ਭਾਜਪਾ ਆਗੂ ਵੱਲੋਂ ਗੁਰਦੁਆਰਿਆਂ ਨੂੰ ਉਖਾੜਨ ਦੇ ਬਿਆਨ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ

Thursday, Nov 02, 2023 - 01:13 PM (IST)

ਭਾਜਪਾ ਆਗੂ ਵੱਲੋਂ ਗੁਰਦੁਆਰਿਆਂ ਨੂੰ ਉਖਾੜਨ ਦੇ ਬਿਆਨ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਦੇ ਤਿਜਾਰਾ ਵਿਖੇ ਭਾਜਪਾ ਦੀ ਰੈਲੀ ਸਮੇਂ ਸਰਕਾਰ ਆਉਣ 'ਤੇ ਗੁਰਦੁਆਰਾ ਸਾਹਿਬਾਨ ਨੂੰ ‘ਉਖਾੜਨ’ ਬਾਰੇ ਕਹੀ ਗੱਲ ਦਾ ਨੋਟਿਸ ਲੈਂਦਿਆਂ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਵਰੋਸਾਏ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਪ੍ਰਫੁੱਲਤ ਕਰਨ ਲਈ ਗੁਰਦੁਆਰਾ ਸਾਹਿਬਾਨ ਅੱਜ ਪੂਰੀ ਦੁਨੀਆ ਵਿਚ ਸਥਾਪਤ ਹਨ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਨੇ ਹਮੇਸ਼ਾ ਹੀ ਦੁਖੀਆਂ ਅਤੇ ਲੋੜਵੰਦਾਂ ਦੀ ਮਦਦ ਕੀਤੀ ਹੈ। ਜਦੋਂ ਵੀ ਦੇਸ਼ ਵਿਦੇਸ਼ ਵਿਚ ਕੋਈ ਬਿਪਤਾ ਸਾਹਮਣੇ ਆਉਂਦੀ ਹੈ ਤਾਂ ਗੁਰਦੁਆਰਾ ਸਾਹਿਬਾਨ ਤੇ ਸਿੱਖ ਸੰਸਥਾਵਾਂ ਨੇ ਹਮੇਸ਼ਾ ਮੋਹਰੀ ਹੋ ਕੇ ਮਾਨਵਤਾ ਦੀ ਬਿਨਾਂ ਕਿਸੇ ਵਿਤਕਰੇ ਤੋਂ ਨਿਸ਼ਕਾਮ ਸੇਵਾ ਕੀਤੀ ਹੈ। 

ਇਹ ਵੀ ਪੜ੍ਹੋ : ਵਿਆਹੀ ਔਰਤ ਦੀ ਜ਼ਿੰਦਗੀ 'ਚ ਆਇਆ ਤੂਫ਼ਾਨ, 10 ਸਾਲ ਬਾਅਦ ਪ੍ਰੇਮੀ ਨੇ ਕਰ 'ਤਾ ਘਟੀਆ ਕਾਰਾ

ਐਡਵੋਕੇਟ ਧਾਮੀ ਨੇ ਕਿਹਾ ਕਿ ਰੈਲੀ ਦੌਰਾਨ ਗੁਰਦੁਆਰਾ ਸਾਹਿਬਾਨ ਬਾਰੇ ਨਫ਼ਰਤੀ ਬਿਆਨ ਭਾਜਪਾ ਆਗੂਆਂ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਸੋਚ ਨੂੰ ਢਾਹ ਲਾਉਣ ਦੀ ਸਾਜ਼ਿਸ਼ ਹੈ, ਜੋ ਪੁਰਾਤਨ ਸਮੇਂ ਵੀ ਚੱਲਦੀ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਫਿਰ ਤੋਂ ਇਹ ਪ੍ਰਵਿਰਤੀ ਦੇਸ਼ ਅੰਦਰ ਜਾਣਬੁਝ ਕੇ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇਸ਼ ਅਤੇ ਸਮਾਜ ਨੂੰ ਜਿਸ ਸੰਕੀਰਨ ਸੋਚ ਵਿਚੋਂ ਬਾਹਰ ਕੱਢ ਕੇ ਸਰਬੱਤ ਦੇ ਭਲੇ ਦਾ ਸੁਨੇਹਾ ਦਿੱਤਾ ਸੀ, ਅੱਜ ਉਸੇ ਸੋਚ ਵੱਲ ਭਾਜਪਾ ਆਗੂ ਮੁੜ ਵੱਧ ਰਹੇ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਦੇ ਦਰਵਾਜ਼ੇ ਹਮੇਸ਼ਾ ਹੀ ਸਭਨਾ ਲਈ ਖੁੱਲ੍ਹੇ ਹਨ ਅਤੇ ਭਾਜਪਾ ਆਗੂਆਂ ਦੀ ਅਜਿਹੀ ਛੋਟੀ ਸੋਚ ਵਾਲੀ ਸਾਜ਼ਿਸ਼ ਕਦੇ ਵੀ ਕਾਮਯਾਬ ਨਹੀਂ ਹੋ ਸਕਦੀ। 

ਇਹ ਵੀ ਪੜ੍ਹੋ :  ਵੱਡੀ ਖ਼ਬਰ: ਪੰਜਾਬ ਪੁਲਸ ਤੇ ਗੈਂਗਸਟਰਾਂ 'ਚ ਮੁਕਾਬਲਾ, ਨਾਮੀ ਗੈਂਗਸਟਰ ਦਾ ਕਰ 'ਤਾ ਐਨਕਾਊਂਟਰ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਭਾਜਪਾ ਦੀ ਇਸ ਰੈਲੀ ਸਮੇਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਯੋਗੀ ਆਦਿਤਿਆਨਾਥ ਵੀ ਸਟੇਜ ’ਤੇ ਮੌਜੂਦ ਸਨ, ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਬਣਦੀ ਸੀ ਕਿ ਅਜਿਹੇ ਨਫ਼ਰਤੀ ਬਿਆਨ ਦਾ ਉਹ ਉਸੇ ਸਮੇਂ ਵਿਰੋਧ ਕਰਦੇ ਪਰ ਦੁੱਖ ਦੀ ਗੱਲ ਹੈ ਕਿ ਇਕ ਸੂਬੇ ਦੇ ਮੁੱਖ ਮੰਤਰੀ ਹੋਣ ਵਜੋਂ ਵੀ ਸ੍ਰੀ ਆਦਿਤਿਆਨਾਥ ਵੀ ਇਸ ਵਰਤਾਰੇ ਦੇ ਭਾਗੀ ਬਣੇ ਹਨ। ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਾਂਗਰਸ ਨੇ ਵੀ ਇਸੇ ਸੋਚ ਤਹਿਤ ਸਿੱਖਾਂ ਦੇ ਗੁਰਧਾਮਾਂ ’ਤੇ ਹਮਲੇ ਕੀਤੇ ਸਨ ਅਤੇ ਅੱਜ ਭਾਜਪਾ ਵੀ ਉਸੇ ਰਾਹ ’ਤੇ ਤੁਰਦੀ ਨਜ਼ਰ ਆ ਰਹੀ ਹੈ।  ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਰਾਜਸਥਾਨ ਦੀ ਰੈਲੀ ਦੌਰਾਨ ਸਿੱਖ ਵਿਰੋਧੀ ਬਿਆਨ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਆਦਿਤਿਆਨਾਥ ਸਮੇਤ ਰੈਲੀ ਦੇ ਪ੍ਰਬੰਧਕ ਤੇ ਬਿਆਨ ਦੇਣ ਵਾਲਾ ਵਿਅਕਤੀ ਸਿੱਖ ਕੌਮ ਤੋਂ ਤੁਰੰਤ ਮੁਆਫ਼ੀ ਮੰਗਣ ਅਤੇ ਭਾਰਤੀ ਜਨਤਾ ਪਾਰਟੀ ਵੀ ਇਸ ਬਾਰੇ ਆਪਣਾ ਪੱਖ ਸਪਸ਼ਟ ਕਰੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News