ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਥੇਬੰਦਕ ਢਾਂਚੇ ਦਾ ਐਲਾਨ ਜਲਦ : ਢੀਂਡਸਾ

Friday, May 28, 2021 - 05:31 PM (IST)

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਥੇਬੰਦਕ ਢਾਂਚੇ ਦਾ ਐਲਾਨ ਜਲਦ : ਢੀਂਡਸਾ

ਮੌਹਾਲੀ  (ਪਰਦੀਪ) : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਥੇਬੰਦਕ ਢਾਂਚੇ ਦਾ ਐਲਾਨ ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਡਸਾ ਵੱਲੋਂ ਜਲਦ ਕੀਤਾ ਜਾਵੇਗਾ। ਦੋਵੇਂ ਆਗੂ ਇਸ ਬਾਰੇ ਸਹਿਮਤੀ ਬਣਾ ਚੁੱਕੇ ਹਨ ਅਤੇ ਇਸ ਦੀ ਘੋਸ਼ਣਾ ਅਗਲੇ ਹਫ਼ਤੇ ਦੇ ਸ਼ੁਰੂ ਵਿਚ ਕੀਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਰਾਜਨੀਤਕ ਸਲਾਹਕਾਰ ਦਵਿੰਦਰ ਸਿੰਘ ਸੋਢੀ ਨੇ ਅੱਜ ਮੀਡੀਆ ਨੂੰ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੀ ਭਲਾਈ ਲਈ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਅਤੇ ਡੈਮੋਕ੍ਰੇਟਿਕ ਨੂੰ ਭੰਗ ਕਰਕੇ ਨਵਾਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਗਠਨ ਕੀਤਾ ਗਿਆ ਹੈ ਅਤੇ ਸਾਡੇ ਵੱਲੋਂ ਸਾਰੇ ਹਮਖ਼ਿਆਲ ਸੋਚ ਵਾਲੇ ਲੋਕਾਂ ਅਤੇ ਰਾਜਨੀਤਕ ਪਾਰਟੀਆਂ ਨੂੰ ਨਿੱਘਾ ਸੱਦਾ ਹੈ ਤਾਂ ਜੋ ਸੂਬੇ ਦੀ ਭਲਾਈ ਇਕ ਸਫ਼ਲ ਚੌਥਾ ਫਰੰਟ ਬਣਾਉਣ ਦੀ ਸਾਡੀ ਪੇਸ਼ਕਸ਼ ਸਿਰੇ ਚੜ੍ਹ ਸਕੇ ਅਤੇ ਲੋਕਾਂ ਨੂੰ ਰਵਾਇਤੀ ਪਾਰਟੀਆਂ ਤੋਂ ਨਿਜ਼ਾਤ ਦਿਵਾਈ ਜਾ ਸਕੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ 1 ਜੂਨ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਦੇ ਗੁਰਦੁਆਰੇ ਵਿਖੇ ਅਰਦਾਸ ਸਮਾਗਮ ਕਰਵਾਉਣ ਦਾ ਫ਼ੈਸਲਾ ਲਿਆ ਹੈ, (ਜਿੱਥੇ 1 ਜੂਨ 2014 ਨੂੰ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ ਗਿਆ ਸੀ।) ਇਸ ਅਰਦਾਸ ਸਮਾਗਮ ਵਿਚ ਪਾਰਟੀ ਦੇ ਸਾਰੇ ਸੀਨੀਅਰ ਆਗੂ ਅਰਦਾਸ ਵਿਚ ਸ਼ਾਮਲ ਹੋਣਗੇ।

ਪੀਰ ਮੁਹੰਮਦ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਕੈਪਟਨ ਅਮਰਿੰਦਰ ਸਿੰਘ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਬਹਿਬਲ ਕਲਾਂ ਪੁਲਸ ਗੋਲੀਬਾਰੀ ਦੀਆਂ ਘਟਨਾਵਾਂ ’ਤੇ ਨੀਵੇਂ ਪੱਧਰ ਦੀ ਰਾਜਨੀਤੀ ਹੋ ਰਹੀ ਹੈ। ਪੀਰਮੁਹੰਮਦ ਨੇ ਕਿਹਾ ਕਿ ਅਕਾਲੀ ਦਲ ਬਾਦਲ ਨੇ ਜਥੇਬੰਦਕ ਨਿਯੁਕਤੀਆ ਨੂੰ ਮਖੌਲ ਬਣਾ ਕੇ ਰੱਖ ਦਿੱਤਾ ਹੈ ਪੀ. ਏ. ਸੀ. ਵਿਚ 77 ਮੈਂਬਰਾ ਦੀ ਨਿਯੁਕਤੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਇਹ ਰਾਜਨੀਤਿਕ ਮਾਮਲਿਆ ਬਾਰੇ ਕਮੇਟੀ ਨਹੀਂ ਬਲਕਿ ਖਾਨਾਪੂਰਤੀ ਹੈ। ਇਨ੍ਹਾਂ ਮੈਂਬਰਾਂ ਦੀ ਰਾਏ ਕਦੇ ਵੀ ਨਹੀਂ ਲਈ ਜਾਵੇਗੀ । ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਦੋਵੇਂ ਰਵਾਇਤੀ ਰਾਜਨੀਤਕ ਪਰਿਵਾਰ ਲੋਕਾਂ ਨਾਲ ਵਿਸ਼ਵਾਸ਼ਘਾਤ ਕਰ ਰਹੇ ਹਨ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡ ਰਹੇ ਹਨ। ਉਨ੍ਹਾਂ ਨੇ ਬਠਿੰਡਾ ਦੇ ਬੀੜ ਤਲਾਬ ਗੁਰੂ ਘਰ ਵਿੱਚ ਡੇਰਾ ਸਿਰਸਾ ਦੇ ਪਖੰਡੀ ਸਾਧ ਰਾਮ ਰਹੀਮ ਦੀ ਜੇਲ੍ਹ ’ਚੋਂ  (ਪਰੋਲ) ਰਿਹਾਈ 'ਤੇ ਗ਼ਲਤ ਢੰਗ ਨਾਲ ਪਾਠੀ ਦੁਆਰਾ ਅਰਦਾਸ ਕਰਨ ਨੂੰ ਬੇਹੱਦ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।


author

Gurminder Singh

Content Editor

Related News