ਚਿੱਟੇ ਦਿਨ ਵੱਡੀ ਵਾਰਦਾਤ, ਦੁਕਾਨ ਦੇ ਬਾਹਰੋਂ ਸ਼ਰੇਆਮ ਸਮਾਨ ਚੋਰੀ ਕਰਕੇ ਲੈ ਗਏ ਚੋਰ

Saturday, Aug 10, 2024 - 04:37 PM (IST)

ਚਿੱਟੇ ਦਿਨ ਵੱਡੀ ਵਾਰਦਾਤ, ਦੁਕਾਨ ਦੇ ਬਾਹਰੋਂ ਸ਼ਰੇਆਮ ਸਮਾਨ ਚੋਰੀ ਕਰਕੇ ਲੈ ਗਏ ਚੋਰ

ਬੰਗਾ (ਰਾਕੇਸ਼ ਅਰੋੜਾ) : ਬੰਗਾ ਸ਼ਹਿਰ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਵਿਚ ਲੁਟੇਰੇ ਅਤੇ ਚੋਰ ਬੇਖੌਫ ਹੋ ਕੇ ਸ਼ਰੇਆਮ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹੇ ਹਨ ਜਦਕਿ ਪੁਲਸ ਲਾਚਾਰ ਅਤੇ ਬੇਵੱਸ ਜਿਹੀ ਹੋਈ ਨਜ਼ਰ ਆ ਰਹੀ ਹੈ ਅਤੇ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚੋਰ ਲੁਟੇਰੇ ਜਿਸ 'ਤੇ ਅੱਖ ਰੱਖਦੇ ਹਨ ਉਹ ਉਸ ਨੂੰ ਲੈ ਜਾਂਦੇ ਹਨ ਅਤੇ ਪੁਲਸ ਪਾਰਟੀਆਂ ਹਮੇਸ਼ਾ ਦੀ ਤਰ੍ਹਾਂ ਜਾਂਚ ਵਿਚ ਹੀ ਰੁਝੀਆਂ ਨਜ਼ਰ ਆਉਂਦੀਆਂ ਹਨ। ਕੁਝ ਇਸ ਤਰ੍ਹਾਂ ਦਾ ਹੀ ਬੰਗਾ ਰੇਲਵੇ ਰੋਡ 'ਤੇ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਉਕਤ ਦੁਕਾਨ ਦੇ ਅੱਗੇ ਰੱਖੇ ਸਾਮਾਨ ਵਿਚੋਂ ਦੋ ਰਿਫਾਇੰਡ ਨਾਲ ਭਰੇ ਪੀਪੇ ਚੋਰੀ ਕਰ ਮੋਟਰਸਾਈਕਲ 'ਤੇ ਨੋ ਦੋ ਗਿਆਰਾਂ ਹੋ ਗਏ। ਬੇਸ਼ੱਕ ਉਕਤ ਵਾਰਦਾਤ ਵਿਚ ਦੁਕਾਨਦਾਰ ਦਾ ਤਿੰਨ ਤੋਂ ਚਾਰ ਹਜ਼ਾਰ ਰੁਪਏ ਦਾ ਹੀ ਨੁਕਸਾਨ ਹੋਇਆ ਪਰ ਚੋਰਾਂ ਵੱਲੋ ਚਿੱਟੇ ਦਿਨ ਸ਼ਰੇਆਮ ਦਿੱਤੇ ਇਸ ਵਾਰਦਾਤ ਨੂੰ ਅੰਜਾਮ ਨਾਲ ਇਕ ਵਾਰ ਲੋਕਾ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। 

ਦੁਕਾਨਦਾਰ ਦੇ ਬੇਟੇ ਦੀਪਕ ਬੱਸੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਸਦੇ ਪਿਤਾ ਦੁਕਾਨ ਅੰਦਰ ਰੋਟੀ ਖਾਣ ਲੱਗੇ ਸਨ ਕਿ ਅਚਾਨਕ ਉਨ੍ਹਾਂ ਨੂੰ ਗਲੀ ਵਿਚ ਰਹਿੰਦੀ ਇਕ ਔਰਤ ਨੇ ਸੁਨੇਹਾ ਦਿੱਤਾ ਕਿ ਕੋਈ ਮੋਟਰਸਾਈਕਲ ਸਵਾਰ ਦੋ ਲੜਕੇ ਉਨ੍ਹਾਂ ਦਾ ਦੁਕਾਨ ਅੱਗੋਂ ਸਮਾਨ ਚੁੱਕ ਕੇ ਲੈ ਗਏ ਹਨ ਜਿਸ ਤੋਂ ਬਾਅਦ ਉਨ੍ਹਾਂ ਨੇ ਜਦੋਂ ਦੁਕਾਨ ਦੇ ਬਾਹਰ ਆ ਕੇ ਦੇਖਿਆ ਤਾਂ ਦੁਕਾਨ ਦੇ ਬਾਹਰ ਰੱਖੇ ਰਿਫਾਇੰਡ ਨਾਲ ਭਰੇ ਹੋਏ ਦੋ ਪੀਪੇ ਚੋਰ ਚੋਰੀ ਕਰਕੇ ਲੈ ਗਏ ਸਨ। ਉਨ੍ਹਾਂ ਦੱਸਿਆ ਕਿ ਚੋਰੀ ਦੀ ਸਾਰੀ ਘਟਨਾ ਦੁਕਾਨ ਦੇ ਬਾਹਰ ਅਤੇ ਹੋਰ ਆਸ ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ, ਜਿਸ ਵਿਚ ਚੋਰਾਂ ਦੇ ਮੋਟਰਸਾਈਕਲ ਦਾ ਨੰਬਰ ਵੀ ਪੜ੍ਹ ਹੋ ਰਿਹਾ ਹੈ ਅਤੇ ਇਸ ਸਬੰਧੀ ਬੰਗਾ ਸਿਟੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮੌਕੇ 'ਤੇ ਖੜ੍ਹੇ ਕੁਝ ਸ਼ਹਿਰ ਵਾਸੀਆਂ ਨੇ ਕਿਹਾ ਕਿ ਮਾਤਰ ਦੋ ਦਿਨ ਪਹਿਲਾਂ ਇਕ ਮੋਟਰਸਾਈਕਲ ਸਵਾਰ ਲੁਟੇਰੇ ਵੱਲੋਂ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੋਂ ਵਾਪਸ ਪਰਤ ਰਹੀ ਇਕ ਲੜਕੀ ਕੋਲੋਂ ਉਸਦਾ ਪਰਸ ਖੋਹ ਲਿਆ ਸੀ ਜਿਸ ਵਿਚ ਉਸਦੇ 35 ਹਜ਼ਾਰ ਰੁਪਏ ਨਗਦੀ ਅਤੇ ਕੁਝ ਹੋਰ ਸਾਮਾਨ ਸ਼ਾਮਲ ਸੀ ਅਤੇ ਅੱਜ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਚੋਰਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਪੁਲਸ ਨੂੰ ਟਿੱਚ ਜਾਣਦੇ ਹੋਏ ਵਾਰਦਾਤਾਂ ਨੂੰ ਅੰਜਾਮ ਦੇ ਕੇ ਪਤਾ ਨਹੀਂ ਕਿੱਧਰ ਗਾਇਬ ਹੋ ਜਾਂਦੇ ਹਨ। ਜੋ ਇਕ ਪਹੇਲੀ ਜਿਹੀ ਬਣੀ ਜਾਪ ਰਹੀ ਹੈ।


author

Gurminder Singh

Content Editor

Related News