ਪਿੰਡ ਰੱਤੇਕੇ ਵਿਖੇ ਬੀਤੀ ਰਾਤ ਦੁਕਾਨਾਂ ''ਤੇ ਚੱਲੀਆਂ ਗੋਲ਼ੀਆਂ, ਸਹਿਮ ਦਾ ਮਾਹੌਲ

10/14/2020 6:09:22 PM

ਵਲਟੋਹਾ (ਗੁਰਮੀਤ) : ਥਾਣਾ ਖੇਮਕਰਨ ਅਧੀਨ ਆਉਂਦੇ ਪਿੰਡ ਰੱਤੋਕੇ ਵਿਖੇ ਬੀਤੀ ਰਾਤ ਕੁਝ ਵਿਅਕਤੀਆਂ ਵਲੋਂ ਮੈਡੀਕਲ ਸਟੋਰ 'ਤੇ ਮੋਬਾਇਲ ਫੋਨ ਦੀ ਦੁਕਾਨ 'ਤੇ ਗੋਲ਼ੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸੁਰਜੀਤ ਸਿੰਘ ਤੇ ਮਹਾਂਬੀਰ ਸਿੰਘ ਨੇ ਦੱਸਿਆ ਕਿ ਪਿੰਡ ਰੱਤੋਕੇ ਦੇ ਮੌਜੂਦਾ ਸਰਪੰਚ ਨਾਲ ਸਾਡਾ ਜ਼ਮੀਨ ਨੂੰ ਜਾਂਦੇ ਰਸਤੇ ਦਾ ਝਗੜਾ ਚੱਲ ਰਿਹਾ ਸੀ। ਇਸ ਸਬੰਧੀ ਥਾਣਾ ਖੇਮਕਰਨ ਵਿਖੇ ਦਰਖਾਸਤ ਦਿੱਤੀ ਸੀ ਜਦੋਂ ਪੁਲਸ ਨੇ ਸਾਨੂੰ ਦੋਵਾਂ ਧਿਰਾਂ ਨੂੰ ਥਾਣੇ ਖੇਮਕਰਨ ਵਿਖੇ ਬੁਲਾਇਆ ਸੀ ਅਤੇ ਸਰਪੰਚ ਧਿਰ ਨੇ ਸ਼ੁੱਕਰਵਾਰ ਤੱਕ ਟਾਈਮ ਲੈ ਲਿਆ। ਉਨ੍ਹਾਂ ਕਿਹਾ ਕਿ ਬੀਤੀ ਰਾਤ ਜਦੋਂ ਅਸੀਂ ਆਪਣੀਆਂ ਦੁਕਾਨਾਂ ਬੰਦ ਕਰਕੇ ਆਪਣੇ ਘਰ ਚਲੇ ਗਏ। ਕੁਝ ਸਮੇਂ ਬਾਅਦ 12 ਵਜੇ ਦੇ ਕਰੀਬ ਸਾਨੂੰ ਫੋਨ ਆਇਆ ਕਿ ਤੁਹਾਡੀਆਂ ਦੁਕਾਨਾਂ 'ਤੇ ਕੁਝ ਵਿਅਕਤੀ ਗੋਲ਼ੀਆਂ ਚਲਾ ਰਹੇ ਹਨ। ਜਦੋਂ ਅਸੀਂ ਆਪਣੀ ਦੁਕਾਨ 'ਤੇ ਆਏ ਤਾਂ ਸਾਡੀਆਂ ਦੋਵਾਂ ਦੁਕਾਨਾਂ 'ਤੇ ਸ਼ਟਰਾਂ ਨੂੰ ਗੋਲੀਆਂ ਦੇ ਛਰੇ ਵੱਜੇ ਸਾਫ ਦਿਖਾਈ ਦੇ ਰਹੇ ਸਨ। 

ਉਕਤ ਨੇ ਦੱਸਿਆ ਕਿ ਜਦੋਂ ਅਸੀ ਆਪਣੀਆਂ ਦੁਕਾਨਾਂ ਖੋਲ੍ਹੀਆਂ ਤਾਂ ਅੰਦਰ ਲੱਗੇ ਸ਼ੀਸ਼ੇ ਤੇ ਕੰਪਿਊਟਰ ਵੀ ਨੁਕਸਾਨਿਆ ਗਿਆ ਸੀ। ਇਸ ਸਬੰਧੀ ਅੱਜ ਬੁੱਧਵਾਰ ਨੂੰ ਅਸੀਂ ਲਿਖਤੀ ਦਰਖਾਸਤ ਥਾਣਾ ਖੇਮਕਰਨ ਵਿਖੇ ਦਿੱਤੀ ਸੀ। ਇਸ ਮੌਕੇ ਥਾਣਾ ਖੇਮਕਰਨ ਦੇ ਇੰਸਪੈਕਟਰ ਤਰਸੇਮ ਸਿੰਘ ਮਸੀਹ ਘਟਨਾ ਸਥਾਨ 'ਤੇ ਪੁੱਜੇ ਅਤੇ ਜਾਣਕਾਰੀ ਹਾਸਲ ਕੀਤੀ। ਇਸ ਘਟਨਾ ਸਬੰਧੀ ਜਦੋਂ ਥਾਣਾ ਖੇਮਕਰਨ ਦੇ ਇੰਸਪੈਕਟਰ ਤਰਸੇਮ ਮਸੀਹ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਤਫਤੀਸ਼ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਸਬੰਧੀ ਜਦੋਂ ਦੂਜੀ ਸਰਪੰਚ ਧਿਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਾਡਾ ਜ਼ਮੀਨ ਨੂੰ ਜਾਂਦੇ ਰਸਤੇ ਦਾ ਝਗੜਾ ਜ਼ਰੂਰ ਚੱਲ ਰਿਹਾ ਸੀ। ਇਸ ਸਬੰਧੀ ਥਾਣਾ ਖੇਮਕਰਨ ਵਿਖੇ ਦਰਖਾਸਤ ਵੀ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸ਼ੁੱਕਰਵਾਰ ਦਾ ਟਾਈਮ ਦਿੱਤਾ ਹੋਇਆ ਹੈ ਪਰ ਗੋਲ਼ੀ ਚਲਾਉਣ ਵਾਲੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ।


Gurminder Singh

Content Editor

Related News