ਸ਼੍ਰੀ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ

Saturday, Apr 09, 2022 - 02:57 PM (IST)

ਅਬੋਹਰ (ਸੁਨੀਲ)- 3 ਸਾਲ ਬਾਅਦ ਆਯੋਜਿਤ ਕੀਤੀ ਜਾ ਰਹੀ ਸ਼੍ਰੀ ਅਮਰਨਾਥ ਗੁਫ਼ਾ ਦੀ ਯਾਤਰਾ ਲਈ ਸ਼੍ਰਾਈਨ ਬੋਰਡ ਨੇ ਕੇਂਦਰ ਸਰਕਾਰ ਦੀ ਸਹਿਮਤੀ ਨਾਲ ਜਿਹੜਾ ਪ੍ਰੋਗਰਾਮ ਐਲਾਨਿਆ ਗਿਆ ਹੈ ਉਸ ਅਨੁਸਾਰ ਯਾਤਰਾ 30 ਜੂਨ ਤੋਂ ਸ਼ੁਰੂ ਹੋਵੇਗੀ ਅਤੇ ਇਸ ਦੀ ਸਮਾਪਤੀ 11 ਅਗਸਤ ਨੂੰ ਹੋਵੇਗੀ। ਯਾਤਰਾ ਲਈ ਪਰੰਪਰਾਗਤ ਚੰਦਨਬਾੜੀ ਰੋਡ ਦੇ ਨਾਲ-ਨਾਲ ਬਾਲਟਾਲ ਦੀਆਂ ਖ਼ਤਰਨਾਕ ਪਹਾੜੀਆਂ ਪਰ ਘਟ ਦੂਰੀ ਵਾਲੀ ਰੋਡ ਵੀ ਚੁਣੀ ਜਾਂਦੀ ਹੈ।

ਚੰਦਨਬਾੜੀ ਦੇ ਰਸਤੇ ਅਤੇ ਪਿੱਸੂਟਾਪ ਦੀ ਖ਼ਤਰਨਾਕ ਪਹਾੜੀ 'ਤੇ 23 ਵਾਰ ਸ਼੍ਰੀ ਅਮਰਨਾਥ ਯਾਤਰਾ ਦੌਰਾਨ ਲੰਗਰ ਦਾ ਆਯੋਜਨ ਕਰ ਚੁੱਕੀ ਸ਼੍ਰੀ ਅਮਰਨਾਥ ਲੰਗਰ ਸੇਵਾ ਸੰਮਤੀ ਪ੍ਰਧਾਨ ਭੀਮ ਸੈਨ ਜਾਟ ਨੇ ਕਿਹਾ ਕਿ ਇਸ ਵਾਰ ਵੀ ਉੱਥੇ ਮੁਫ਼ਤ ਲੰਗਰ ਦਾ ਆਯੋਜਨ ਕੀਤਾ ਜਾਵੇਗਾ ਪਰ ਪ੍ਰੇਸ਼ਾਨੀ ਇਸ ਗੱਲ ਦੀ ਹੈ ਕਿ ਸਿਹਤ ਮਹਿਕਮੇ ਪੰਜਾਬ ਨੇ ਅਜੇ ਤੱਕ ਸਥਾਨਕ ਉਪਮੰਡਲ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਯਾਤਰੀਆਂ ਲਈ ਸਿਹਤ ਪ੍ਰਮਾਣ ਪੱਤਰ ਜਾਰੀ ਕਰਨ ਦਾ ਅਧਿਕਾਰ ਨਹੀਂ ਦਿੱਤਾ ਹੈ ਜਦਕਿ ਪ੍ਰਮਾਣ ਪੱਤਰ ਦੇ ਬਿਨਾਂ ਕੋਈ ਵੀ ਵਿਅਕਤੀ ਯਾਤਰਾ ਨਹੀਂ ਕਰ ਸਕਦਾ। ਪਿਛਲੇ ਸਾਲਾਂ ਵਿਚ ਓਸਤਨ ਸੰਮਤੀ ਵੱਲੋਂ 50 ਵਲੰਟੀਅਰ ਲੰਗਰ ਸੇਵਾ ਦੇ ਲਈ ਭੇਜੇ ਜਾਂਦੇ ਸੀ ਜਦਕਿ ਪੂਰੇ ਜ਼ਿਲ੍ਹੇ ਤੋਂ ਸੈਂਕੜਾਂ ਦੀ ਗਿਣਤੀ ਵਿਚ ਯਾਤਰੀ ਸ਼੍ਰੀ ਅਮਰਨਾਥ ਗੁਫ਼ਾ ਦੇ ਦਰਸ਼ਨ ਕਰ ਜੀਵਨ ਸਫਲ ਬਣਾਉਂਦੇ ਹਨ।

ਇਹ ਵੀ ਪੜ੍ਹੋ: ਸੁਨੀਲ ਜਾਖੜ ਦਾ ਬਿਆਨ, ਸਿਆਸੀ ਨੇਤਾ ਮਾੜੇ ਪ੍ਰਚਾਰ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਨਾ ਕਰਨ

ਸਿਹਤ ਮਹਿਕਮਾ ਪੰਜਾਬ ਨੇ ਸਿਹਤ ਜਾਂਚ ਪ੍ਰਮਾਣ ਪੱਤਰ ਜਾਰੀ ਕਰਨ ਲਈ ਡਾਕਟਰਾਂ ਦੀ ਜਿਹੜੀ ਲਿਸਟ ਭੇਜੀ ਹੈ, ਉਸ ਵਿਚ 23 ’ਚੋਂ ਸਿਰਫ਼ 11 ਜ਼ਿਲ੍ਹਿਆਂ ਦੇ ਡਾਕਟਰਾਂ ਨੂੰ ਇਹ ਅਧਿਕਾਰ ਦਿੱਤਾ ਗਿਆ ਹੈ। ਇਥੇ ਪ੍ਰਾਪਤ ਲਿਸਟ ਅਨੁਸਾਰ ਗੁਰਦਾਸਪੁਰ ਦੇ 6, ਸੰਗਰੂਰ ਦੇ 3, ਕਪੂਰਥਲਾ ਦੇ 5, ਮੋਹਾਲੀ ਦੇ 3, ਪਠਾਨਕੋਟ ਦਾ 1, ਰੋਪੜ ਦੇ 4, ਬਠਿੰਡਾ ਦੇ 9, ਜਲੰਧਰ ਦੇ 8, ਬਰਨਾਲਾ ਅਤੇ ਅੰਮ੍ਰਿਤਸਰ ਦੇ 5-5 ਜਦਕਿ ਪਟਿਆਲਾ ਦੇ 39 ਡਾਕਟਰਾਂ ਨੂੰ ਸਿਹਤ ਜਾਂਚ ਕਰਕੇ ਪ੍ਰਮਾਣ ਪੱਤਰ ਜਾਰੀ ਕਰਨ ਲਈ ਅਧਿਕਾਰ ਦਿੱਤਾ ਗਿਆ ਹੈ। 3 ਸਾਲ ਪਹਿਲਾਂ ਸਿਹਤ ਮਹਿਕਮੇ ਨੇ ਜਿਹੜੀ ਲਿਸਟ ਜਾਰੀ ਕੀਤੀ ਸੀ, ਉਸ ਵਿਚ ਪਟਿਆਲਾ ਦੇ 12, ਪਠਾਨਕੋਟ ਦੇ 3, ਫਾਜ਼ਿਲਕਾ ਜ਼ਿਲ੍ਹੇ ਦੇ 5 ਅਤੇ ਫਿਰੋਜ਼ਪੁਰ ਦੇ 23 ਡਾਕਟਰਾਂ ਨੂੰ ਅਧਿਕਾਰ ਦਿੱਤਾ ਗਿਆ ਸੀ , ਹੁਣ ਜਾਰੀ ਕੀਤੀ ਗਈ ਲਿਸਟ ਤੋਂ ਫਾਜ਼ਿਲਕਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਨਾਂਅ ਹੀ ਗਾਇਬ ਹਨ। ਜਾਂਚ ਮੁਫ਼ਤ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: ਜਪਾਨ ਤੋਂ ਪਰਤੀ ਇਕਲੌਤੇ ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਸਿਹਤ ਮਹਿਕਮੇ ਦੀ ਕਾਰਜਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਚੁੱਕਦੇ ਹੋਏ ਸੰਮਤੀ ਨੇ ਕਿਹਾ ਹੈ ਕਿ ਅਬੋਹਰ ਤੋਂ ਜਿਹੜੇ ਯਾਤਰੀ ਜਾਂ ਵਾਲੰਟੀਅਰ ਸ਼੍ਰੀ ਅਮਰਨਾਥ ਗੁਫਾ ਦੇ ਦਰਸ਼ਨ ਜਾਂ ਲੰਗਰ ਲਗਾਉਣ ਲਈ ਜਾਣਾ ਚਾਹੁਣਗੇ ਉਨ੍ਹਾਂ ਨੂੰ ਇਥੋਂ 75 ਕਿਲੋਮੀਟਰ ਦੂਰ ਬਠਿੰਡਾ ਜਾ ਕੇ ਸਿਹਤ ਜਾਂਚ ਕਰਵਾਉਣੀ ਪਵੇਗੀ। ਇਸ ਫ਼ੈਸਲੇ ਨੂੰ ਜਲਦ ਸੁਧਾਰਿਆ ਜਾਣਾ ਚਾਹੀਦਾ ਹੈ ਤਾਂ ਕਿ ਸਾਰੇ ਜ਼ਿਲ੍ਹਿਆਂ ਤੋਂ ਸਵੈ ਸੇਵੀ ਅਤੇ ਯਾਤਰੀ ਪੰਜੀਕਰਨ ਕਰਵਾ ਸਕਣ। ਸਿਹਤ ਮਹਿਕਮੇ ਨੇ ਯਾਤਰੀ ਸਿਹਤ ਜਾਂਚ ਪ੍ਰਮਾਣ ਪੱਤਰ ਜਾਰੀ ਕਰਨ ਲਈ ਡਾ. ਸੁਰੇਸ਼ ਕੰਬੋਜ ਦੀ ਡਿਊਟੀ ਲਗਾਈ ਹੈ।

ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਕਾਠਗੜ੍ਹ ਵਿਖੇ ਮਾਂ ਦੀ ਮੌਤ ਤੋਂ ਬਾਅਦ ਨਵਜੰਮੇ ਬੱਚੇ ਨੇ ਵੀ ਤੋੜਿਆ ਦਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News