ਦਿੱਲੀ : ਸ਼ਹੀਦ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ PM ਮੋਦੀ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜ਼ਲੀ
Saturday, Feb 16, 2019 - 01:00 AM (IST)
ਨਵੀਂ ਦਿੱਲੀ (ਵੈਬ ਡੈਸਕ)-ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਸੀ. ਆਰ. ਪੀ. ਐੱਫ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਸ਼ੁਕਰਵਾਰ ਸ਼ਾਮ ਨੂੰ ਪਾਲਮ ਏਅਰਪੋਰਟ ਨਵੀਂ ਦਿੱਲੀ ਲਿਆਂਦੀਆਂ ਗਈਆਂ। ਏਅਰਪੋਰਟ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਅਤੇ ਉਨ੍ਹਾਂ ਦੇ ਮ੍ਰਿਤਕ ਦੇਹਾਂ ਦੀ ਪਰਿਕਰਮਾ ਕੀਤੀ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਰੱਖਿਆ ਮੰਤਰੀ ਨਿਰਮਲਾ ਸੀਤਾਰਮਨ, ਤਿੰਨਾਂ ਫੌਜਾਂ ਦੇ ਮੁਖੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਣੇ ਸਾਰੇ ਕੇਂਦਰੀ ਮੰਤਰੀਆਂ ਨੇ ਜਵਾਨਾਂ ਨੂੰ ਸ਼ਰਧਾਂਜ਼ਲੀ ਦਿੱਤੀ। ਇਸ ਤੋਂ ਬਾਅਦ ਸ਼ਹੀਦਾਂ ਦੀਆਂ ਦੇਹਾਂ ਨੂੰ ਉਨ੍ਹਾਂ ਦੇ ਸੰਬੰਧਤ ਸੂਬਿਆਂ ਲਈ ਰਵਾਨਾ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਸ ਹਮਲੇ ਵਿਚ ਪੰਜਾਬ ਨਾਲ ਸੰਬੰਧਤ 4 ਜਵਾਨ ਸ਼ਹੀਦ ਹੋਏ ਹਨ। ਸ਼ਹੀਦ ਹੋਣ ਵਾਲੇ ਜਵਾਨਾਂ ’ਚ ਰੋਪੜ ਜ਼ਿਲੇ ਨਾਲ ਸਬੰਧ ਰੱਖਦੇ ਕੁਲਵਿੰਦਰ ਸਿੰਘ, ਤਰਨਤਾਰਨ ਨਾਲ ਸਬੰਧ ਰੱਖਦੇ ਸੁਖਜਿੰਦਰ ਸਿੰਘ, ਮੋਗਾ ਨਾਲ ਸਬੰਧ ਰੱਖਦੇ ਜੈਮਲ ਸਿੰਘ ਤੇ ਦੀਨਾਨਗਰ ਨਾਲ ਸਬੰਧ ਰੱਖਦੇ ਮਨਜਿੰਦਰ ਸਿੰਘ ਸ਼ਾਮਲ ਹਨ।