ਫਿਲੌਰ 'ਚ ਲੱਗੀ ਭਿਆਨਕ ਅੱਗ, ਕਰੀਬ 25 ਦੁਕਾਨਾਂ ਹੋਈਆਂ ਸੜ ਕੇ ਸੁਆਹ (ਤਸਵੀਰਾਂ)
Saturday, Mar 16, 2019 - 01:41 PM (IST)
ਫਿਲੌਰ (ਮੁਨੀਸ਼)— ਫਿਲੌਰ ਦੇ ਜੀ. ਟੀ. ਰੋਡ ਨਜ਼ਦੀਕ ਕਲਸੀ ਨਗਰ 'ਚ ਬਣੀ ਦੁਕਾਨਾਂ ਦੀ ਮਾਰਕੀਟ ਭਿਆਨਕ ਅੱਗ ਲੱਗ ਗਈ। ਅਗਜਨੀ ਦੀ ਇਸ ਘਟਨਾ 'ਚ ਕਰੀਬ 25 ਦੇ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਦੀ ਇਹ ਘਟਨਾ ਰਾਤ ਕਰੀਬ ਪੌਨੇ 12 ਵਜੇ ਵਾਪਰੀ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਦੁਕਾਨਾਂ ਦਾ ਲੱਖਾਂ ਦੇ ਕਰੀਬ ਭਾਰੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕਈ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਵੀ ਸੜ ਕੇ ਸੁਆਹ ਹੋ ਗਈਆਂ ਹਨ। ਸੜ ਕੇ ਸੁਆਹ ਹੋਈਆਂ ਦੁਕਾਨਾਂ 'ਚ ਰੇਡੀਮੇਟਸ ਕੱਪੜੇ, ਜੁੱਤੀਆਂ ਅਤੇ ਬੈਗ ਦੀਆਂ ਦੁਕਾਨਾਂ ਸ਼ਾਮਲ ਹਨ। ਨੇੜੇ ਦੇ ਲੋਕਾਂ ਦੀ ਮਦਦ ਅਤੇ ਫਗਵਾੜਾ ਤੋਂ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਆਉਣ ਤੋਂ ਬਾਅਦ ਅੱਗੇ 'ਤੇ ਕਾਬੂ ਪਾਇਆ ਗਿਆ। ਦੁਕਾਨਦਾਰਾਂ ਨੇ ਦੱਸਿਆ ਕਿ ਜਿਸ ਸਮੇਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਉਸ ਸਮੇਂ ਅੱਗ ਨੇ ਕਈ ਦੁਕਾਨਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਸੀ।
ਅੱਗ ਦੀ ਸੂਚਨਾ ਤੋਂ ਬਾਅਦ ਫਿਲੌਰ, ਗੋਰਾਇਆ ਪੁਲਸ ਨੂੰ ਸੂਚਨਾ ਮਿਲੀ ਤਾਂ ਐੱਸ. ਐੱਚ. ਓ. ਪ੍ਰੇਮ ਸਿੰਘ, ਥਾਣਾ ਮੁਖੀ ਗੋਰਾਇਆ ਲਖਵੀਰ ਸਿੰਘ ਨੇ ਆਪਣੀ ਪੂਰੀ ਪੁਲਸ ਪਾਰਟੀ ਦੇ ਨਾਲ ਮੌਕੇ 'ਤੇ ਆ ਕੇ ਲੋਕਾਂ ਨੂੰ ਸ਼ਾਂਤ ਕੀਤਾ। ਇਸ ਸਬੰਧੀ ਐੱਸ. ਐੱਚ. ਓ ਪ੍ਰੇਮ ਸਿੰਘ ਨੇ ਕਿਹਾ ਕਿ ਇਸ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਹਾਦਸੇ ਤੋਂ ਬਾਅਦ ਅੱਜ ਸਵੇਰੇ ਹਲਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਦੁਕਾਨਦਾਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਹ ਸ਼ਹਿਰ ਲਈ ਫਾਇਰ ਬ੍ਰਿਗੇਡ ਦਾ ਮੁੱਦਾ ਵਿਧਾਨਸਭਾ ਚ ਚੁੱਕਣਗੇ।
ਇਸ ਦੇ ਨਾਲ ਹੀ ਉਨ੍ਹਾਂ ਨਗਰ ਕੌਂਸਲ ਫਿਲੌਰ ਵੱਲੋਂ ਰਾਤ ਸਮੇਂ ਵਰਤੀ ਗਈ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਸਰਕਾਰ ਤੋਂ ਇਨ੍ਹਾਂ ਗਰੀਬ ਪਰਿਵਾਰਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।