ਸੋਢਲ ਮੇਲੇ ਦੌਰਾਨ ਝੂਲਾ ਟੁੱਟਣ ਦੀ ਵਾਇਰਲ ਹੋਈ ਵੀਡੀਓ ਦੀ ਸੱਚਾਈ ਆਈ ਸਾਹਮਣੇ
Thursday, Sep 12, 2019 - 06:54 PM (IST)
ਜਲੰਧਰ (ਵਰੁਣ)— ਸ਼੍ਰੀ ਸਿੱਧ ਬਾਬਾ ਸੋਢਲ ਦੇ ਮੇਲੇ ਦੌਰਾਨ ਬੀਤੇ ਦਿਨ ਝੂਲਾ ਟੁੱਟਣ ਦੇ ਕਾਰਨ ਅੱਧੀ ਦਰਜਨ ਲੋਕ ਜ਼ਖਮੀ ਹੋ ਗਏ ਸਨ। ਇਸ ਹਾਦਸੇ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਕੋਲੰਬਸ ਝੂਲਾ ਟੁੱਟਦਾ ਦਿਖਾਇਆ ਗਿਆ ਅਤੇ 5 ਦੇ ਕਰੀਬ ਲੋਕ ਜ਼ਖਮੀ ਦਿਖਾਏ ਗਏ ਹਨ। ਦੱਸ ਦੇਈਏ ਕਿ ਇਹ ਵੀਡੀਓ ਬਿਲਕੁਲ ਫੇਕ ਹੈ ਅਤੇ ਸੋਢਲ ਮੇਲੇ 'ਚ ਕੋਲੰਬਸ ਝੂਲਾ ਨਹੀਂ ਟੁੱਟਾ ਬਲਕਿ ਬ੍ਰੇਕ ਡਾਂਸ ਝੂਲਾ ਟੁੱਟਾ ਹੈ। ਇਸ ਦੀ ਪੁਸ਼ਟੀ ਡੀ. ਸੀ. ਪੀ ਗੁਰਮੀਤ ਸਿੰਘ ਵੱਲੋਂ ਕੀਤੀ ਗਈ ਹੈ।
ਉਨ੍ਹਾਂ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਸੋਢਲ ਮੇਲੇ ਨੂੰ ਲੈ ਕੇ ਝੂਲਾ ਟੁੱਟਣ ਦੀ ਜੋ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਉਹ ਬਿਲਕੁਲ ਜਾਅਲੀ ਵੀਡੀਓ ਹੈ। ਉਨ੍ਹਾਂ ਨੇ ਲੋਕਾਂ ਨੂੰ ਅਜਿਹੀ ਵੀਡੀਓ ਅਪਲੋਡ ਨਾ ਕੀਤੀ ਜਾਵੇ, ਜਿਸ ਨਾਲ ਲੋਕਾਂ 'ਚ ਡਰ ਪੈਦਾ ਹੋਵੇ। ਉਨ੍ਹਾਂ ਕਿਹਾ ਕਿ ਅਜਿਹੀ ਵੀਡੀਓ ਨੂੰ ਅਪਲੋਡ ਕਰਨ ਤੋਂ ਪਹਿਲਾਂ ਉਸ ਦੀ ਪ੍ਰਮਾਣਿਕਤਾ ਨੂੰ ਦੇਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਲੋਕ ਮੇਲੇ ਦੀ ਪਵਿੱਤਰਾ ਦੇ ਮੱਦੇਨਜ਼ਰ ਬਾਬਾ ਸੋਢਲ ਦੇ ਦਰਸ਼ਨ ਕਰਨ ਲਈ ਲੱਖਾਂ ਸ਼ਰਧਾਲੂ ਆ ਰਹੇ ਹਨ ਅਤੇ ਲੋਕਾਂ 'ਚ ਡਰ ਪੈਦਾ ਕਰਨ ਵਾਲੀਆਂ ਅਜਿਹੀਆਂ ਅਪਲੋਡ ਨਾ ਕੀਤੀਆਂ ਜਾਣ।
ਜ਼ਿਕਰਯੋਗ ਹੈ ਕਿ ਸੋਢਲ ਮੇਲੇ 'ਚ ਬ੍ਰੇਕ ਡਾਂਸ ਝੂਲੇ ਦੇ ਨਟ ਖੁੱਲ੍ਹਣ ਕਾਰਨ ਹਾਦਸਾ ਵਾਪਰ ਗਿਆ ਸੀ। ਨਟ ਖੁੱਲ੍ਹਣ ਤੋਂ ਬਾਅਦ ਝੂਲੇ ਦੀ ਫਰਸ਼ ਦੀਆਂ ਪਲੇਟਾਂ ਉੱਖੜ ਗਈਆਂ, ਜੋ ਝੂਟੇ ਲੈਣ ਦੀ ਉਡੀਕ ਕਰ ਰਹੇ ਸ਼ਰਧਾਲੂਆਂ ਨੂੰ ਲੱਗੀਆਂ ਸਨ। ਹਾਦਸੇ ਤੋਂ ਬਾਅਦ ਕੁਝ ਲੋਕਾਂ ਨੇ ਝੂਲੇ ਵਾਲਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ ਅਤੇ ਦੋਸ਼ ਸੀ ਕਿ ਕੈਸ਼ ਵੀ ਚੋਰੀ ਕਰ ਲਿਆ ਗਿਆ।
ਹਾਦਸਾ ਬੁੱਧਵਾਰ ਦੀ ਰਾਤ 10 ਵਜੇ ਦਾ ਹੈ, ਜਦੋਂ ਜੇ. ਐੱਮ. ਪੀ. ਫੈਕਟਰੀ ਨੇੜੇ ਲੱਗੇ ਬ੍ਰੇਕ ਡਾਂਸ ਝੂਲੇ 'ਤੇ ਸ਼ਰਧਾਲੂ ਆਪਣੇ ਬੱਚਿਆਂ ਨਾਲ ਝੂਲੇ ਦਿਵਾ ਰਹੇ ਸਨ। ਇਸ ਦੌਰਾਨ ਝੂਲੇ ਦੇ ਨਟ ਖੁੱਲ੍ਹਣੇ ਸ਼ੁਰੂ ਹੋ ਗਏ ਅਤੇ ਝੂਲੇ ਦੀਆਂ ਫਰਸ਼ 'ਤੇ ਲੱਗੀਆਂ ਪਲੇਟਾਂ ਉੱਖੜ ਕੇ ਝੂਟੇ ਲੈਣ ਲਈ ਲਾਈਨ 'ਚ ਖੜ੍ਹੇ ਸ਼ਰਧਾਲੂਆਂ ਨੂੰ ਲੱਗੀਆਂ। ਪਲੇਟਾਂ ਲੱਗਣ ਨਾਲ 6 ਲੋਕ ਜ਼ਖਮੀ ਹੋ ਗਏ, ਜਦਕਿ ਝੂਟੇ ਲੈ ਰਹੇ ਸਾਰੇ ਲੋਕ ਸੁਰੱਖਿਅਤ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ 'ਚ 2 ਬੱਚੇ ਵੀ ਸ਼ਾਮਲ ਸਨ।