ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣਦਿਆਂ ਹੀ ਐਕਸ਼ਨ ਮੂਡ 'ਚ ਬੀਬੀ ਜਗੀਰ ਕੌਰ, ਦਿੱਤੇ ਸਖ਼ਤ ਹੁਕਮ

Monday, Dec 07, 2020 - 09:12 PM (IST)

ਅੰਮ੍ਰਿਤਸਰ (ਦੀਪਕ ਸ਼ਰਮਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਲਈ ਮੈਨੇਜਰਾਂ ਦੀ ਮੁਕੰਮਲ ਰੂਪ ਵਿਚ ਜਵਾਬਦੇਹੀ ਨਿਰਧਾਰਤ ਕਰਦਿਆਂ ਗੁਰੂ ਘਰਾਂ ਅੰਦਰ ਸੇਵਾ ਸੰਭਾਲ ਸਮੇਂ ਸੰਗਤੀ ਸੁਝਾਵਾਂ ਨੂੰ ਵੀ ਅਹਿਮੀਅਤ ਦੇਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਅੱਜ ਇਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਦੇ ਮੈਨੇਜਰਾਂ ਨਾਲ ਇਕੱਤਰਤਾ ਮੌਕੇ ਬੀਬੀ ਜਗੀਰ ਕੌਰ ਨੇ ਗੁਰਦੁਆਰਾ ਮੈਨੇਜਰਾਂ ਨੂੰ ਕਿਹਾ ਕਿ ਗੁਰੂ ਘਰ ਵਿਚ ਆਉਣ ਵਾਲੀਆਂ ਸੰਗਤਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਿਆ ਜਾਵੇ ਅਤੇ ਪ੍ਰਬੰਧ ਸਮੇਂ ਗੁਰੂ ਦੀ ਭੈਅ-ਭਾਵਨੀ ਵਿਚ ਰਹਿੰਦਿਆਂ ਸਿੱਖ ਪ੍ਰੰਪਰਾਵਾਂ ਤੇ ਸਿੱਖ ਰਹਿਤ ਮਰਯਾਦਾ ਦਾ ਪਾਲਣ ਕੀਤਾ ਜਾਵੇ।

ਇਹ ਵੀ ਪੜ੍ਹੋ : ਕਿਸਾਨਾਂ ਦੇ ਅੰਦੋਲਨ 'ਚ ਘਿਰੀ ਭਾਜਪਾ ਨੂੰ ਪੰਜਾਬ 'ਚ ਲੱਗਾ ਵੱਡਾ ਝਟਕਾ

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸੰਗਤੀ ਅਦਾਰਾ ਹੈ ਅਤੇ ਸੰਗਤ ਨੂੰ ਗੁਰੂ ਘਰਾਂ ਵਿਚ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣੀ ਚਾਹੀਦੀ। ਪ੍ਰਬੰਧਕੀ ਤੌਰ 'ਤੇ ਹਰ ਗੁਰਦੁਆਰਾ ਸਾਹਿਬ ਦਾ ਮੈਨੇਜਰ ਰਹਿਤ ਮਰਯਾਦਾ ਦਾ ਮੁਕੰਮਲ ਧਾਰਨੀ ਹੋਵੇ ਅਤੇ ਹਰ ਸਟਾਫ਼ ਮੈਂਬਰ ਦੀ ਜ਼ਿੰਮੇਵਾਰੀ ਨਿਰਧਾਰਤ ਕਰੇ। ਇਸ ਦੇ ਨਾਲ-ਨਾਲ ਸਫ਼ਾਈ ਪ੍ਰਬੰਧਾਂ ਨੂੰ ਵੀ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਗੁਰੂ ਘਰ ਵਿਚ ਪ੍ਰਬੰਧਕੀ ਲਾਪ੍ਰਵਾਹੀ ਅਤੇ ਅਣਗਹਿਲੀ ਬਰਦਾਸ਼ਤ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ 'ਤੇ ਕੰਗਨਾ ਰਣੌਤ ਦੀ ਟਿੱਪਣੀ 'ਤੇ ਕੈਪਟਨ ਦੇ ਮੰਤਰੀ ਦਾ ਵੱਡਾ ਬਿਆਨ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਸਿੰਘਾਂ ਨਾਲ ਵੀ ਇਕੱਤਰਤਾ ਕੀਤੀ। ਉਨ੍ਹਾਂ ਰਾਗੀ ਜਥਿਆਂ ਨੂੰ ਸਿੱਖ ਕੀਰਤਨ ਪ੍ਰੰਪਰਾ ਦੀ ਰੌਸ਼ਨੀ ਵਿਚ ਆਪਣੀ ਸੇਵਾ ਨਿਭਾਉਣ ਲਈ ਪ੍ਰੇਰਿਤ ਕੀਤਾ। ਇਕੱਤਰਤਾਵਾਂ ਦੌਰਾਨ ਰਾਗੀ ਸਿੰਘਾਂ ਅਤੇ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੇ ਵੀ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵਡ, ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ, ਅੰਤ੍ਰਿੰਗ ਕਮੇਟੀ ਮੈਂਬਰ ਬਾਬਾ ਚਰਨਜੀਤ ਸਿੰਘ ਜੱਸੋਵਾਲ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਮੈਨੇਜਰ ਮੁਖਤਾਰ ਸਿੰਘ, ਓ.ਐੱਸ.ਡੀ. ਸਤਬੀਰ ਸਿੰਘ, ਡਾ. ਸੁਖਬੀਰ ਸਿੰਘ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ : ਕਿਸਾਨ ਜਥੇਬੰਦੀਆਂ ਨੇ ਲਗਾਈ ਤਾਕਤ, 8 ਦਸੰਬਰ ਨੂੰ ਨਹੀਂ ਹਿੱਲੇਗਾ ਪੱਤਾ, ਪੰਧੇਰ ਦਾ ਵੱਡਾ ਬਿਆਨ


Gurminder Singh

Content Editor

Related News