ਸ਼ਿਕਾਇਤ ਕਰਨ ਆਈ ਲੜਕੀ ''ਤੇ ਲੱਟੂ ਹੋਇਆ SHO,  ਆਡੀਓ ਵਾਇਰਲ

Monday, Jun 10, 2019 - 11:56 AM (IST)

ਸ਼ਿਕਾਇਤ ਕਰਨ ਆਈ ਲੜਕੀ ''ਤੇ ਲੱਟੂ ਹੋਇਆ SHO,  ਆਡੀਓ ਵਾਇਰਲ

ਜਲੰਧਰ/ਹੁਸ਼ਿਆਰਪੁਰ (ਵਰੁਣ)— ਜਲੰਧਰ 'ਚ ਕਈ ਥਾਣਿਆਂ ਦੇ ਐੈੱਸ. ਐੱਚ. ਓ. ਰਹਿ ਚੁੱਕੇ ਇੰਸਪੈਕਟਰ ਗਗਨਦੀਪ ਸਿੰਘ ਦੀ ਇਕ ਸ਼ਿਕਾਇਤਕਰਤਾ ਲੜਕੀ ਨਾਲ ਗੱਲਾਂ ਕਰਨ ਦੀ ਆਡੀਓ ਵਾਇਰਲ ਹੋਈ ਹੈ। ਆਡੀਓ ਵਾਇਰਲ ਹੋਣ ਤੋਂ ਬਾਅਦ ਹੁਸ਼ਿਆਰਪੁਰ ਦੇ ਐੈੱਸ. ਐੈੱਸ. ਪੀ. ਕੋਲ ਮਾਮਲਾ ਪਹੁੰਚਿਆ ਤਾਂ ਤੁਰੰਤ ਐਕਸ਼ਨ 'ਚ ਆ ਕੇ ਇੰਸਪੈਕਟਰ ਗਗਨਦੀਪ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ ਅਤੇ ਲੜਕੀ ਦੇ ਬਿਆਨ ਨੂੰ ਲੈ ਕੇ ਉਸ ਵਿਰੁੱਧ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਲੜਕੀ ਨਾਲ ਆਡੀਓ ਵਾਇਰਲ ਹੋਈ, ਉਸ ਨੇ ਆਪਣੇ ਸਹੁਰੇ ਪਰਿਵਾਰ ਖਿਲਾਫ ਸ਼ਿਕਾਇਤ ਦਰਜ ਕੀਤੀ ਹੋਈ ਸੀ। 4 ਮਹੀਨਿਆਂ ਤੋਂ ਜ਼ਿਆਦਾ ਦੀ ਇਸ ਸ਼ਿਕਾਇਤ 'ਤੇ ਕੋਈ ਸੁਣਵਾਈ ਨਹੀਂ ਹੋਈ ਅਤੇ ਕੁਝ ਸਮਾਂ ਪਹਿਲਾਂ ਜਦੋਂ ਥਾਣਾ ਗੜ੍ਹਸ਼ੰਕਰ ਦੇ ਇੰਚਾਰਜ ਨੂੰ ਬਦਲ ਕੇ ਇੰਸਪੈਕਟਰ ਗਗਨਦੀਪ ਸਿੰਘ ਨੂੰ ਲਗਾਇਆ ਗਿਆ ਤਾਂ ਉਸ ਸ਼ਿਕਾਇਤ ਦੀ ਜਾਂਚ ਇੰਸਪੈਕਟਰ ਗਗਨਦੀਪ ਸਿੰਘ ਕਰ ਰਹੇ ਸਨ।

PunjabKesari
ਵਾਇਰਲ ਹੋਈ ਆਡੀਓ ਰਿਕਾਰਡਿੰਗ
ਲੜਕੀ : ਹੈਲੋ ਸਰ, ਗਗਨਦੀਪ ਸਰ।
ਐੈੱਸ. ਐੈੱਚ. ਓ. : ਹੈਲੋ...ਹਾਂਜੀ-ਹਾਂਜੀ।
ਐੈੱਸ. ਐੈੱਚ. ਓ. : ਘਰ ਈ ਹੋ ਜਾਂ ਬਾਹਰ।
ਲੜਕੀ : ਨਹੀਂ ਸਰ ਘਰੇ ਹੀ ਆਂ।
ਐੈੱਸ. ਐੈੱਚ. ਓ. : ਲਾਗੇ ਹੈ ਕੋਈ ਜਾਂ...?
ਲੜਕੀ : ਨਹੀਂ ਸਰ, ਇਕੱਲੀ ਆ ਰੂਮ 'ਚ, ਕੀ ਹੋਇਆ?
ਐੈੱਸ. ਐੈੱਚ. ਓ. : ਕੁਝ ਨਹੀਂ ਵੈਸੇ ਈ ਪੁੱਛ ਰਿਹਾ ਸੀ।
ਐੈੱਸ. ਐੈੱਚ. ਓ. : ਹੋਰ ਠੀਕ-ਠਾਕ ਸਭ... ਠੀਕ-ਠਾਕ ਪਹੁੰਚ ਗਏ ਸੀ?
ਲੜਕੀ : ਹਾਂਜੀ, ਹਾਂਜੀ ਸਰ।
ਐੈੱਸ. ਐੈੱਚ. ਓ. : ਚਲੋ ਵਧੀਆ... ਹੋਰ ਕੀ ਕਰਦੇ ਰੂਮ 'ਚ?
ਲੜਕੀ : ਕੁਝ ਨਹੀਂ... ਬਸ ਫ੍ਰੀ।
ਐੈੱਸ. ਐੈੱਚ. ਓ. :(ਹੱਸਦੇ ਹੋਏ) ਟਾਈਮ ਮੁਸ਼ਕਿਲ ਨਾਲ ਨਿਕਲਦਾ ਘਰ ਦੇ ਕੰਮਾਂ 'ਚੋਂ।
ਲੜਕੀ : ਨਹੀਂ ਮੈਂ ਤਾਂ ਫ੍ਰੀ ਰਹਿੰਦੀ ਹਾਂ।
ਐੈੱਸ. ਐੈੱਚ. ਓ. : ਨਹੀਂ-ਨਹੀਂ... ਮੈਂ ਕਿਹਾ ਟਾਈਮ ਪਾਸ ਨਹੀਂ ਹੁੰਦਾ ਘਰ 'ਚ।
ਲੜਕੀ : ਹਾਂਜੀ ਸਰ ਇਹ ਤਾਂ ਹੈ।
ਲੜਕੀ : ਸਰ ਕਿੰਨੇ ਵਜੇ ਆਈਏ ਆਪਾਂ?
ਐੈੱਸ. ਐੈੱਚ. ਓ. : ਕਲ ਮੈਂ ਫੋਨ ਕਰੂੰ, ਮੈਨੂੰ ਦੋਬਾਰਾ ਪੜ੍ਹ ਲੈਣ ਦੋ ਇਕ-ਦੋ ਵਾਰੀ। ਅੱਜ ਮੈਂ ਸੀ ਨਹੀਂ ਇੱਥੇ, ਨਹੀਂ ਤਾਂ ਅੱਜ ਹੀ ਕਰ ਦੇਣਾ ਸੀ, ਦਸ ਮਿੰਟ 'ਚ। ਮੈਂ ਕਿਹਾ ਤੁਹਾਨੂੰ ਫੇਰਾ ਨਾ ਪਵੇ, ਤੁਸੀਂ ਇੰਨੀ ਦੂਰੋਂ ਆਉਂਦੇ ਹੋ।
ਲੜਕੀ : ਹਾਂਜੀ, ਓਕੇ, ਓਕੇ।
ਐੈੱਸ. ਐੈੱਚ. ਓ. : ਪਾਪਾ ਤਾਂ ਨਹੀਂ ਤੁਹਾਡੇ ਕੋਲ, ਸਪੀਕਰ ਫੋਨ ਆਨ ਹੈ?
ਲੜਕੀ : ਨਹੀਂ, ਨਹੀਂ।
ਲੜਕੀ : ਸਰ ਕਿੰਨਾ ਟਾਈਮ ਲੱਗੂ ਪਰਚਾ ਹੋਣ 'ਚ।
ਐੈੱਸ. ਐੈੱਚ. ਓ. : ਮੈਂ ਤਾਂ ਦੇਰੀ ਨਹੀਂ ਲਾਂਦਾ, ਛੇਤੀ ਤੋਂ ਛੇਤੀ ਕਰਨ ਦੀ ਕੋਸ਼ਿਸ਼ ਕਰਦਾ। ਜੋ ਲੀਗਲ ਟਾਈਮ ਹੈ, ਓਹ ਤਾਂ ਲੱਗਦਾ ਹੀ ਹੈ।
ਲੜਕੀ : ਫਿਰ ਵੀ ਕਿੰਨਾ, ਦੋ ਮੰਥ ਪਹਿਲਾਂ ਹੋ ਗਏ।
ਐੈੱਸ. ਐੈੱਚ. ਓ. : ਮੇਰੇ ਕੋਲ ਤਾਂ 4 ਦਿਨਾਂ ਤੋਂ ਆਈ। ਨਾਲੇ ਦੋ ਦਿਨ ਕੀਤਾ ਵੀ ਕੀ।
ਲੜਕੀ : ਹਾਂਜੀ।
ਐੈੱਸ. ਐੈੱਚ. ਓ. : ਇਹ ਤਾਂ ਉਸ ਨੇ (ਪੁਰਾਣੇ ਥਾਣਾ ਇੰਚਾਰਜ) ਨੇ ਕੁਝ ਕੀਤਾ ਹੁੰਦਾ, ਅੱਧਾ-ਪਚੱਧਾ, ਕੀਤਾ ਹੀ ਕੁਝ ਨਹੀਂ ਓਦਾਂ ਹੀ ਪਈ ਫਾਈਲ।
ਲੜਕੀ : ਦੋ ਵਾਰ ਬੰਦੇ ਬੁਲਾਏ ਤਾਂ ਕਿਹਾ ਕਿ ਕੁੜੀ ਕਿੱਦਾ ਚਲੀ ਜਾਏਗੀ, ਤਾਈਂ ਜ਼ਿਆਦਾ ਕਰਦੀ ਸੀ।
ਐੈੱਸ. ਐੈੱਚ. ਓ. : ਚੰਗਾ, ਕੋਈ ਗੱਲ ਨਹੀਂ, ਕੋਈ ਮੈਟਰ ਨਹੀਂ, ਰਿਟਰਨ ਵਰਕ ਨਹੀਂ ਕਰਨ ਆਉਂਦਾ ਸੀ ਜ਼ਿਆਦਾ (ਪੁਰਾਣੇ ਇੰਚਾਰਜ ਵੱਲ ਇਸ਼ਾਰਾ ਕਰਦੇ ਹੋਏ) ਇਸ ਕਰ ਕੇ... ਜੱਟ ਜੱਟ ਹੁੰਦੇ।
ਐੈੱਸ. ਐੈੱਚ. ਓ. : ਪਿੱਛੋਂ ਨਾਲ ਕਿਹਦੀ ਆਂਦੀ ਹਾਸੇ ਦੀ ਆਵਾਜ਼।
ਲੜਕੀ : ਮੈਂ ਹੀ ਹਾਂ ਸਰ।
ਐੈੱਸ. ਐੈੱਚ. ਓ. : ਪੱਕਾ?
ਲੜਕੀ : ਮੈਂ ਉਂਝ ਵੀ ਘਰ ਦੇ ਰੂਮ 'ਚ ਹਾਂ।
ਐੈੱਸ. ਐੈੱਚ. ਓ. : ਹੋਰ ਸਭ ਠੀਕ... ਆਇਓ ਮਿਲਣ ਤੁਸੀਂ।
ਲੜਕੀ : ਕਦੋਂ ਆਵਾਂ ਸਰ।
ਐੈੱਸ. ਐੈੱਚ. ਓ. : ਟਾਈਮ ਕੱਢੋ... ਜਦੋਂ ਮਰਜ਼ੀ, ਜਦੋਂ ਵਿਹਲਾ ਟਾਈਮ ਹੁੰਦਾ, ਬਹਾਨਾ ਮਾਰ ਕੇ ਆਓ।
ਲੜਕੀ : ਓਕੇ ਸਰ।
ਐੈੱਸ. ਐੈੱਚ. ਓ. : ਬੈਠਦੇ ਆ ਫਿਰ... ਗੱਲਬਾਤ ਕਰਦੇ ਆ।
ਲੜਕੀ : ਹਾਂਜੀ ਸਰ। ਜਿੱਥੇ ਤੁਸੀਂ ਰਹਿੰਦੇ ਹੋ, ਉਥੇ ਆਉਣਾ ਸਰ, ਥਾਣੇ ਦੇ ਅੰਦਰ।
ਐੈੱਸ. ਐੈੱਚ. ਓ. : ਨਹੀਂ ਨਹੀਂ ਨਹੀਂ... ਉਥੇ ਨਹੀਂ, ਉਥੇ ਨਹੀਂ।
ਲੜਕੀ : ਫਿਰ ਕਿੱਥੇ?
ਐੈੱਸ. ਐੈੱਚ. ਓ. : ਤੁਸੀਂ ਆ ਜਾਈਓਂ, ਆਪਾਂ ਬੈਠਾਂਗੇ ਬਾਹਰ ਈ।
ਲੜਕੀ : ਓਕੇ ਸਰ।
ਐੈੱਸ. ਐੈੱਚ. ਓ. : ਆ ਜਾਓਗੇ, ਕੋਈ ਪ੍ਰਾਬਲਮ ਤਾਂ ਨਹੀਂ।
ਲੜਕੀ : ਨਹੀਂ ਸਰ, ਕੋਈ ਨਾ ਆ ਜਾਵਾਂਗੀ।
ਐੈੱਸ. ਐੱਚ. ਓ. : ਹਾਂ, ਜਿਸ ਦਿਨ ਜਲੰਧਰ ਜਾਣਾ...ਤੁਹਾਨੂੰ ਮੈਂ ਜਲੰਧਰ ਲੈ ਜਾਵਾਂਗਾ...ਨਾਲ ਤੁਸੀਂ... ਮਤਲਬ ਠੀਕ ਹੈ ਨਾ।
ਲੜਕੀ : ਹਾਂਜੀ ਦਸ ਦੇਣਾ ਜਦੋਂ ਜਲੰਧਰ ਜਾਣਾ।
ਐੈੱਸ. ਐੈੱਚ. ਓ. : ਹਾਂ, ਚਲੋ ਆਪਾਂ ਮਿਲਦੇ ਆ, ਕਾਲ ਕਰਦਾ ਇਕ-ਅੱਧੇ ਦਿਨ 'ਚ, ਫਿਰ ਤੁਸੀਂ ਆ ਜਾਣਾ। ਕੋਈ ਪ੍ਰਾਬਲਮ ਤਾਂ ਨਹੀਂ ਨਾ ਘਰੋਂ ਨਿਕਲਣ ਦੀ।
ਲੜਕੀ : ਨਹੀਂ-ਨਹੀਂ ਸਰ।
ਐੈੱਸ. ਐੈੱਚ. ਓ. : ਠੀਕ ਹੈ, ਉਂਝ ਵੀ ਜੱਟਾਂ ਦੀ ਕੁੜੀ ਆਂ, ਹਾਂ... ਕੰਮ ਹੋ ਜਾਊਗਾ ਤੇਰਾ ਓਕੇ।
ਲੜਕੀ : ਓਕੇ ਸਰ।
ਐੈੱਸ. ਐੈੱਚ. ਓ. : ਓਕੇ, ਥੈਂਕਿਊ... ਟੇਕ ਕੇਅਰ।

ਸ਼ਿਕਾਇਤ ਆਉਣ ਤੋਂ ਬਾਅਦ ਕੀਤਾ ਲਾਈਨ ਹਾਜ਼ਰ : ਐੈੱਸ. ਐੈੱਸ. ਪੀ. ਹੁਸ਼ਿਆਰਪੁਰ
ਇਸ ਸਾਰੇ ਮਾਮਲੇ ਸਬੰਧੀ ਐੈੱਸ. ਐੈੱਸ. ਪੀ. ਹੁਸ਼ਿਆਰਪੁਰ ਜੇ. ਐਲਨਚੇਜੀਅਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੜਕੀ ਨੇ ਪੁਲਸ 'ਚ ਆਪਣੇ ਸਹੁਰੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ਕੀਤੀ। ਇਸ ਵਿਚ ਐੈੱਸ. ਐੈੱਸ. ਓ. ਅਤੇ ਲੜਕੀ ਦੀ ਆਡੀਓ ਵਾਇਰਲ ਹੋ ਗਈ। ਉਨ੍ਹਾਂ ਨੂੰ ਪਤਾ ਲੱਗਾ ਕਿ ਜਾਂਚ ਤੋਂ ਬਾਅਦ ਅਤੇ ਲੜਕੀ ਵੱਲੋਂ ਦਿੱਤੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਐੈੱਸ. ਐੈੱਸ. ਓ. ਗਗਨਦੀਪ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ, ਬਾਕੀ ਦੀ ਸੱਚਾਈ ਜਾਂਚ ਤੋਂ ਬਾਅਦ ਪਤਾ ਲੱਗੇਗੀ।

PunjabKesari
ਮੇਰੀ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਹੋਈ : ਇੰਸਪੈਕਟਰ ਗਗਨਦੀਪ
ਵਾਇਰਲ ਹੋਈ ਆਡੀਓ ਬਾਰੇ ਜਦੋਂ ਇੰਸਪੈਕਟਰ ਗਗਨਦੀਪ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੇਰੀ ਇਸ ਤਰ੍ਹਾਂ ਨਾਲ ਲੜਕੀ ਦੀ ਕੋਈ ਗੱਲ ਨਹੀਂ ਹੋਈ। ਮੈਂ ਇਕ ਵਾਰ ਵੀ ਲੜਕੀ ਨੂੰ ਫੋਨ ਨਹੀਂ ਕੀਤਾ। ਹਮੇਸ਼ਾ ਉਸ ਦਾ ਫੋਨ ਹੀ ਆਉਂਦਾ ਸੀ ਅਤੇ ਸਿਰਫ ਕੰਮ ਦੀ ਹੀ ਗੱਲ ਹੁੰਦੀ ਸੀ। ਇੰਸਪੈਕਟਰ ਗਰਨਦੀਪ ਸਿੰਘ ਨੇ ਕਿਹਾ ਕਿ ਉਹ ਆਪਣਾ ਪੱਖ ਆਪਣੇ ਅਧਿਕਾਰੀਆਂ ਕੋਲ ਰੱਖ ਰਹੇ ਹਨ, ਬਾਕੀ ਜੋ ਵੀ ਸੱਚ ਹੋਵੇਗਾ ਇਕ ਦਿਨ ਸਾਹਮਣੇ ਆਏਗਾ।


author

shivani attri

Content Editor

Related News