ਜਲਦ ਹੀ ਕੈਨੇਡਾ ਦਾ ਪ੍ਰਧਾਨ ਮੰਤਰੀ ਵੀ ਸਿੱਖ ਹੋਵੇਗਾ : ਪ੍ਰੋ. ਬਡੂੰਗਰ
Tuesday, Oct 03, 2017 - 08:49 AM (IST)
ਫਤਿਹਗੜ੍ਹ ਸਾਹਿਬ (ਜਗਦੇਵ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਜਗਮੀਤ ਸਿੰਘ ਨੂੰ ਕੈਨੇਡਾ ਵਿਚ ਨਿਊ ਡੈਮੋਕਰੇਟਿਕ ਪਾਰਟੀ (ਐੱਨ. ਡੀ. ਪੀ.) ਦੇ ਆਗੂ ਲਈ ਹੋਈ ਵੋਟਿੰਗ ਵਿਚ ਸਭ ਤੋਂ ਵੱਧ ਵੋਟਾਂ ਹਾਸਲ ਕਰ ਕੇ ਪਾਰਟੀ ਆਗੂ ਬਣਨ 'ਤੇ ਵਧਾਈ ਦਿੱਤੀ। ਪ੍ਰੋ. ਬਡੂੰਗਰ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਜਗਮੀਤ ਸਿੰਘ ਇਸ ਅਹੁਦੇ ਉਪਰ ਪਹੁੰਚਣ ਵਾਲੇ ਪਹਿਲੇ ਅੰਮ੍ਰਿਤਧਾਰੀ ਸਿੱਖ ਹਨ ਜਿਨ੍ਹਾਂ ਦੀ ਜਿੱਤ ਨਾਲ ਇਕ ਵਾਰ ਫਿਰ ਸਿੱਖ ਕੌਮ ਦਾ ਨਾਂ ਵਿਸ਼ਵ ਪੱਧਰ 'ਤੇ ਚਮਕਿਆ ਹੈ।
ਉਨ੍ਹਾਂ ਕਿਹਾ ਕਿ ਸ. ਜਗਮੀਤ ਸਿੰਘ ਨੇ ਆਪਣੀ ਮਿਹਨਤ, ਲਗਨ ਤੇ ਈਮਾਨਦਾਰੀ ਨਾਲ ਕੈਨੇਡੀਅਨ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ ਅਤੇ ਉਨ੍ਹਾਂ ਦੀ ਇਹ ਜਿੱਤ ਇਤਿਹਾਸਕ ਜਿੱਤ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੀ ਹੋਰ ਖੁਸ਼ੀ ਦੀ ਗੱਲ ਇਹ ਹੈ ਕਿ ਸ. ਜਗਮੀਤ ਸਿੰਘ ਉੱਘੇ ਆਜ਼ਾਦੀ ਘੁਲਾਟੀਏ ਅਤੇ ਰਿਆਸਤੀ ਪ੍ਰਜਾਮੰਡਲ ਦੇ ਮੋਢੀ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤਰੇ ਹਨ। ਪ੍ਰੋ. ਬਡੂੰਗਰ ਨੇ ਕਿਹਾ ਕਿ ਜਗਮੀਤ ਸਿੰਘ ਅੱਜ ਦੀ ਨੌਜਵਾਨ ਪੀੜ੍ਹੀ ਦੇ ਸਿੱਖੀ ਸਰੂਪ ਵਿਚ ਅੱਗੇ ਵਧਣ ਲਈ ਪ੍ਰੇਰਨਾ-ਸਰੋਤ ਵਜੋਂ ਸਾਹਮਣੇ ਆਏ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਜਿਸ ਵੀ ਦੇਸ਼ ਵਿਚ ਗਏ, ਉਥੇ ਆਪਣੀ ਕਾਬਲੀਅਤ ਨਾਲ ਉੱਚ ਅਹੁਦਿਆਂ ਤੱਕ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਅੰਦਰ ਵੱਖ-ਵੱਖ ਖੇਤਰਾਂ ਵਿਚ ਸਿੱਖਾਂ ਨੇ ਨਾਮਣਾ ਖੱਟਿਆ ਹੈ। ਭਾਵੇਂ ਉਹ ਸੇਵਾ ਦਾ ਖੇਤਰ ਹੋਵੇ, ਪ੍ਰਸ਼ਾਸਨਿਕ ਜਾਂ ਵਪਾਰਕ ਖੇਤਰ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਿੱਖਾਂ ਨੇ ਵੱਖ-ਵੱਖ ਮੁਲਕਾਂ ਵਿਚ ਸਰਕਾਰਾਂ ਅੰਦਰ ਸਤਿਕਾਰਤ ਅਹੁਦੇ ਹਾਸਲ ਕੀਤੇ ਹਨ। ਪ੍ਰੋ. ਬਡੂੰਗਰ ਨੇ ਜਗਮੀਤ ਸਿੰਘ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਦੀ ਆਸ ਵੀ ਪ੍ਰਗਟਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ, ਐਗਜ਼ੈਕਟਿਵ ਕਮੇਟੀ ਮੈਂਬਰ ਜੈਪਾਲ ਸਿੰਘ, ਸ਼੍ਰੋਮਣੀ ਕਮੇਟੀ ਸਕੱਤਰ ਅਵਤਾਰ ਸਿੰਘ ਸੈਂਪਲਾ, ਨਿੱਜੀ ਸਕੱਤਰ ਭਗਵੰਤ ਸਿੰਘ ਧੰਗੇੜਾ ਵੀ ਹਾਜ਼ਰ ਸਨ।
