ਰੇਡ ਮਾਰਨ ਆਈ ਐਕਸਾਇਜ਼ ਪਾਰਟੀ ਤੋਂ ਚੱਲੀ ਗੋਲੀ, ਇਕ ਜ਼ਖਮੀ
Saturday, Nov 24, 2018 - 08:48 PM (IST)

ਸ਼ਾਹਕੋਟ/ਜਲੰਧਰ (ਅਰੁਣ ਚੋਪੜਾ)— ਸ਼ਾਹਕੋਟ ਦੇ ਨੇੜੇ ਸਤਲੁਜ ਕੱਢੇ ਵਸੇ ਇਕ ਪਿੰਡ 'ਚ ਰੇਡ ਮਾਰਨ ਗਈ ਐਕਸਾਇਜ਼ ਪਾਰਟੀ ਦੇ ਇਕ ਮੁਲਾਜ਼ਮ ਕੋਲੋਂ ਕਥਿਤ ਤੌਰ 'ਤੇ ਗੋਲੀ ਚੱਲ ਜਾਣ ਕਾਰਨ ਇਕ ਨੌਜਵਾਨ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲਾ ਮੋਗਾ ਦੇ ਥਾਣਾ ਧਰਮਕੋਟ ਤੋਂ ਐਕਸਾਇਜ਼ ਪਾਰਟੀ ਸ਼ਾਹਕੋਟ ਖੇਤਰ ਤੋਂ ਸਤਲੁਜ ਦਰਿਆ ਦੇ ਕੰਢਿਆ 'ਤੇ ਰੇਡ ਮਾਰਨ ਆਈ ਸੀ ਜਿਸ ਦਾ ਕਿ ਪਿੰਡ ਵਾਸੀਆਂ ਵਲੋਂ ਵਿਰੋਧ ਕੀਤਾ ਗਿਆ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਜਦੋਂ ਉਹ ਵਿਰੋਧ ਕਰ ਰਹੇ ਸਨ ਤਾਂ ਰੇਡ ਮਾਰਨ ਆਈ ਪਾਰਟੀ 'ਚੋਂ ਇਕ ਪੁਲਸ ਮੁਲਾਜ਼ਮ ਨੇ ਗੋਲੀ ਚਲਾ ਦਿੱਤੀ ਜੋ ਮੌਕੇ 'ਤੇ ਮੌਜੂਦ ਇਕ ਨੌਜਵਾਨ ਦੇ ਪੇਟ 'ਚ ਜਾ ਲੱਗੀ। ਜ਼ਖਮੀ ਨੌਜਵਾਨ ਨੂੰ ਪਿੰਡ ਵਾਸੀਆਂ ਵਲੋਂ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਲੁਧਿਆਣੇ ਰੈਫਰ ਕਰ ਦਿੱਤਾ ਗਿਆ।
ਇਸ ਮੌਕੇ ਥਾਣਾ ਸ਼ਾਹਕੋਟ ਦੇ ਮੁਖੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਧਰਮਕੋਟ ਥਾਣੇ ਤੋਂ ਐਕਸਾਇਜ਼ ਪਾਰਟੀ ਰੇਡ ਮਾਰਨ ਆਈ ਸੀ ਜਿਸ ਦੌਰਾਨ ਇਹ ਘਟਨਾ ਵਾਪਰੀ। ਉਨ੍ਹਾਂ ਨੇ ਦੱਸਿਆ ਕਿ ਪੀੜਤ ਨੌਜਵਾਨ ਅਤੇ ਰੇਡ ਕਰਨ ਗਈ ਟੀਮ ਵਿਚਕਾਰ ਸਮਝੌਤਾ ਹੋ ਗਿਆ ਹੈ ਜਿਸ ਕਾਰਨ ਫਿਲਹਾਲ ਕੋਈ ਕਾਰਵਾਈ ਨਹੀਂ ਕੀਤੀ ਗਈ।