ਪਾਵਰਕਾਮ ਦੀ ਅਣਗਹਿਲੀ; ਸ਼ਟਰ ’ਚ ਆਏ ਕਰੰਟ ਨਾਲ ਦੁਕਾਨਦਾਰ ਦੀ ਮੌਤ

Friday, Jun 29, 2018 - 12:37 AM (IST)

ਪਾਵਰਕਾਮ ਦੀ ਅਣਗਹਿਲੀ; ਸ਼ਟਰ ’ਚ ਆਏ ਕਰੰਟ ਨਾਲ ਦੁਕਾਨਦਾਰ ਦੀ ਮੌਤ

ਬੰਗਾ, (ਚਮਨ ਲਾਲ, ਰਾਕੇਸ਼)- ਪਾਵਰਕਾਮ ਦੀ ਅਣਗਹਿਲੀ ਨਾਲ ਰਵੀਦਾਸ ਰੋਡ ’ਤੇ ਪੰਥ ਮਾਤਾ ਸਾਹਿਬ ਕੌਰ ਗੁਰਦੁਆਰਾ ਸਾਹਿਬ ਜੀ ਦੇ ਸਾਹਮਣੇ ਇਕ ਮਨਿਆਰੀ ਦੀ ਦੁਕਾਨ ਦੇ ਸ਼ਟਰ ’ਚ ਆਏ ਕਰੰਟ ਨਾਲ ਇਕ ਦੁਕਾਨਦਾਰ ਦੀ ਮੌਤ ਹੋ ਗਈ। 
ਜਾਣਕਾਰੀ ਅਨੁਸਾਰ ਬੰਗਾ ਦੇ ਰਵੀਦਾਸ ਰੋਡ ’ਤੇ ਪੈਂਦੀ ਇਕ ਅਰੋਡ਼ਾ ਬ੍ਰਦਰਜ਼ ਨਾਮੀ ਮਨਿਆਰੀ ਦੀ ਦੁਕਾਨ ਦਾ ਮਾਲਕ ਅਮਿਤ ਕੁਮਾਰ ਅਰੋਡ਼ਾ ਪੁੱਤਰ ਕ੍ਰਿਸ਼ਨ ਕੁਮਾਰ ਅਰੋਡ਼ਾ ਰੋਜ਼ਾਨਾ ਵਾਂਗ ਆਪਣੀ ਦੁਕਾਨ ’ਤੇ ਆਇਆ। ਦੇਰ ਰਾਤ ਤੋਂ ਪੈ ਰਹੇ  ਮੀਂਹ ਕਾਰਨ ਸਡ਼ਕ ’ਤੇ ਕਾਫੀ ਪਾਣੀ ਖਡ਼੍ਹਾ ਸੀ। ਜਿਵੇਂ ਹੀ ਉਸ ਨੇ ਆਪਣੀ ਦੁਕਾਨ ਨੂੰ ਖੋਲ੍ਹਣ ਲਈ  ਸ਼ਟਰ ਨੂੰ ਹੱਥ ਲਾਇਆ ਤਾਂ ਉਹ ਸ਼ਟਰ ’ਚ ਆਏ ਕਰੰਟ ਕਾਰਨ ਉਸ ਨਾਲ ਚਿਪਕ ਗਿਆ। ਮੌਕੇ ’ਤੇ ਖਡ਼੍ਹੇ ਹੋਰ ਦੁਕਾਨਾਂ ਵਾਲਿਆਂ ਨੇ ਲੱਕਡ਼ ਦੀ ਮਦਦ ਨਾਲ ਉਸ ਨੂੰ ਸ਼ਟਰ ਤੋਂ ਅਲੱਗ ਕੀਤਾ  ਤੇ ਜਲਦੀ ਨਾਲ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਪਰ ਸਿਵਲ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਕਤ ਦੁਕਾਨਦਾਰ ਦਮ ਤੋਡ਼ ਗਿਆ। 
ਮੌਕੇ ’ਤੇ ਮੌਜੂਦ ਸ਼ਹਿਰ ਵਾਸੀਆਂ ਨੇ ਦੱਸਿਆ ਮ੍ਰਿਤਕ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ  ਤੇ ਇਕ ਭਰਾ ਵੀ ਕੁਝ ਸਾਲ ਪਹਿਲਾਂ ਮਰ ਗਿਆ ਸੀ। ਮ੍ਰਿਤਕ ਆਪਣੇ ਪਿੱਛੇ 2 ਕੁ ਸਾਲ ਦਾ ਬੇਟਾ ਤੇ 5 ਸਾਲਾਂ ਦੀ ਬੇਟੀ ਤੇ ਪਤਨੀ ਨੂੰ ਛੱਡ ਗਿਆ। 
PunjabKesari
ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਨੇ ਪ੍ਰਗਟਾਇਆ ਰੋਸ 
ਘਟਨਾ ਤੋਂ ਬਾਅਦ ਇਕੱਠੇ ਹੋਏ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਨੇ ਪਾਵਰਕਾਮ ਦੀ ਇਸ ਲਾਪ੍ਰਵਾਹੀ ’ਤੇ ਰੋਸ ਜਤਾਇਆ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਪਾਵਰਕਾਮ ਲਾਪ੍ਰਵਾਹੀ ਕਾਰਨ ਜਾਨ ਗੁਆ ਚੁੱਕੇ ਨੌਜਵਾਨ ਦੁਕਾਨਾਦਾਰ ਦੇ ਪਰਿਵਾਰ ਨੂੰ ਪਹਿਲ ਦੇ ਆਧਾਰ ’ਤੇ ਸਰਕਾਰੀ ਨੌਕਰੀ ਦੇਵੇ ਕਿਉਂਕਿ ਮ੍ਰਿਤਕ ਆਪਣੇ ਪਰਿਵਾਰ ਦਾ ਮੁਖੀਆ ਸੀ, ਜਿਸ ’ਤੇ ਸਾਰਾ ਪਰਿਵਾਰ ਨਿਰਭਰ ਸੀ। ਉਨ੍ਹਾਂ ਨਗਰ ਕੌਂਸਲ ’ਤੇ ਗੁੱਸਾ ਕੱਢਦੇ ਕਿਹਾ ਕਿ ਮਾਮਲਾ ਕੌਂਸਲਰਾਂ ਦੇ ਧਿਆਨ ’ਚ ਹੁੰਦੇ ਹੋਏ ਵੀ ਵਾਰਡ ’ਚ ਖਡ਼੍ਹੇ ਹੁੰਦੇ ਬਰਸਾਤੀ ਪਾਣੀ ਦੀ ਸਮੱਸਿਆ ਕਿਸੇ ਕੋਲੋਂ ਦੂਰ ਨਹੀਂ ਹੋਈ। ਉਧਰ, ਘਟਨਾ ਦਾ ਪਤਾ ਲੱਗਦੇ ਹੀ ਬਿਜਲੀ ਮਹਿਕਮੇ ਦੇ ਅਧਿਕਾਰੀ ਜਿੱਥੇ ਹਰਕਤ ’ਚ ਆਏ, ਉਥੇ ਹੀ ਉਨ੍ਹਾਂ ਸਥਾਨਕ ਰੋਡ ਦੀ ਬਿਜਲੀ ਸਪਲਾਈ ਨੂੰ ਤੁਰੰਤ ਬੰਦ ਕਰ ਕੇ ਤਾਰਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ।


Related News