ਪੈਪਸੂ ਰੋਡਵੇਜ਼ ਦੇ ਕੰਡਕਟਰ ਨੂੰ ਮਾਰੀਆਂ ਗੋਲੀਆਂ, ਮੌਤ
Tuesday, Aug 27, 2019 - 07:35 PM (IST)
ਅੰਮ੍ਰਿਤਸਰ (ਸੰਜੀਵ)-ਪੈਪਸੂ ਰੋਡਵੇਜ਼ ਕਪੂਰਥਲਾ ਬੱਸ ’ਚ ਕੰਡਕਟਰ ਦੇ ਅਹੁਦੇ ’ਤੇ ਤਾਇਨਾਤ ਨਰਾਇਣ ਸਿੰਘ ਦੀ 3 ਅਣਪਛਾਤੇ ਬਾਈਕ ਸਵਾਰ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਵਾਰਦਾਤ ਤੋਂ ਬਾਅਦ ਤਿੰਨੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਬਿਆਸ ਦੇ ਇੰਚਾਰਜ ਇੰਸਪੈਕਟਰ ਸਰਵਨਪਾਲ ਸਿੰਘ ਪੁਲਸ ਪਾਰਟੀ ਨਾਲ ਮੌਕੇ ’ਤੇ ਪੁੱਜੇ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਨੇ ਅਣਪਛਾਤੇ ਕਾਤਲਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਨਰਾਇਣ ਸਿੰਘ ਦੀ ਪਤਨੀ ਕਿਰਨਦੀਪ ਕੌਰ ਦੀ ਸ਼ਿਕਾਇਤ ’ਤੇ ਥਾਣਾ ਬਿਆਸ ਦੀ ਪੁਲਸ ਨੇ ਹੱਤਿਆ ਦਾ ਕੇਸ ਦਰਜ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਉਸ ਦਾ ਪਤੀ ਪੈਪਸੂ ਰੋਡਵੇਜ਼ ਕਪੂਰਥਲਾ ਦੀ ਬੱਸ ’ਚ ਬਤੌਰ ਕੰਡਕਟਰ ਤਾਇਨਾਤ ਸੀ, ਜੋ 2 ਦਿਨ ਦੀ ਛੁੱਟੀ ’ਤੇ ਆਇਆ ਹੋਇਆ ਸੀ। ਪਿਛਲੀ ਰਾਤ 9:30 ਵਜੇ ਦੇ ਕਰੀਬ ਉਸ ਦੇ ਪਰਿਵਾਰ ਨੂੰ ਜਾਣਨ ਵਾਲੇ ਰੰਧਾਵਾ ਨੇ ਫੋਨ ਕਰ ਕੇ ਉਸ ਨੂੰ ਦੱਸਿਆ ਕਿ ਕੋਈ ਅਣਪਛਾਤੇ ਵਿਅਕਤੀ ਗੋਲੀਆਂ ਮਾਰ ਕੇ ਉਸ ਦੇ ਪਤੀ ਦੀ ਹੱਤਿਆ ਕਰ ਗਏ ਹਨ। ਇਸ ਤੋਂ ਬਾਅਦ ਉਹ ਆਪਣੇ ਸਹੁਰਾ ਅਜੀਤ ਸਿੰਘ ਨਾਲ ਮੌਕੇ ’ਤੇ ਪਹੁੰਚੀ, ਜਿਥੇ ਉਸ ਨੇ ਦੇਖਿਆ ਕਿ ਉਸ ਦਾ ਪਤੀ ਮ੍ਰਿਤਕ ਹਾਲਤ ’ਚ ਪਿਆ ਹੋਇਆ ਸੀ।
ਘਟਨਾ ਸਥਾਨ ’ਤੇ ਪਏ ਅਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਤੀ ਨਰਾਇਣ ਸਿੰਘ ਸਕੂਲ ਨੇਡ਼ੇ ਉਸ ਨਾਲ ਖਡ਼ਾ ਹੋ ਕੇ ਗੱਲਾ ਕਰ ਰਿਹਾ ਸੀ। ਇਨ੍ਹੇ ’ਚ ਪਿੰਡ ਬੁਤਾਲਾ ਤੋਂ 3 ਨੌਜਵਾਨ ਮੋਟਰਸਾਈਕਲ ’ਤੇ ਆਏ। ਉਨ੍ਹਾਂ ’ਚੋਂ ਇਕ ਨੇ ਆਪਣੀ ਡੱਬ ’ਚੋਂ ਪਿਸਤੌਲ ਕੱਢੀ ਅਤੇ ਨਰਾਇਣ ਸਿੰਘ ਤੇ ਗੋਲੀਆਂ ਚਲਾ ਦਿੱਤੀਆਂ। ਇਸ ’ਤੇ ਉਹ ਖੂਨ ਨਾਲ ਲੱਥਪੱਥ ਹੋ ਕੇ ਉਥੇ ਹੀ ਡਿੱਗ ਗਿਆ ਅਤੇ ਮੌਕੇ ’ਤੇ ਹੀ ਦਮ ਤੋਡ਼ ਗਿਆ। ਜਦੋਂ ਤੱਕ ਕਾਤਲਾਂ ਨੂੰ ਫਡ਼ਿਆ ਜਾਂਦਾ ਉਹ ਮੌਕੇ ਤੋਂ ਫਰਾਰ ਹੋ ਗਏ।
ਕਿਉਂ ਕੀਤੀ ਗਈ ਕੰਡਕਟਰ ਨਰਾਇਣ ਦੀ ਹੱਤਿਆ, ਬਣਿਆ ਭੇਤ
ਬਿਨ੍ਹਾਂ ਕਿਸੇ ਦੁਸ਼ਮਣੀ ਦੇ 3 ਹਤਿਆਰਬੰਦ ਨੌਜਵਾਨ ਆਏ ਅਤੇ ਕੰਡਕਟਰ ਨਰਾਇਣ ਸਿੰਘ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਗਏ। ਇਹ ਪੁਲਸ ਲਈ ਇਕ ਵੱਡਾ ਸਵਾਲ ਬਣਿਆ ਹੋਇਆ ਹੈ। ਇਸ ’ਤੇ ਪੁਲਸ ਹੁਣ ਕੁੱਝ ਵੀ ਬੋਲਣ ਦੇ ਤਿਆਰ ਨਹੀਂ ਹਨ। ਦੂਜੇ ਪਾਸੇ ਮ੍ਰਿਤਕ ਦੀ ਪਤਨੀ ਕਿਰਨਦੀਪ ਕੌਰ ਦਾ ਵੀ ਕਹਿਣਾ ਹੈ ਕਿ ਉਹ ਪਿਛਲੇ ਡੇਢ ਸਾਲ ਤੋਂ ਕਿਰਾਏ ਦਾ ਮਕਾਨ ਲੈ ਕੇ ਪਿੰਡ ਕੋਹਾਲੀ ’ਚ ਰਹਿ ਰਹੇ ਹਨ। ਉਸ ਨੂੰ ਕਿਸੇ ’ਤੇ ਵੀ ਕੋਈ ਸ਼ੱਕ ਨਹੀਂ ਹੈ। ਕਾਤਲ ਕਿਉਂ ਉਸ ਦੇ ਪਤੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਗਏ ਇਸ ਦੇ ਬਾਰੇ ਉਸ ਨੂੰ ਕੁੱਝ ਨਹੀਂ ਪਤਾ।
ਇਹ ਕਹਿਣਾ ਹੈ ਪੁਲਸ ਦਾ
ਥਾਣਾ ਬਿਆਸ ਦੇ ਇੰਚਾਰਜ ਇੰਸਪੈਕਟਰ ਸਰਵਨਪਾਲ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਲਾਸ਼ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਦੂਜੇ ਪਾਸੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ, ਜਿਸ ਦੇ ਨਾਲ ਕਾਤਲਾਂ ਦੀ ਪਛਾਣ ਕੀਤੀ ਜਾ ਸਕੇ। ਪੁਲਸ ਦੀਆਂ ਵਿਸ਼ੇਸ਼ ਟੀਮਾਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ।