ਮਾਮਲਾ ਨਸ਼ੇ ਵਾਲੀਆਂ ਗੋਲੀਆਂ ਦਾ : ਥਾਣਾ ਸਿਟੀ ਸਮਾਣਾ ਦਾ SHO ਤੇ ASI ਸਸਪੈਂਡ

12/06/2019 9:17:43 PM

ਪਟਿਆਲਾ,(ਬਲਜਿੰਦਰ, ਦਰਦ, ਸ਼ਸੀਪਾਲ) : ਇਸੇ ਸਾਲ ਅਗਸਤ ਮਹੀਨੇ ਵਿਚ ਥਾਣਾ ਸਿਟੀ ਸਮਾਣਾ ਦੀ ਪੁਲਸ ਵੱਲੋਂ ਸੁਖਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਮਲਕਾਣਾ ਪੱਤੀ ਸਮਾਣਾ 'ਤੇ ਨਸ਼ੇ ਵਾਲੀਆਂ ਗੋਲੀਆਂ ਦਾ ਕੇਸ ਪਾਏ ਜਾਣ ਦੇ ਮਾਮਲੇ ਵਿਚ ਅੱਜ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਥਾਣਾ ਸਿਟੀ ਸਮਾਣਾ ਦੇ ਐੱਸ. ਐੱਚ. ਓ. ਸਾਹਿਬ ਸਿੰਘ ਅਤੇ ਮਾਮਲੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਜੈ ਪ੍ਰਕਾਸ਼ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ।

ਜਾਣਕਾਰੀ ਮੁਤਾਬਕ ਇਸ ਸਾਲ ਅਗਸਤ ਮਹੀਨੇ ਵਿਚ ਥਾਣਾ ਸਿਟੀ ਸਮਾਣਾ ਦੀ ਪੁਲਸ ਨੇ ਗੋਪਾਲ ਭਵਨ ਸਮਾਣਾ ਵਿਖੇ ਮੀਟ ਵਿਕਰੇਤਾ ਸੁਖਵਿੰਦਰ ਸਿੰਘ ਤੋਂ ਨਸ਼ੇ ਵਾਲੀਆਂ 1020 ਗੋਲੀਆਂ ਮਿਲਣ ਦਾ ਦਾਅਵਾ ਕੀਤਾ ਸੀ। ਉਸ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਸੁਖਵਿੰਦਰ ਸਿੰਘ ਦੇ ਭਤੀਜੇ ਗਗਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ 'ਤੇ ਗਲਤ ਕੇਸ ਦਰਜ ਕੀਤਾ ਗਿਆ। ਪੁਲਸ ਨੇ ਉਨ੍ਹਾਂ ਦੀ ਦੁਕਾਨ 'ਤੇ ਰੇਡ ਸ਼ਾਮ ਨੂੰ 6. 12 ਵਜੇ ਕੀਤੀ। ਦਰਜ ਕੇਸ ਵਿਚ ਸਮਾਂ 8.15 ਦਾ ਦਿਖਾਇਆ ਗਿਆ ਹੈ ਜਦਕਿ ਉਨ੍ਹਾਂ ਦੁਕਾਨ 8 ਵਜੇ ਬੰਦ ਕਰ ਦਿੱਤੀ ਸੀ। ਪੁਲਸ ਨੇ 6.12 'ਤੇ ਰੇਡ ਕੀਤੀ, 15 ਮਿੰਟਾਂ ਬਾਅਦ ਖੁਦ ਐੱਸ. ਐੱਚ. ਓ. ਉਥੇ ਆ ਗਿਆ ਤੇ ਪੁਲਸ ਨੂੰ ਉਥੋਂ ਕੁਝ ਵੀ ਬਰਾਮਦ ਨਹੀਂ ਹੋਇਆ, ਜਿਸ ਦੇ ਬਾਅਦ ਪੁਲਸ ਸੁਖਵਿੰਦਰ ਸਿੰਘ ਨੂੰ ਨਾਲ ਲੈ ਗਈ। ਜਦੋਂ ਉਥੇ ਜਾ ਕੇ ਪੁੱਛਿਆ ਤਾਂ ਗੋਲੀਆਂ ਦੇ 2 ਡੱਬੇ ਉਨ੍ਹਾਂ ਅੱਗੇ ਰੱਖ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਹ ਕੇਸ ਪੂਰੀ ਤਰ੍ਹਾਂ ਝੂਠਾ ਸੀ। ਪਹਿਲਾਂ ਉਨ੍ਹਾਂ ਦੁਕਾਨ ਦੇ ਸਾਹਮਣੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀਆਂ ਵੀਡੀਓ ਫੁਟੇਜ ਲਈਆਂ। ਫਿਰ ਸਬੂਤ ਇਕੱਠੇ ਕਰ ਕੇ ਜਦੋਂ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਲਿਖਤੀ ਪੱਤਰ ਭੇਜ ਕੇ ਇਸ ਦੀ ਜਾਂਚ ਕਰਨ ਲਈ ਕਿਹਾ ਤਾਂ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਇਸ ਤੋਂ ਬਾਅਦ ਉਹ ਹਾਈ ਕੋਰਟ ਵਿਚ ਚਲੇ ਗਏ। ਇਸ ਦੌਰਾਨ ਐੱਸ. ਪੀ. ਇਨਵੈਸਟੀਗੇਸ਼ਨ, ਡੀ. ਐੱਸ. ਪੀ. (ਡੀ) ਅਤੇ ਡੀ. ਐੱਸ. ਪੀ ਸਮਾਣਾ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ।


Related News