4 ਦੁਕਾਨਾਂ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ

Tuesday, Aug 28, 2018 - 05:06 AM (IST)

ਰਈਆ,   (ਹਰਜੀਪ੍ਰੀਤ, ਦਿਨੇਸ਼)-  ਸਥਾਨਕ ਕਸਬੇ ਅੰਦਰ ਜੀ. ਟੀ. ਰੋਡ  ’ਤੇ ਸਥਿਤ ਬੀਤੀ ਰਾਤ ਰੈਡੀਮੇਡ ਕੱਪਡ਼ੇ ਦੀਆਂ ਚਾਰ ਦੁਕਾਨਾਂ ਨੂੰ ਕਿਸੇ ਸ਼ਰਾਰਤੀ ਅਨਸਰ ਵਲੋਂ ਅੱਗ ਲਾਏ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।
ਸਟੇਟ ਬੈਂਕ ਆਫ ਇੰਡੀਆ ਦੇ ਨਾਲ ਲੱਗਦੀਆਂ ਰੈਡੀਮੇਡ ਕੱਪਡ਼ੇ ਦੀਆਂ ਦੁਕਾਨਾਂ ਦੇ ਮਾਲਕ ਅਸ਼ਵਨੀ ਕੁਮਾਰ ਅਤੇ ਸੁਖਦੇਵ ਸਿੰਘ ਦੋਨੋਂ ਸਕੇ ਭਰਾ ਪੁੱਤਰ ਚਰਨ ਦਾਸ ਵਾਸੀ ਰਈਆ ਨੇ ਦੱਸਿਆ ਕੇ ਰਾਤ 12 ਵਜੇ ਦੇ ਕਰੀਬ ਦੁਕਾਨਾਂ ਨੂੰ ਅੱਗ ਲੱਗ ਗਈ ਸੀ। ਸਾਨੂੰ 1 ਵਜੇ ਦੇ ਕਰੀਬ ਕਿਸੇ ਨੇ ਫੋਨ ਕਰ ਕੇ ਦੱਸਿਆ। ਜਦ ਅਸੀਂ  ਆ ਕੇ ਦੇਖਿਆ ਤਾਂ ਅੱਗ ਨੇ ਸਾਡੀਆਂ ਚਾਰਾਂ ਦੁਕਾਨਾਂ ਨੂੰ ਲਪੇਟ ਵਿਚ ਲੈ ਲਿਆ ਸੀ। ਅੱਗ ਲੱਗਣ ਤੋਂ ਕਰੀਬ ਦੋ ਘੰਟੇ ਬਾਅਦ ਬਾਬਾ ਬਕਾਲਾ ਸਾਹਿਬ ਵਿਖੇ ਮੇਲੇ ਮੌਕੇ ਐਮਰਜੈਂਸੀ ਡਿਊਟੀ ’ਤੇ ਤਾਇਨਾਤ  ਅਤੇ ਡੇਰਾ ਬਿਆਸ ਤੋਂ  ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ  ਆਈਆ ਜਿਨ੍ਹਾਂ ਨੇ ਤਿੰਨ-ਚਾਰ ਘੰਟੇ ਦੀ ਜਦੋ-ਜਹਿਦ ਤੋਂ ਬਾਅਦ ਸਵੇਰੇ 5.30 ਵਜੇ ਅੱਗ ’ਤੇ ਕਾਬੂ ਪਾਇਆ । ਪਾਵਰਕਾਮ ਦੇ ਐਕਸੀਅਨ ਸ਼੍ਰੀ ਐੱਸ. ਪੀ.  ਵੀ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚੇ ਤੇ ਘਟਨਾ ਦਾ ਜਾਇਜ਼ਾ ਲਿਆ।
ਅੱਗ ਕਾਰਨ ਦੁਕਾਨਾਂ ਵਿਚ ਪਿਆ ਰੈਡੀਮੇਡ ਕੱਪਡ਼ਾ ਸਡ਼ ਕੇ ਸਵਾਹ ਹੋ ਗਿਆ ਜੋ ਥੋਡ਼੍ਹਾ ਬਹੁਤਾ ਬਚਿਆ ਉਹ ਵੀ ਪਾਣੀ ਨਾਲ ਖਰਾਬ ਹੋ ਗਿਆ। ਇਨ੍ਹਾਂ ਦੁਕਾਨਾਂ ਦੇ ਨਾਲ ਲੱਗਦੀ ਮੈਡੀਕਲ ਸਟੋਰ ਦੀ ਦੁਕਾਨ ਤੇ ਇਕ ਹੋਰ ਦੁਕਾਨ ਵਿਚ ਅੱਗ ਦਾ ਸੇਕ  ਪਿਆ ਪਰ ਕੋਈ ਨੁਕਸਾਨ ਨਹੀਂ ਹੋਇਆ। ਉਨ੍ਹਾਂ ਖਦਸ਼ਾ ਜ਼ਾਹਰ ਕੀਤਾ  ਕਿ ਇਹ ਅੱਗ ਕਿਸੇ ਸ਼ਰਾਰਤੀ ਅਨਸਰ ਵਲੋਂ ਲਾਈ ਗਈ ਹੈ। ਜਦੋਂ ਵੀ ਇਸ ਤਰ੍ਹਾਂ ਅੱਗ ਲੱਗਣ ਕਾਰਨ ਨੁਕਸਾਨ ਹੁੰਦਾ ਹੈ ਤਾਂ ਉਸ ਸਮੇਂ ਫਾਇਰ ਬ੍ਰਿਗੇਡ ਦੀ ਗੱਡੀ ਸਥਾਨਕ ਇਲਾਕੇ ਵਿਚ ਪੱਕੀ ਤੌਰ  ’ਤੇ ਤਾਇਨਾਤ ਕਰਨ  ਦੀ ਮੰਗ ਉੱਠਦੀ ਹੈ ਪਰ ਕੁਝ ਸਮਾਂ ਬੀਤਣ ਤੋਂ ਬਾਅਦ ਗੱਲ ਆਈ-ਗਈ ਹੋ ਜਾਂਦੀ ਹੈ। 
ਸਰਕਾਰ ਕੋਲੋਂ ਲੋਕਾਂ ਦੀ ਮੰਗ ਹੈ  ਕਿ  ਰਈਆ ਬਹੁਤ ਵੱਡਾ ਕਸਬਾ  ਹੈ, ਇਸ ਕਾਰਨ ਜਲਦੀ ਤੋਂ ਜਲਦੀ ਇਥੇ ਇਕ ਫਾਇਰ ਬ੍ਰਿਗੇਡ ਦੀ ਗੱਡੀ ਦਿੱਤੀ ਜਾਵੇ।
 


Related News