ਮਹਾਂ ਸ਼ਿਵਰਾਤਰੀ ਦੀਆਂ ਵਧਾਈਆਂ ਦੇਣਾ ਭੁੱਲੀ ਸਰਕਾਰ, ਅਰੋੜਾ ਨੇ ਲਿਖੀ ਕੈਪਟਨ ਨੂੰ ਚਿੱਠੀ
Friday, Feb 21, 2020 - 06:38 PM (IST)
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਸਰਕਾਰ ਵਲੋਂ ਸ਼ਿਵਰਾਤਰੀ ਮੌਕੇ ਇਸ਼ਤਿਹਾਰ ਰਾਹੀਂ ਸ਼ੁੱਭਕਾਮਨਾਵਾਂ ਨੇ ਦਿੱਤੇ ਜਾਣ 'ਤੇ ਅਫਸੋਸ ਜ਼ਾਹਰ ਕੀਤਾ ਹੈ। ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਤੁਹਾਡੀ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਮਹਾਂ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਦੇ ਸ਼ੁੱਭ ਮੌਕੇ 'ਤੇ ਕਿਸੇ ਵੀ ਪ੍ਰਿੰਟ ਜਾਂ ਇਲੈੱਕਟ੍ਰਾਨਿਕ ਮੀਡੀਆ ਰਾਹੀਂ ਪੰਜਾਬੀ ਵਾਸੀਆਂ ਨੂੰ ਸ਼ੁੱਭ-ਕਾਮਨਾਵਾਂ ਨਾ ਪੇਸ਼ ਕਰਨਾ ਅਤਿਅੰਤ ਮੰਦਭਾਗਾ ਹੈ।
ਅਰੋੜਾ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਜਿੱਥੇ ਉਹ ਸਾਰੇ ਹੀ ਧਰਮਾਂ ਦੇ ਤਿਉਹਾਰਾਂ ਨੂੰ ਪੂਰੀ ਸ਼ਰਧਾ ਅਤੇ ਬਰਾਬਰ ਦਾ ਸਤਿਕਾਰ ਦਿੰਦੇ ਹਨ, ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਹਾਂ ਸ਼ਿਵਰਾਤਰੀ ਦੇ ਇਸ ਪਵਿੱਤਰ ਤਿਉਹਾਰ ਦੇ ਸ਼ੁੱਭ ਮੌਕੇ ਕਿਸੇ ਵੀ ਪ੍ਰਿੰਟ ਜਾਂ ਇਲੈੱਕਟ੍ਰਾਨਿਕ ਮੀਡੀਆ ਰਾਹੀਂ ਪੰਜਾਬੀਆਂ ਖ਼ਾਸ ਕਰ ਕੇ ਹਿੰਦੂ ਸਮਾਜ ਦੇ ਲੋਕਾਂ ਨੂੰ ਸੁੱਭ-ਕਾਮਨਾਵਾਂ ਨਾ ਪੇਸ਼ ਕਰ ਕੇ ਵਿਤਕਰਾ ਕਰਨਾ ਧਰਮ ਦੇ ਅਨੁਕੂਲ ਨਹੀਂ ਹੈ, ਜਿਸ ਨਾਲ ਹਿੰਦੂ ਸਮਾਜ ਦੇ ਲੋਕਾਂ ਨੂੰ ਭਾਰੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਅਮਨ ਅਰੋੜਾ ਨੇ ਆਪਣੀ ਚਿੱਠੀ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਭਵਿੱਖ ਵਿਚ ਅਜਿਹੀ ਗਲਤੀ ਨਾ ਕਰਨ ਜਿਸ ਨਾਲ ਪੰਜਾਬ ਅਤੇ ਖਾਸ ਕਕੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ।