ਸ਼ਾਰਟ-ਸਰਕਟ ਕਾਰਣ ਉਦਯੋਗਿਕ ਇਕਾਈ ’ਚ ਲੱਗੀ ਅੱਗ, ਕਰੋਡ਼ਾਂ ਦਾ ਮਾਲ ਸਡ਼ ਕੇ ਸੁਆਹ

Tuesday, Mar 17, 2020 - 01:09 AM (IST)

ਸ਼ਾਰਟ-ਸਰਕਟ ਕਾਰਣ ਉਦਯੋਗਿਕ ਇਕਾਈ ’ਚ ਲੱਗੀ ਅੱਗ, ਕਰੋਡ਼ਾਂ ਦਾ ਮਾਲ ਸਡ਼ ਕੇ ਸੁਆਹ

ਲੁਧਿਆਣਾ, (ਮਹੇਸ਼)- ਜਲੰਧਰ ਬਾਈਪਾਸ ਕੋਲ ਸੋਮਵਾਰ ਨੂੰ ਇਕ ਉਦਯੋਗਿਕ ਇਕਾਈ ’ਚ ਅੱਗ ਲੱਗਣ ਨਾਲ ਕਰੋਡ਼ਾਂ ਰੁਪਏ ਦਾ ਮਾਲ ਸਡ਼ ਕੇ ਸੁਆਹ ਹੋ ਗਿਆ। ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਇਕ ਦਰਜਨ ਤੋਂ ਜ਼ਿਆਦਾ ਗੱਡੀਆਂ ਨੂੰ ਕੰਮ ’ਤੇ ਲਾਇਆ ਗਿਆ। ਫਾਇਰ ਮੁਲਾਜ਼ਮ 5 ਘੰਟੇ ਤੱਕ ਧੂੰਏਂ ਅਤੇ ਅੱਗ ਦੇ ਭਾਂਬਡ਼ ਨਾਲ ਜੂਝਦੇ ਰਹੇ। ਰਾਤ 7 ਵਜੇ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾਇਆ ਗਿਆ। ਇਸ ਅਗਨੀਕਾਂਡ ’ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਅੱਗ ਲੱਗਣ ਕਾਰਣ ਬਿਜਲੀ ਦਾ ਸ਼ਾਰਟ-ਸਰਕਟ ਦੱਸਿਆ ਜਾ ਰਿਹਾ ਹੈ। ਅੱਗ ਦੀ ਇਹ ਘਟਨਾ ਅੱਜ ਦੁਪਹਿਰ 1.45 ਵਜੇ ਗਾਰਮੈਂਟ ਬਣਾਉਣ ਵਾਲੀ ਦੇਸ਼ ਦੀ ਪ੍ਰਸਿੱਧ ਉਦਯੋਗਿਕ ਇਕਾਈ ਓਕਟੇਵ ਦੇ ਅਸ਼ੋਕ ਨਗਰ ਸਥਿਤ ਯੂਨਿਟ 2 ਦੀ ਬੇਸਮੈਂਟ ’ਚ ਵਾਪਰੀ, ਜੋ ਕਿ 1200 ਗਜ਼ ’ਚ ਬਣੀ ਹੋਈ ਹੈ। ਲੰਚ ਟਾਈਮ ਹੋਣ ਕਾਰਣ ਜ਼ਿਆਦਾਤਰ ਵਰਕਰ ਫੈਕਟਰੀ ਤੋਂ ਬਾਹਰ ਸਨ। ਸਕਿਓਰਿਟੀ ਗਾਰਡ ਨੇ ਬੇਸਮੈਂਟ ’ਚੋਂ ਧੂੰਆਂ ਉੱਠਦਾ ਦੇਖ ਕੇ ਰੌਲਾ ਪਾਇਆ, ਜਿਸ ਤੋਂ ਬਾਅਦ ਹਫਡ਼ਾ-ਦਫਡ਼ੀ ਮਚ ਗਈ। ਹਾਲਾਂਕਿ ਵਰਕਰਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਅੱਗ ’ਤੇ ਕਾਬੂ ਪਾਉਣ ਦਾ ਯਤਨ ਵੀ ਕੀਤਾ ਪਰ ਤਕਨੀਕੀ ਖਰਾਬੀ ਆ ਜਾਣ ਕਾਰਣ ਕਾਮਯਾਬ ਨਹੀਂ ਹੋ ਸਕੇ ਅਤੇ ਪੈਟਰੋਲੀਅਮ ਪ੍ਰੋਡਕਟਸ ਹੋਣ ਕਾਰਣ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ। ਕਰੀਬ 2 ਵਜੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪੁੱਜ ਗਈਆਂ ਪਰ ਧੂੰਏਂ ਦੇ ਕਾਫੀ ਜ਼ਹਿਰੀਲਾ ਅਤੇ ਸੰਘਣਾ ਹੋਣ ਕਾਰਣ ਅੱਗ ’ਤੇ ਕਾਬੂ ਪਾਉਣ ਲਈ ਮੁਲਾਜ਼ਮਾਂ ਨੂੰ ਸਖਤ ਮੁਸ਼ੱਕਤ ਕਰਨੀ ਪਈ। ਫਾਇਰੇ ਬ੍ਰਿਗੇਡ ਸੂਤਰਾਂ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਬੇਸਮੈਂਟ ’ਚ ਅੱਗ ਬਹੁਤ ਫੈਲ ਚੁੱਕੀ ਸੀ। ਧੂੰਆਂ ਇੰਨਾ ਕਾਲਾ ਸੀ ਕਿ ਅੱਗੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਅਤੇ ਸਾਹ ਲੈਣ ’ਚ ਵੀ ਕਾਫੀ ਮੁਸ਼ਕਲ ਹੋ ਰਹੀ ਸੀ। ਬੇਸਮੈਂਟ ’ਚ ਵੈਂਟੀਲੇਸ਼ਨ ਲਈ ਸਿਰਫ ਸ਼ੀਸ਼ੇ ਦੀਆਂ ਖਿਡ਼ਕੀਆਂ ਸਨ। ਧੂੰਆਂ ਬਾਹਰ ਕੱਢਣ ਲਈ ਉਨ੍ਹਾਂ ਨੂੰ ਤੋਡ਼ਨਾ ਪਿਆ। ਉਨ੍ਹਾਂ ਦੱਸਿਆ ਆ ਕਿ 5 ਘੰਟੇ ਦੀ ਲਗਾਤਾਰ ਸਖਤ ਮੁਸ਼ੱਕਤ ਅਤੇ 60 ਦੇ ਕਰੀਬ ਗੱਡੀਆਂ ਦੇ ਪਾਣੀ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸੁਰੱਖਿਆ ਮੁਲਾਜ਼ਮ ਸੰਦੀਪ ਦੇ ਹੱਥ ’ਚ ਖਿੜਕੀ ਦਾ ਸ਼ੀਸ਼ਾ ਤੋਡ਼ਦੇ ਸਮੇਂ ਹਲਕੀ ਜਿਹੀ ਸੱਟ ਆਈ ਹੈ। ਉਨ੍ਹਾਂ ਦੱਸਿਆ ਕਿ ਅੱਗ ਸ਼ਾਰਟ-ਸਰਕਟ ਨਾਲ ਲੱਗਣ ਦੀ ਸੰਭਾਵਨਾ ਹੈ। ਉਧਰ, ਯੂਨਿਟ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਨੁਕਸਾਨ ਦਾ ਸਹੀ ਪਤਾ ਲਾਇਆ ਜਾ ਰਿਹਾ ਹੈ। ਹਾਲ ਦੀ ਘਡ਼ੀ ਨੁਕਸਾਨ ਕਰੋਡ਼ਾਂ ਰੁਪਏ ’ਚ ਹੈ।

ਮੋਟਰ ’ਚ ਖਰਾਬੀ ਨਾ ਆਉਂਦੀ ਤਾਂ ਅੱਗ ’ਤੇ ਪੈ ਜਾਂਦਾ ਕਾਬੂ

ਪ੍ਰਬੰਧਕਾਂ ਦਾ ਕਹਿਣਾ ਹੈ ਕਿ ਯੂਨਿਟ ’ਚ ਅੱਗ ’ਤੇ ਕਾਬੂ ਪਾਉਣ ਦੇ ਹਰ ਤਰ੍ਹਾਂ ਦੇ ਯੰਤਰ ਹਨ ਪਰ ਪਾਣੀ ਦੀ ਮੋਟਰ ’ਚ ਤਕਨੀਕੀ ਖਰਾਬੀ ਆ ਜਾਣ ਕਾਰਣ ਪਾਣੀ ਦਾ ਪ੍ਰੈਸ਼ਰ ਦੱਬ ਗਿਆ। ਇਸੇ ਦੌਰਾਨ ਅੱਗ ਤੇਜ਼ੀ ਨਾਲ ਫੈਲ ਗਈ। ਉਨ੍ਹਾਂ ਦੱਸਿਆ ਕਿ ਹਰ 15 ਦਿਨਾਂ ਬਾਅਦ ਅੱਗ ਬੁਝਾਉਣ ਵਾਲੇ ਯੰਤਰਾਂ ਨੂੰ ਚੈੱਕ ਕੀਤਾ ਜਾਂਦਾ ਹੈ।

ਮੇਅਰ ਪੁੱਜੇ ਘਟਨਾ ਸਥਾਨ ’ਤੇ

ਘਟਨਾ ਦਾ ਪਤਾ ਲੱਗਦੇ ਹੀ ਮੇਅਰ ਬਲਕਾਰ ਸਿੰਘ ਸੰਧੂ ਤੁਰੰਤ ਮੌਕੇ ’ਤੇ ਪੁੱਜੇ ਤਾਂ ਉਨ੍ਹਾਂ ਨਾਲ ਸੰਨੀ ਭੱਲਾ ਤੋਂ ਇਲਾਵਾ ਕਈ ਕਾਂਗਰਸੀ ਨੇਤਾ ਵੀ ਸਨ। ਮੇਅਰ ਖੁਦ ਫਾਇਰ ਮੁਲਾਜ਼ਮਾਂ ਨੂੰ ਨਿਰਦੇਸ਼ ਦਿੰਦੇ ਹੋਏ ਦਿਖਾਈ ਦਿੱਤੇ। ਇਸ ਦੌਰਾਨ ਨਗਰ ਨਿਗਮ ਦੇ ਸੈਕਟਰੀ ਜਸਦੇਵ ਸਿੰਘ ਸੇਖੋਂ ਵੀ ਮੌਕੇ ’ਤੇ ਮੌਜੂਦ ਰਹੇ।

ਬੀਡ਼ੀ, ਸਿਗਰਟ, ਮਾਚਿਸ ਅਤੇ ਜਰਦਾ ਲਿਜਾਣ ਦੀ ਇਜਾਜ਼ਤ ਨਹੀਂ

ਮਹਿਲਾ ਸਕਿਓਰਿਟੀ ਗਾਰਡ ਨੇ ਦੱਸਿਆ ਕਿ ਬੇਸਮੈਂਟ ’ਚ ਤਿਆਰ ਕੱਪਡ਼ੇ ਦੇ ਸਟਾਕ ਦੇ ਨਜ਼ਦੀਕ ਇਕ ਦਰਜਨ ਦੇ ਕਰੀਬ ਕਟਰ ਮਾਸਟਰ ਅਤੇ ਹੋਰ ਵਰਕਰ ਹੁੰਦੇ ਹਨ ਪਰ ਕਿਸੇ ਨੂੰ ਵੀ ਯੂਨਿਟ ’ਚ ਬੀਡ਼ੀ, ਸਿਗਰਟ, ਮਾਚਿਸ ਅਤੇ ਜਰਦਾ ਲਿਜਾਣ ਦੀ ਆਗਿਆ ਨਹੀਂ ਹੈ। ਤਲਾਸ਼ੀ ਦੌਰਾਨ ਜੇਕਰ ਇਸ ਤਰ੍ਹਾਂ ਦਾ ਜੇਕਰ ਕੋਈ ਸਾਮਾਨ ਉਨ੍ਹਾਂ ਦੀ ਜੇਬ ’ਚੋਂ ਨਿਕਲਦਾ ਹੈ ਤਾਂ ਉਸ ਨੂੰ ਜ਼ਬਤ ਕਰ ਲਿਆ ਜਾਂਦਾ ਹੈ। ਉਸ ਨੇ ਦੱਸਿਆ ਕਿ ਜਿਸ ਸਮੇਂ ਅੱਗ ਲੱਗੀ, ਉਸ ਸਮੇਂ ਬੇਸਮੈਂਟ ’ਚ ਕੋਈ ਵੀ ਵਰਕਰ ਨਹੀਂ ਸੀ। ਜੇਕਰ ਇਹ ਘਟਨਾ ਲੰਚ ਟਾਈਮ ਤੋਂ ਥੋਡ਼੍ਹੀ ਅੱਗੇ-ਪਿੱਛੇ ਹੁੰਦੀ ਤਾਂ ਦਿੱਕਤਾਂ ਵਧ ਸਕਦੀਆਂ ਸਨ।

ਆਲੇ-ਦੁਆਲੇ ਦੇ ਲੋਕ ਮਦਦ ਲਈ ਖੁੱਲ੍ਹ ਕੇ ਆਏ ਸਾਹਮਣੇ

ਇਹ ਅਜਿਹਾ ਪਹਿਲਾ ਮੌਕਾ ਸੀ ਕਿ ਆਲੇ-ਦੁਆਲੇ ਦੇ ਲੋਕ ਮਦਦ ਲਈ ਖੁੱਲ੍ਹ ਕੇ ਸਾਹਮਣੇ ਆਏ। ਬੇਸਮੈਂਟ ਤੋਂ ਜੋ ਵਰਕਰ ਥਾਨ ਬਚਾਉਣ ’ਚ ਕਾਮਯਾਬ ਹੋਏ ਆਲੇ-ਦੁਆਲੇ ਗੁਆਂਢੀਆਂ ਨੇ ਆਪਣੇ ਘਰਾਂ ਅਤੇ ਦੁਕਾਨਾਂ ’ਚ ਸੁਰੱਖਿਅਤ ਰੱਖਵਾਏ ਅਤੇ ਅੱਗ ਬੁਝਾਉਣ ’ਚ ਵੀ ਉਨ੍ਹਾਂ ਨੇ ਮਦਦ ਕੀਤੀ। ਲੋਕਾਂ ਨੇ ਦੱਸਿਆ ਕਿ ਯੂਨਿਟ ਮਾਲਕ ਬਲਵੀਰ ਬਹੁਤ ਦਿਆਲੂ ਹੈ। ਹਰ ਲੋਡ਼ਵੰਦ ਵਿਅਕਤੀ ਦੀ ਦਿਲ ਖੋਲ੍ਹ ਕੇ ਮਦਦ ਕਰਦੇ ਹਨ।


author

Bharat Thapa

Content Editor

Related News