ਸ਼੍ਰੋਮਣੀ ਕਮੇਟੀ ਨੇ ਅੰਡੇਮਾਨ ਨਿਕੋਬਾਰ ਦੇ ਉਪ ਰਾਜਪਾਲ ਨੂੰ ਲਿਖਿਆ ਪੱਤਰ

09/24/2019 6:35:32 PM

ਅੰਮ੍ਰਿਤਸਰ (ਦੀਪਕ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਡੇਮਾਨ ਨਿਕੋਬਾਰ ਦੇ ਉਪ ਰਾਜਪਾਲ ਐਡਮਿਰਲ ਡੀ. ਕੇ. ਜੋਸ਼ੀ ਨੂੰ ਇਕ ਪੱਤਰ ਲਿਖ ਕੇ ਕਾਲੇ ਪਾਣੀ ਦੀ ਸੈਲੂਲਰ ਜੇਲ 'ਚ ਸਜ਼ਾਵਾਂ ਕੱਟਣ ਵਾਲੇ ਸਿੱਖਾਂ ਨੂੰ ਢੁੱਕਵਾਂ ਮਾਣ-ਸਤਿਕਾਰ ਦੇਣ ਲਈ ਉਥੋਂ ਦੇ ਇਕ ਟਾਪੂ ਦਾ ਨਾਂ ਡਾ. ਦੀਵਾਨ ਸਿੰਘ ਨਗਰ ਰੱਖਣ ਅਤੇ ਪੋਰਟ ਬਲੇਅਰ ਦੀ ਇਕ ਸੜਕ ਦਾ ਨਾਂ ਬਾਬਾ ਸੋਹਣ ਸਿੰਘ ਨੂੰ ਸਮਰਪਿਤ ਕਰਨ ਦੀ ਮੰਗ ਕੀਤੀ ਗਈ ਹੈ। ਉਪ ਰਾਜਪਾਲ ਨੂੰ ਇਹ ਪੱਤਰ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਲਿਖਿਆ ਹੈ, ਜਿਸ ਰਾਹੀਂ ਭਾਰਤ ਦੀ ਆਜ਼ਾਦੀ 'ਚ ਸਿੱਖਾਂ ਦੇ ਬਹਾਦਰੀ ਭਰੇ ਸੰਘਰਸ਼ ਦਾ ਹਵਾਲਾ ਦਿੰਦਿਆਂ ਕਾਲੇ ਪਾਣੀ ਜੇਲ ਦੀਆਂ ਸਜ਼ਾਵਾਂ ਭੁਗਤਣ ਵਾਲੇ ਸਿੱਖ ਕੈਦੀਆਂ ਨੂੰ ਬਣਦਾ ਸਤਿਕਾਰ ਦੇਣ ਦੀ ਅਪੀਲ ਕੀਤੀ ਗਈ ਹੈ।

ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਤੋਂ ਪਹਿਲਾਂ ਵੀ ਸਾਬਕਾ ਉਪ ਰਾਜਪਾਲ ਪ੍ਰੋ. ਜਗਦੀਸ਼ ਮੁਖੀ ਤੱਕ ਵੀ ਪਹੁੰਚ ਕੀਤੀ ਗਈ ਸੀ, ਜਿਨ੍ਹਾਂ ਪੰਜਾਬੀਆਂ ਤੇ ਖ਼ਾਸ ਕਰ ਕੇ ਸਿੱਖਾਂ ਨੂੰ ਬਣਦੀ ਮਾਨਤਾ ਦੇਣ ਦਾ ਵਾਅਦਾ ਕੀਤਾ ਸੀ। ਹੁਣ ਦੁਬਾਰਾ ਮੌਜੂਦਾ ਉਪ ਰਾਜਪਾਲ ਨੂੰ ਇਸ ਸਬੰਧੀ ਯਾਦ ਦਿਵਾਇਆ ਗਿਆ ਹੈ ਤਾਂ ਜੋ ਸਿੱਖ ਆਜ਼ਾਦੀ ਘੁਲਾਟੀਆਂ ਨੂੰ ਮਾਣ-ਸਤਿਕਾਰ ਮਿਲ ਸਕੇ। ਡਾ. ਰੂਪ ਸਿੰਘ ਨੇ ਦੱਸਿਆ ਕਿ ਹਾਲ ਹੀ 'ਚ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ 'ਤੇ ਸ਼੍ਰੋਮਣੀ ਕਮੇਟੀ ਦਾ ਇਕ ਵਫ਼ਦ ਅੰਡੇਮਾਨ ਨਿਕੋਬਾਰ ਦਾ ਦੌਰਾ ਕਰ ਕੇ ਪਰਤਿਆ ਹੈ, ਜਿਸ ਵਿਚ ਪ੍ਰਸਿੱਧ ਪੱਤਰਕਾਰ ਜਗਤਾਰ ਸਿੰਘ, ਗੁਰਦਰਸ਼ਨ ਸਿੰਘ ਬਾਹੀਆ ਤੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਅਤੇ ਤੇਜਿੰਦਰ ਸਿੰਘ ਪੱਡਾ ਸ਼ਾਮਿਲ ਸਨ।

ਉਨ੍ਹਾਂ ਦੱਸਿਆ ਕਿ ਕਾਲੇ ਪਾਣੀ ਦੇ ਆਜ਼ਾਦੀ ਘੁਲਾਟੀਏ ਸਿੱਖਾਂ ਤੇ ਪੰਜਾਬੀਆਂ ਬਾਰੇ ਸ਼੍ਰੋਮਣੀ ਕਮੇਟੀ ਇਕ ਖੋਜ ਕਾਰਜ ਵੀ ਕਰਵਾ ਰਹੀ ਹੈ, ਜਿਸ ਦੇ ਜਲਦ ਮੁਕੰਮਲ ਹੋਣ ਦੀ ਆਸ ਹੈ। ਇਸ ਵਿਚ ਕਾਲੇ ਪਾਣੀ ਦੀਆਂ ਸਜ਼ਾਵਾਂ ਕੱਟਣ ਵਾਲੇ ਸਿੱਖਾਂ ਤੇ ਪੰਜਾਬੀਆਂ ਦੀ ਵਿੱਥਿਆ ਦਰਜ ਹੋਵੇਗੀ। ਸੈਲੂਲਰ ਜੇਲ ਮੁੱਖ ਤੌਰ 'ਤੇ ਪੰਜਾਬ ਦੇ ਆਜ਼ਾਦੀ ਘੁਲਾਟੀਆਂ ਨਾਲ ਜਾਣੀ ਜਾਂਦੀ ਹੈ ਪਰ ਇਹ ਤਲਖ਼ ਸੱਚ ਹੈ ਕਿ ਅਜੇ ਤੱਕ ਇਨ੍ਹਾਂ ਨੂੰ ਬਣਦਾ ਮਾਣ ਹਾਸਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਯਤਨ ਹੈ ਕਿ ਕਾਲੇ ਪਾਣੀ ਦੀਆਂ ਸਜ਼ਾਵਾਂ ਕੱਟਣ ਵਾਲੇ ਯੋਧਿਆਂ ਦੇ ਯੋਗਦਾਨ ਨੂੰ ਵੱਧ ਤੋਂ ਵੱਧ ਉਭਾਰਿਆ ਜਾਵੇ। ਇਸੇ ਇੱਛਾ ਅਨੁਸਾਰ ਹੀ ਪੋਰਟ ਬਲੇਅਰ ਦੇ ਇਕ ਟਾਪੂ ਦਾ ਨਾਂ ਡਾ. ਦੀਵਾਨ ਸਿੰਘ ਕਾਲੇ ਪਾਣੀ ਤੇ ਸੜਕ ਦਾ ਨਾਂ ਬਾਬਾ ਸੋਹਣ ਸਿੰਘ ਭਕਨਾ ਨੂੰ ਸਮਰਪਿਤ ਕਰਨ ਦੀ ਤਜਵੀਜ਼ ਅੰਡੇਮਾਨ-ਨਿਕੋਬਾਰ ਦੇ ਉਪ ਰਾਜਪਾਲ ਨੂੰ ਭੇਜੀ ਗਈ ਹੈ। ਇਸ ਦੇ ਨਾਲ ਹੀ ਖੋਜ ਕਾਰਜਾਂ ਦੀ ਵੀ ਨਿਰੰਤਰਤਾ ਬਣੀ ਹੋਈ ਹੈ।


Gurminder Singh

Content Editor

Related News