ ਵਿਚ ਵਾਰਾਣਸੀ ਲਈ ਸਪੈਸ਼ਲ ਟਰੇਨ ਐਤਵਾਰ ਨੂੰ ਦੁਪਹਿਰ 2.50 'ਤੇ ਰਵਾਨਾ ਹੋਈ। 22 ਕੋਚਾਂ ਤੇ 2 ਐੱਸ. ਐੱਲ. ਆਰ. ਵਾਲੀ ਸਪੈਸ਼ਲ ਟਰੇਨ 'ਚ ਲਗਭਗ 1650 ਸ਼ਰਧਾਲੂ ਪ੍ਰਕਾਸ਼ ਦਿਹਾੜਾ ਮਨਾਉਣ ਲਈ ਬਨਾਰਸ ਲਈ ਰਵਾਨਾ ਹੋਏ।
ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਤੇ ਡੇਰਾ ਸੱਚਖੰਡ ਬੱਲਾਂ ਦੇ ਸੰਤ ਸ਼੍ਰੀ ਨਿਰੰਜਨ ਦਾਸ ਵਲੋਂ ਹਰ ਸਾਲ ਵਾਰਾਣਸੀ ਲਈ ਸਪੈਸ਼ਲ ਟਰੇਨ ਬੁੱਕ ਕਾਰਵਾਈ ਜਾਂਦੀ ਹੈ। ਇਸ ਵਾਰ ਵੀ ਇਹ ਸਪੈਸ਼ਲ ਟਰੇਨ 40.56 ਲੱਖ ਰੁਪਏ ਦੀ ਬੁੱਕ ਕਰਵਾਈ ਗਈ ਸੀ। ਟਰੇਨ ਬੁੱਕ ਹੋਣ ਤੋਂ ਬਾਅਦ ਸੀਟਾਂ ਬੁੱਕ ਕਰਵਾਉਣ ਲਈ ਸ਼ਰਧਾਲੂਆਂ ਵਿਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਸੀ। ਦੂਰ-ਦੂਰਾਡੇ ਤੋਂ ਆਉਣ ਵਾਲੀ ਸੰਗਤ ਸਵੇਰ ਤੋਂ ਹੀ ਸਟੇਸ਼ਨ 'ਤੇ ਪਹੁੰਚਣੀ ਸ਼ੁਰੂ ਹੋ ਗਈ ਸੀ। ਸੰਗਤ ਦੀ ਸਹੂਲਤ ਲਈ ਸਟੇਸ਼ਨ ਦੇ ਬਾਹਰ ਕਈ ਤਰ੍ਹਾਂ ਦੇ ਲੰਗਰ ਵੀ ਲਾਏ ਗਏ ਸਨ। ਸਟੇਸ਼ਨ ਦੇ ਸਰਕੂਲੇਟਿੰਗ ਏਰੀਏ ਵਿਚ ਲੱਗੇ ਡੀ. ਜੇ. ਦੀਆਂ ਧੁਨਾਂ 'ਤੇ ਨੌਜਵਾਨਾਂ ਨੇ ਬਹੁਤ ਭੰਗੜਾ ਪਾਇਆ। ਪਲੇਟਫਾਰਮ ਨੰਬਰ 1 'ਤੇ ਢੋਲ ਦੀ ਥਾਪ 'ਤੇ ਔਰਤਾਂ ਨੇ ਨੱਚ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਇਸ ਤੋਂ ਪਹਿਲਾਂ ਸੰਤ ਨਿਰੰਜਨ ਦਾਸ ਜੀ ਇਕ ਸ਼ੋਭਾ ਯਾਤਰਾ ਰਾਹੀਂ ਰੇਲਵੇ ਸਟੇਸ਼ਨ ਪਹੁੰਚੇ। ਰਸਤੇ ਵਿਚ ਬੀ. ਐੱਸ. ਐੱਫ਼. ਚੌਕ ਨੇੜੇ ਸ੍ਰੀ ਗੁਰੂ ਰਵਿਦਾਸ ਐਜੂਕੇਸ਼ਨ ਚੈਰੀਟੇਬਲ ਟਰੱਸਟ ਬੂਟਾ ਮੰਡੀ ਦੇ ਪ੍ਰਧਾਨ ਸੇਠ ਸਤਪਾਲ ਮੱਲ, ਵਿਧਾਇਕ ਰਾਜਿੰਦਰ ਬੇਰੀ, ਠਾਕੁਰ ਦਾਸ ਸੁਮਨ, ਸੁਰਿੰਦਰ ਕੁਮਾਰ ਤੇ ਹੋਰਨਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਜਿਵੇਂ ਹੀ ਨਿਰੰਜਨ ਦਾਸ ਜੀ ਸਟੇਸ਼ਨ ਦੇ ਬਾਹਰ ਲੱਗੇ ਪੰਡਾਲ ਵਿਚ ਪਹੁੰਚੇ ਤਾਂ ਪਹਿਲਾਂ ਤੋਂ ਮੌਜੂਦ ਭਾਰੀ ਗਿਣਤੀ ਵਿਚ ਸੰਗਤ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੇ ਗੱਦੀ 'ਤੇ ਬਿਰਾਜਮਾਨ ਹੋ ਕੇ ਸਮੂਹ ਸੰਗਤ ਨੂੰ ਦਰਸ਼ਨ ਦਿੱਤੇ। ਕਈ ਪਤਵੰਤਿਆਂ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੇਰੇ ਦੇ ਮੁੱਖ ਸੇਵਾਦਾਰ ਨਿਰਮਲ ਸਿੰਘ, ਸੁਰਿੰਦਰ ਮਹੇ ਤੇ ਤਰਸੇਮ ਲਾਲ ਸਰੋਆ ਆਦਿ ਮੌਜੂਦ ਸਨ।
ਜਿਵੇਂ ਹੀ ਸੰਤ ਨਿਰੰਜਨ ਦਾਸ ਜੀ ਟਰੇਨ ਵਿਚ ਸਵਾਰ ਹੋਣ ਲਈ ਸਟੇਸ਼ਨ ਕੰਪਲੈਕਸ 'ਚ ਦਾਖਲ ਹੋਏ ਤਾਂ ਪੂਰਾ ਕੰਪਲੈਕਸ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰੇ ਨਾਲ ਗੂੰਜ ਉੱਠਿਆ। ਸਟੇਸ਼ਨ 'ਤੇ ਮੌਜੂਦ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸੰਤ ਨਿਰੰਜਨ ਦਾਸ ਜੀ ਦੀ ਝਲਕ ਪਾਉਣ ਲਈ ਕਾਫੀ ਉਤਸੁਕ ਦਿਖੇ। ਪੁਲਸ ਪ੍ਰਸ਼ਾਸਨ ਵਲੋਂ ਸਖਤ ਸੁਰੱਖਿਆ ਪ੍ਰਬੰਧ ਹੇਠ ਸੰਤ ਨਿਰੰਜਨ ਦਾਸ ਜੀ ਨੂੰ ਟਰੇਨ ਦੇ ਸੀ-11 ਕੋਚ ਤੱਕ ਲਿਆਂਦਾ ਗਿਆ। ਸੀਟ 'ਤੇ ਬੈਠਣ ਤੋਂ ਪਹਿਲਾਂ ਸੰਤ ਨਿਰੰਜਨ ਦਾਸ ਜੀ ਨੇ ਦਰਵਾਜ਼ੇ 'ਚ ਖੜ੍ਹੇ ਹੋ ਕੇ ਸ਼ਰਧਾਲੂਆਂ ਨੂੰ ਦਰਸ਼ਨ ਦਿੱਤੇ।
ਸੰਗਤ ਦੇ ਟਰੇਨ ਵਿਚ ਸਵਾਰ ਹੋਣ ਤੋਂ ਬਾਅਦ ਟਰੇਨ ਆਪਣੇ ਨਿਰਧਾਰਿਤ ਸਮੇਂ 2.50 'ਤੇ ਰਵਾਨਾ ਹੋਈ। ਜ਼ਿਕਰਯੋਗ ਹੈ ਕਿ ਵਾਰਾਣਸੀ 'ਚ 31 ਜਨਵਰੀ ਨੂੰ ਪ੍ਰਕਾਸ਼ ਦਿਹਾੜਾ ਮਨਾਉਣ ਤੋਂ ਬਾਅਦ ਇਹ ਸਪੈਸ਼ਲ ਟਰੇਨ 1 ਫਰਵਰੀ ਨੂੰ ਚੱਲ ਕੇ 2 ਫਰਵਰੀ ਨੂੰ ਵਾਪਸ ਪਰਤੇਗੀ।