ਸ਼ਰਾਬ ਵਪਾਰੀ ਸ਼ਿਵ ਲਾਲ ਡੋਡਾ ਦੇ ਫਾਰਮ ਹਾਊਸ 'ਚ ਹੀ ਹੋਈ ਸੀ ਭੀਮ ਟਾਂਕ ਦੀ ਹੱਤਿਆ

07/19/2019 10:53:20 PM

ਅਬੋਹਰ (ਜ.ਬ)-27 ਸਾਲਾ ਦਲਿਤ ਨੌਜਵਾਨ ਭੀਮ ਟਾਂਕ ਦੀ 11 ਦਸੰਬਰ 2015 ਨੂੰ ਇਥੋਂ 10 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਰਾਮਸਰਾ ਪਿੰਡ ਦੇ ਫਾਰਮ ਹਾਊਸ 'ਚ ਹੱਤਿਆ ਕੀਤੇ ਜਾਣ ਦੇ ਮਾਮਲੇ ਦੀ ਸੁਣਵਾਈ ਦੌਰਾਨ ਐਡੀਸ਼ਨਲ ਜ਼ਿਲਾ ਸੈਸ਼ਨ ਜੱਜ 'ਚ ਮੁਲਜ਼ਮਾਂ ਦੇ ਵਕੀਲਾਂ ਦੀ ਬਹਿਸ ਬਾਅਦ ਹੁਣ ਸਰਕਾਰ ਵੱਲੋਂ ਤਰਕ ਦੇਣ ਲਈ ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਦੇ ਤੌਰ 'ਤੇ ਪੇਸ਼ ਹੋਏ ਪ੍ਰਦੇਸ਼ ਦੇ ਐਡੀਸ਼ਨਲ ਐਡਵੋਕੇਟ ਜਨਰਲ ਸੁਰਿੰਦਰ ਪਾਲ ਸਿੰਘ ਤਿੰਨਾ ਨੇ ਦਾਅਵਾ ਕੀਤਾ ਕਿ ਭੀਮ ਟਾਂਕ ਦੀ ਹੱਤਿਆ ਸ਼ਰਾਬ ਵਪਾਰੀ ਸ਼ਿਵ ਲਾਲ ਡੋਡਾ ਦੇ ਫਾਰਮ ਹਾਊਸ 'ਚ ਹੀ ਹੋਈ ਸੀ। ਜ਼ਿਕਰਯੋਗ ਹੈ ਕਿ 3 ਵਾਰ ਕੌਂਸਲਰ ਰਹਿ ਚੁੱਕੇ ਸੁਤੰਤਰਤਾ ਸੈਨਾਨੀ ਕਸ਼ਮੀਰੀ ਲਾਲ ਟਾਂਕ ਦੇ ਪੌਤਰ ਭੀਮ ਟਾਂਕ ਡੋਡਾ ਦੇ ਸ਼ਰਾਬ ਵਪਾਰ ਨਾਲ ਜੁੜੇ ਹੋਏ ਸੀ ਪਰ ਕਿਸੇ ਮਤਭੇਦ ਕਾਰਣ ਉਨ੍ਹਾਂ ਨੇ ਇਸ ਕਾਰੋਬਾਰ ਤੋਂ ਕਿਨਾਰਾ ਕਰ ਲਿਆ ਸੀ।

ਬਹਾਵਵਾਲਾ ਪੁਲਸ ਸਟੇਸ਼ਨ 'ਚ ਦਰਜ ਮਾਮਲੇ ਦੇ ਅਨੁਸਾਰ ਭੀਮ ਨੂੰ ਫੋਨ 'ਤੇ ਸੰਪਰਕ ਕਰ ਕੇ ਡੋਡਾ ਦੇ ਫਾਰਮ ਹਾਊਸ 'ਚ ਬੁਲਾਇਆ ਗਿਆ ਜਿਥੇ ਲਗਭਗ ਦੋ ਦਰਜਨ ਹਥਿਆਰਬੰਦ ਵਿਅਕਤੀਆਂ ਨੇ ਉਸਦੀ ਹੱਤਿਆ ਕਰ ਦਿੱਤੀ। ਇਸ ਮਾਮਲੇ ਨਾਲ ਜੁੜੇ 24 ਮੁਲਜ਼ਮਾਂ ਦੇ ਇਲਾਵਾ ਪੁਲਸ ਨੇ ਲੋਕਾਂ ਦੇ ਗੁੱਸੇ ਦੇ ਚਲਦੇ ਸ਼ਿਵ ਲਾਲ ਡੋਡਾ ਦੇ ਭਤੀਜੇ ਅਮਿਤ ਨੂੰ ਗ੍ਰਿਫਤਾਰ ਕਰ ਲਿਆ ਸੀ। ਸ਼ਿਵ ਲਾਲ ਨੇ ਜਨਵਰੀ 2016 'ਚ ਆਤਮਸਮਰਪਣ ਕੀਤਾ। ਸ਼੍ਰੀ ਤਿੰਨਾ ਨੇ ਬਚਾਅ ਪੱਖ ਦੇ ਵਕੀਲਾਂ ਦੇ ਇਸ ਤਰਕ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ, ਜਿਸ ਵਿਚ ਕਿਹਾ ਗਿਆ ਸੀ ਕਿ ਹੱਤਿਆ ਫਾਰਮ ਹਾਊਸ 'ਚ ਨਹੀਂ ਕੀਤੀ ਗਈ। ਇਸ ਸਬੰਧ 'ਚ ਗਵਾਹਾਂ ਦੇ ਬਿਆਨਾਂ ਦੇ ਇਲਾਵਾ ਪੁਲਸ ਵੱਲੋਂ ਕੀਤੀ ਗਈ ਵੀਡੀਓਗ੍ਰਾਫੀ ਨੂੰ ਵੀ ਆਧਾਰ ਮੰਨਿਆ ਗਿਆ। ਤਿੰਨਾ ਨੇ ਕਿਹਾ ਕਿ ਥਾਣਾ ਦੇ ਉਸ ਸਮੇਂ ਦੇ ਮੁਖੀ ਹਰਿੰਦਰ ਸਿੰਘ ਚਮੇਲੀ ਇਸੇ ਫਾਰਮ ਹਾਊਸ 'ਚ ਰਹਿ ਰਹੇ ਸੀ ਅਤੇ ਡੋਡਾ ਪਰਿਵਾਰ ਨਾਲ ਉਨ੍ਹਾਂ ਦਾ ਗਹਿਰਾ ਸਬੰਧ ਸੀ। ਇਸੇ ਦੇ ਚਲਦੇ ਚਮੇਲੀ ਨੇ ਡੋਡਾ ਪਰਿਵਾਰ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਇਸਦਾ ਪਤਾ ਚਲਣ 'ਤੇ ਉਸਨੂੰ ਸਸਪੈਂਡ ਕਰ ਦਿੱਤਾ ਗਿਆ। ਹੋਰ ਪੁਲਸ ਅਧਿਕਾਰੀਆਂ ਨੇ ਸੱਚਾਈ ਅਤੇ ਮਾਨਵਤਾ ਦਾ ਸਾਥ ਦਿੱਤਾ। ਭੀਮ ਦੀ ਹੱਤਿਆ ਫਾਰਮ ਹਾਊਸ 'ਚ ਇਕ ਸੋਚੀ ਸਮਝੀ ਸਾਜਸ਼ ਤਹਿਤ ਕੀਤੀ ਗਈ।

ਤਿੰਨਾ ਨੇ ਸਰਕਾਰ ਵੱਲੋਂ ਦਲੀਲਾਂ ਪੇਸ਼ ਕਰਦੇ ਹੋਏ ਇਸ ਗੱਲ ਨੂੰ ਵੀ ਝੁਠਲਾਇਆ ਕਿ ਸ਼ਿਵ ਲਾਲ ਡੋਡਾ ਨੂੰ ਰਾਜਨੀਤਕ ਰੰਜਿਸ਼ ਤਹਿਤ ਹੱਤਿਆਕਾਂਡ ਦੇ ਮਾਮਲੇ 'ਚ ਸਾਜਿਸ਼ਕਰਤਾ ਦੇ ਤੌਰ 'ਤੇ ਨਾਮਜਦ ਕੀਤਾ ਗਿਆ। ਇਹ ਤਰਕ ਬਿਲਕੁਲ ਆਧਾਰਹੀਨ ਹੈ ਕਿ ਡੋਡਾ ਵੱਲੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਵਿਰੁੱਧ ਚੋਣ ਲੜਣ ਕਾਰਣ ਇਸ ਕਾਂਡ ਦੀ ਜਾਂਚ ਨਾਲ ਜੋੜਿਆ ਗਿਆ।

ਵਿਸ਼ੇਸ਼ ਪਬਲਿਕ ਪ੍ਰਾਸੀਕਿਊਟਰ ਨੇ ਇਸ ਸੰਦਰਭ 'ਚ ਕਿਹਾ ਕਿ ਰਾਮਸਰਾ ਪਿੰਡ ਸਥਿਤ ਫਾਰਮ ਹਾਊਸ ਦੇ ਮਾਲਕ ਸ਼ਿਵ ਲਾਲ ਡੋਡਾ , ਉਸਦੀ ਪਤਨੀ ਸੁਨੀਤਾ ਅਤੇ ਬੇਟਾ ਗਗਨ ਡੋਡਾ ਹਨ। ਜੇਕਰ ਰਾਜਨੀਤਕ ਰੰਜਿਸ਼ ਹੁੰਦੀ ਤਾਂ ਸ਼ਿਵ ਲਾਲ ਡੋਡਾ ਦੇ ਨਾਲ-ਨਾਲ ਉਸਦੇ ਪਰਿਵਾਰ ਵਾਲਿਆਂ ਨੂੰ ਵੀ ਇਸ ਮਾਮਲੇ ਨਾਲ ਜੋੜਿਆ ਜਾ ਸਕਦਾ ਸੀ ਜਦਕਿ ਅਜਿਹਾ ਨਹੀਂ ਕੀਤਾ ਗਿਆ। ਇਸੇ ਗੱਲ ਨੂੰ ਅੱਗੇ ਵਧਾਉਂਦੇ ਹੋਏ ਸ਼੍ਰੀ ਤਿੰਨਾ ਨੇ ਕਿਹਾ ਕਿ ਸਾਜਿਸ਼ਕਰਤਾ ਅਤੇ ਹੱਤਿਆਰਾਂ ਨੇ ਜਿਹੜੀ ਬਲੈਰੋ ਗੱਡੀ ਇਸਤੇਮਾਲ ਕੀਤੀ ਉਸਦੀ ਮਾਲਕ ਅਮਿਤ ਡੋਡਾ ਦੀ ਪਤਨੀ ਆਰੂਸ਼ੀ ਡੋਡਾ ਸੀ। ਜੇਕਰ ਰਾਜਨੀਤਕ ਰੰਜਿਸ਼ ਹੁੰਦੀ ਤਾਂ ਹੱਤਿਆਕਾਂਡ ਲਈ ਪ੍ਰਯੋਗ ਕੀਤੀ ਗਈ ਗੱਡੀ ਦੀ ਇਸ ਮਾਲਕ ਨੂੰ ਵੀ ਮੁਲਜ਼ਮਾਂ ਦੀ ਲਿਸਟ 'ਚ ਸ਼ਾਮਲ ਕੀਤਾ ਜਾ ਸਕਦਾ ਸੀ ਪਰ ਅਜਿਹਾ ਨਹੀਂ ਕੀਤਾ ਗਿਆ। ਇਸ ਨਾਲ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਇਸ ਮਾਮਲੇ 'ਚ ਕਿਸੇ ਤਰ੍ਹਾਂ ਦੀ ਰਾਜਨੀਤੀ ਨੂੰ ਆਧਾਰ ਨਹੀਂ ਬਣਾਇਆ ਗਿਆ ਬਲਕਿ ਦਲਿਤ ਨੌਜਵਾਨ ਦੀ ਹੱਤਿਆ ਕਰਨ ਅਤੇ ਉਸਦੀ ਸਾਜਸ਼ ਵਿਚ ਸ਼ਾਮਲ ਲੋਕ ਹੀ ਬਿਨ੍ਹਾਂ ਕਿਸੇ ਦਬਾਅ ਜਾਂ ਭੇਦਭਾਵ ਦੇ ਮੁਲਜ਼ਮ ਕਰਾਰ ਦਿੱਤੇ ਗਏ।


Karan Kumar

Content Editor

Related News