ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਨੇ ਖੋਲ੍ਹੇ ਭੇਦ, ਕਿਵੇਂ ਲੁੱਟਿਆ ਜਾਂਦੈ ਗੁਰਦੁਆਰਿਆਂ ਦਾ ਧਨ
Monday, Feb 10, 2020 - 08:42 PM (IST)
ਜਲੰਧਰ,(ਨਰਿੰਦਰ ਮੋਹਨ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਨੇ ਅੱਜ ਚੰਡੀਗੜ੍ਹ ਦੇ ਪ੍ਰੈਸ ਕਲੱਬ 'ਚ ਗੁਰਦੁਆਰਿਆਂ ਦੇ ਧਨ ਦੀ ਕਿਸ ਤਰ੍ਹਾਂ ਵਰਤੋਂ ਹੁੰਦੀ ਆ ਰਹੀ ਹੈ ਬਾਰੇ ਭੇਦ ਖੋਲ੍ਹਿਆ। ਹਰਚਰਨ ਸਿੰਘ ਨੇ ਇਸ ਬਾਰੇ 'ਚ ਅੱਜ ਆਪਣੀ ਇਕ ਪੁਸਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਗੀ 'ਚ ਰਿਲੀਜ਼ ਕੀਤੀ। ਸਾਬਕਾ ਮੁੱਖ ਸਕੱਤਰ ਨੇ ਸਿੱਧੇ-ਸਿੱਧੇ ਤੌਰ 'ਤੇ ਬਾਦਲ ਪਰਿਵਾਰ 'ਤੇ ਗੁਰਦੁਆਰਿਆਂ ਦੀਆਂ ਗੋਲਕਾਂ ਦਾ ਪੈਸਾ ਖਾਣ ਦਾ ਦੋਸ਼ ਆਪਣੀ ਪੁਸਤਕ 'ਚ ਲਗਾਇਆ ਹੈ। ਉਨ੍ਹਾਂ ਦੀ ਪੁਸਤਕ ਨੂੰ ਲੈ ਕੇ ਇਹ ਅਨੁਮਾਨ ਪਹਿਲਾਂ ਤੋਂ ਹੀ ਲਗਾਇਆ ਜਾ ਰਿਹਾ ਸੀ ਕਿ ਇਸ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਸ਼ਾਸਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਭੂਮਿਕਾ 'ਤੇ ਸ਼ੱਕ ਦੀਆਂ ਉਂਗਲੀਆਂ ਚੁੱਕੀਆਂ ਜਾਣਗੀਆਂ, 160 ਪੰਨਿਆਂ ਵਾਲੀ ਇਹ ਪੁਸਤਕ ਪੰਜਾਬੀ 'ਚ ਹੈ। ਪੁਸਤਕ 'ਚ ਗੁਰਦੁਆਰਿਆਂ 'ਚ ਪ੍ਰਬੰਧਕਾਂ ਦੀ ਨਿਯੁਕਤੀ ਤੇ ਕਾਰਜਸ਼ੈਲੀ 'ਤੇ ਗੰਭੀਰ ਪ੍ਰਸ਼ਨ ਚੁੱਕੇ ਗਏ ਹਨ। ਪੁਸਤਕ ਰਿਲੀਜ਼ ਮੌਕੇ ਰਾਜਸਭਾ ਮੈਂਬਰ ਤੇ ਬਾਗੀ ਅਕਾਲੀ ਸੀਨੀਅਰ ਨੇਤਾ ਸੁਖਦੇਵ ਸਿੰਘ ਢੀਂਡਸਾ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਸਮੇਤ ਹੋਰ ਸਿੱਖ ਬੁੱਧੀਜੀਵੀ ਸਖ਼ਸ ਮੌਜੂਦ ਸਨ। ਪ੍ਰੈਸ ਕਲੱਬ 'ਚ ਹੋਏ ਪੁਸਤਕ ਰਿਲੀਜ਼ ਸਮਾਰੋਹ ਮੌਕੇ 'ਚ ਪੱਤਰਕਾਰਾਂ ਤੋਂ ਇਲਾਵਾ ਸਿੱਖ ਬੁੱਧੀਜੀਵੀ ਦਾ ਵੀ ਜਮਾਵੜਾ ਲੱਗਾ ਹੋਇਆ ਸੀ।
ਲੰਗਰ ਵਿਵਸਥਾ ਤੇ ਰਾਸ਼ਣ ਖਰੀਦ ਪ੍ਰਣਾਲੀ ਵੀ ਗੰਭੀਰ ਭ੍ਰਿਸ਼ਟਾਚਾਰ ਦੇ ਘੇਰੇ 'ਚ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰਿਆਂ ਆਦਿ ਦੀਆਂ ਇਮਾਰਤਾਂ ਦੇ ਨਿਰਮਾਣ 'ਚ ਕਿਸ ਪ੍ਰਕਾਰ ਕਥਿਤ ਤੌਰ 'ਤੇ ਹੇਰਾਫੇਰੀ ਕੀਤੀ ਜਾਂਦੀ ਰਹੀ ਹੈ। ਉਸ ਦਾ ਵਰਣਨ ਵੀ ਹਰਚਰਨ ਸਿੰਘ ਨੇ ਆਪਣੀ ਪੁਸਤਕ 'ਚ ਕੀਤਾ ਹੈ। ਪੁਸਤਕ 'ਚ ਅਕਾਲੀ ਦਲ 'ਤੇ ਖਾਸ ਤੌਰ 'ਤੇ ਬਾਦਲ ਪਰਿਵਾਰ 'ਤੇ ਦੋਸ਼ ਹੈ ਕਿ ਜਥੇਦਾਰ ਕਿਸ ਤਰ੍ਹਾਂ ਲਗਾਏ ਜਾਂਦੇ ਹਨ। ਕਿਸ ਪ੍ਰਕਾਰ ਸ਼੍ਰੋਮਣੀ ਕਮੇਟੀ ਦੇ ਕਾਰਜਾਂ 'ਚ ਸਿੱਧੀ-ਸਿੱਧੀ ਦਖਲਅੰਦਾਜ਼ੀ ਬਾਦਲ ਪਰਿਵਾਰ ਦੀ ਹੁੰਦੀ ਰਹੀ ਹੈ।
ਲੇਖਕ ਦਾ ਦੋਸ਼ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਰਨੀ ਤਾਂ ਸਿਰਫ ਕਠਪੁਤਲੀ ਹੈ, ਜਦਕਿ ਸਾਰਾ ਕੰਟਰੋਲ ਬਾਦਲ ਪਰਿਵਾਰ ਦੇ ਹੱਥ 'ਚ ਹੈ। ਹਰਚਰਨ ਸਿੰਘ ਦਾ ਇਹ ਵੀ ਦੋਸ਼ ਸੀ ਕਿ 70-70 ਸਾਲ ਦੇ ਬਜ਼ੁਰਗ ਸਿੱਖ ਵੀ ਸੁਖਬੀਰ ਸਿੰਘ ਬਾਦਲ ਦੇ ਪੈਰ ਛੂੰਹਣ ਲਈ ਮਜ਼ਬੂਰ ਹੁੰਦੇ ਰਹੇ ਹਨ। ਇਸ ਪੁਸਤਕ ਰਿਲੀਜ਼ ਸਮਾਰੋਹ 'ਚ ਸ਼ਾਮਲ ਹੋਏ ਸੀਨੀਅਰ ਬਾਗੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਜੀ ਭਰ ਕੇ ਸੁਖਬੀਰ ਸਿੰਘ ਬਾਦਲ ਖਿਲਾਫ ਆਪਣੇ ਮਨ ਦੀ ਭੜਾਸ ਕੱਢੀ।
ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਨਾਲ ਮੱਥਾ ਟੇਕਣ ਨਾਲ ਇੱਕਠੀ ਹੋਈ ਰਾਸ਼ੀ ਨੂੰ ਲੁੱਟਿਆ ਜਾ ਰਿਹਾ ਹੈ। ਕੁੱਝ ਮਹੀਨੇ ਪਹਿਲਾਂ ਸੁਲਤਾਨਪੁਰ ਲੋਧੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਗਏ 550ਵੇਂ ਪ੍ਰਕਾਸ਼ ਪੁਰਬ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਟੈਂਟ 'ਤੇ 12 ਕਰੋੜ ਰੁਪਏ ਖਰਚ ਹੋਏ ਸਨ। ਅਫਸੋਸ ਦੀ ਗੱਲ ਇਹ ਹੈ ਕਿ ਇਸ ਟੈਂਟ 'ਚ 8 ਐਲ. ਈ. ਡੀ. ਲਗਾਈ ਗਈ ਸੀ, ਜਿਨ੍ਹਾਂ ਦਾ ਕਿਰਾਇਆ 25 ਲੱਖ ਰੁਪਏ ਦਿਖਾਇਆ ਗਿਆ ਸੀ, ਜਦਕਿ ਨਵੀਂ ਪ੍ਰਤੀ ਐਲ. ਈ. ਡੀ. ਦਾ ਮੁੱਲ ਇਕ ਲੱਖ ਰੁਪਏ ਹੈ। ਉਨ੍ਹਾਂ ਕਿਹਾ ਕਿ ਇਹ ਵੀ ਹੈਰਾਨੀ ਦੀ ਗੱਲ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਛੱਡ ਹੋਰਾਂ ਗੁਰਦੁਆਰਿਆਂ ਨੂੰ ਘਾਟੇ 'ਚ ਦਿਖਾਇਆ ਜਾ ਰਿਹਾ ਹੈ। ਵੱਡੇ ਬਾਦਲ, ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਤੀ ਕੁੱਝ ਹਮਦਰਦੀ ਰੱਖਦੇ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਜਦ ਤੋਂ ਅਕਾਲੀ ਦਲ ਦੀ ਬਾਗਡੋਰ ਸੁਖਬੀਰ ਸਿੰਘ ਬਾਦਲ ਦੇ ਹੱਥਾਂ 'ਚ ਆਈ ਹੈ, ਸਿੱਧਾ-ਸਿੱਧਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਅਕਾਲੀ ਦਲ 'ਤੇ ਸੁਖਬੀਰ ਸਿੰਘ ਬਾਦਲ ਦਾ ਕਬਜ਼ਾ ਹੀ ਹੋ ਗਿਆ ਹੈ। ਢੀਂਡਸਾ ਦਾ ਦੋਸ਼ ਸੀ ਕਿ ਸੁਖਬੀਰ ਸਿੰਘ ਬਾਦਲ ਆਪਣੀਆਂ ਮੰਨਮਾਨੀਆਂ ਕਰ ਰਹੇ ਹਨ ਅਤੇ ਕਿਸੇ ਦੀ ਸਲਾਹ ਮਸ਼ਵਰਾ ਲੈਣਾ ਵੀ ਠੀਕ ਨਹੀਂ ਸਮਝਦੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਸਵੱਛ ਪ੍ਰਸ਼ਾਸਨ ਹੋਵੇ ਅਤੇ ਇਸ ਗੱਲ ਨੂੰ ਵੀ ਪਾਬੰਦ ਕੀਤਾ ਜਾਣਾ ਜ਼ਰੂਰੀ ਹੈ ਕਿ ਜੋ ਲੋਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣਨਗੇ, ਉਨ੍ਹਾਂ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਇਹ ਗੱਲ ਦੁਖਦ ਹੈ ਕਿ ਸ਼੍ਰੋਮਣੀ ਕਮੇਟੀ ਤੋਂ ਚਾਰਟਡ ਅਕਾਊਂਟੈਂਟ ਹਰ ਸਾਲ ਇਕ ਕਰੋੜ ਰੁਪਏ ਤਨਖਾਹ ਲੈ ਰਿਹਾ ਹੈ ਅਤੇ ਉਹੀ ਚਾਰਟਡ ਅਕਾਉਂਟੈਂਟ ਸੁਖਬੀਰ ਸਿੰਘ ਬਾਦਲ ਦਾ ਵੀ ਹੈ।