ਗੁਰੂ ਘਰਾਂ ਦੇ ਲੰਗਰ ਲਈ ਕੀਤੀਆਂ ਸੇਵਾਵਾਂ ਸੱਚਖੰਡ ''ਚ ਸਹਾਈ ਹੋਣਗੀਆਂ : ਸੰਤ ਨਿਰੰਜਣ ਦਾਸ
Sunday, Jan 28, 2018 - 05:49 PM (IST)

ਕਿਸ਼ਨਗੜ੍ਹ (ਬੈਂਸ)¸ ਸਤਿਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਸੀਰ ਗੋਵਰਧਨਪੁਰ ਕਾਂਸੀ ਬਨਾਰਸ ਵਿਖੇ ਵਿਸ਼ਵ ਭਰ ਦੀਆਂ ਸਮੁੱਚੀਆਂ ਸਤਿਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵੱਲੋਂ ਡੇਰਾ ਬ੍ਰਹਮਲੀਨ ਸੰਤ ਸਰਵਣ ਦਾਸ ਸੱਚਖੰਡ ਬੱਲਾਂ ਦੇ ਮਹਾਪੁਰਸ਼ਾਂ ਦੀ ਸਰਪ੍ਰਸਤੀ ਹੇਠ ਮਨਾਏ ਜਾ ਰਹੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 641ਵੇਂ ਪਾਵਨ ਪ੍ਰਕਾਸ਼ ਪੁਰਬ ਸਮਾਗਮ ਸਬੰਧੀ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਟਰੱਸਟ (ਰਜਿ.) ਗੁਰਾਇਆ ਦੇ ਅਹੁਦੇਦਾਰਾਂ ਵੱਲੋਂ ਉਚੇਚੇ ਤੌਰ 'ਤੇ ਡੇਰਾ ਸੱਚਖੰਡ ਬੱਲਾਂ ਵਿਚ ਨਤਮਸਤਕ ਹੁੰਦਿਆਂ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਮਹਾਰਾਜ ਜੀ ਨੂੰ ਉਕਤ ਸਮਾਗਮ ਦੇ ਲੰਗਰ ਲਈ 51000 ਰੁਪਏ ਦੀ ਸੇਵਾ ਭੇਟ ਕੀਤੀ ਗਈ। ਇਸ ਮੌਕੇ 'ਤੇ ਟਰੱਸਟ ਦੇ ਅਹੁਦੇਦਾਰਾਂ ਨੂੰ ਉਚੇਚੇ ਤੌਰ 'ਤੇ ਸਤਿਕਾਰ ਬਖਸ਼ਦਿਆਂ ਸੰਤ ਨਿਰੰਜਣ ਦਾਸ ਮਹਾਰਾਜ ਜੀ ਨੇ ਆਖਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਲੰਗਰ ਲਈ ਕੀਤੀਆਂ ਨਿਸ਼ਕਾਮ ਸੇਵਾਵਾਂ ਸੱਚਖੰਡ ਵਿਚ ਸਹਾਈ ਹੋਣਗੀਆਂ।
ਜ਼ਿਕਰਯੋਗ ਹੈ ਕਿ ਟਰੱਸਟ ਦੇ ਅਹੁਦੇਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਟਰੱਸਟ ਵਲੋਂ ਪਿਛਲੇ ਸਾਲ ਕਾਂਸ਼ੀ ਬਨਾਰਸ ਮੰਦਰ ਲਈ ਲੰਗਰ ਬਣਾਉਣ ਵਾਲੀ ਮਸ਼ੀਨ ਭੇਟ ਕੀਤੀ ਗਈ ਸੀ। ਉਕਤ ਟਰੱਸਟ ਵੱਲੋਂ ਹਰ ਮਹੀਨੇ ਕਮਾਈ ਤੋਂ ਅਸਮਰੱਥ ਅਤੇ ਗਰੀਬ ਪਰਿਵਾਰਾਂ ਨੂੰ ਹਰ ਮਹੀਨੇ ਮੁਫਤ ਰਾਸ਼ਨ ਦੇ ਨਾਲ-ਨਾਲ ਆਰਥਿਕ ਤੌਰ 'ਤੇ ਕਮਜ਼ੋਰ ਅਤੇ ਪੜ੍ਹਾਈ ਵਿਚ ਹੁਸ਼ਿਆਰ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਅਤੇ ਵਰਦੀਆਂ ਭੇਟ ਕੀਤੀਆਂ ਜਾਂਦੀਆਂ ਹਨ। ਇਸ ਮੌਕੇ ਪ੍ਰਧਾਨ ਹਰਮੇਸ਼ ਲਾਲ ਚੌਹਾਨ (ਨਗਰ ਕੌਂਸਲਰ ਗੁਰਾਇਆ) ਗੁਰਦੀਪ ਰਾਮ, ਪਰਮਜੀਤ ਭੱਟ, ਕੁਲਦੀਪ ਰਾਏ ਬਹਿਰਾਮ, ਰਮਨਦੀਪ ਭੋਗਪੁਰ, ਕਸ਼ਮੀਰ ਕੌਰ, ਊਸ਼ਾ ਰਾਣੀ, ਮਨਜੀਤ ਕੌਰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।