ਸ਼੍ਰੋਮਣੀ ਅਕਾਲੀ ਦਲ ਨੇ ''ਅਰਨਬ ਗੋਸਵਾਮੀ'' ਦੇ ਕਾਲ ਗੇਟ ਸਕੈਂਡਲ ਦੀ ਸੁਪਰੀਮ ਕੋਰਟ ਤੋਂ ਮੰਗੀ ਜਾਂਚ
Monday, Jan 18, 2021 - 08:16 PM (IST)

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਹੈਰਾਨੀ ਪ੍ਰਗਟ ਕੀਤੀ ਕਿ ਕੇਂਦਰ ਸਰਕਾਰ ਨੇ ਰਿਪਬਲਿਕ ਟੀ. ਵੀ. ਦੇ ਸੰਪਾਦਕ ਅਰਨਬ ਗੋਸਵਾਮੀ ਦੀ ਸ਼ਮੂਲੀਅਤ ਵਾਲੇ ‘ਕਾਲ ਗੇਟ’ ਘੁਟਾਲੇ ਦਾ ਨੋਟਿਸ ਕਿਉਂ ਨਹੀਂ ਲਿਆ ਅਤੇ ਕਿਹਾ ਕਿ ਭਾਜਪਾ ਸਰਕਾਰ ਨੂੰ ਕਿਸੇ ਵੀ ਮੀਡੀਆ ਘਰਾਣੇ ਨੂੰ ਕਿਸੇ ਵੀ ਕੀਮਤ ’ਤੇ ਕੌਮੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰਨ ਦੇਣਾ ਚਾਹੀਦਾ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਇਹ ਸਨਸਨੀਖੇਜ਼ ਖੁਲ੍ਹਾਸੇ ਹੋਏ ਹਨ ਕਿ ਅਰਨਬ ਗੋਸਵਾਮੀ ਨੇ ਬਾਲਾਕੋਟ ਹਮਲੇ ਬਾਰੇ ਸੂਚਨਾ ਵੀ ਲੀਕ ਕਰ ਦਿੱਤੀ ਸੀ, ਉਦੋਂ ਐਨ. ਡੀ. ਏ. ਸਰਕਾਰ ਨੇ ਕੇਸ ਦੀ ਜਾਂਚ ਦੇ ਹਾਲੇ ਤੱਕ ਹੁਕਮ ਨਹੀਂ ਦਿੱਤੇ। ਉਹਨਾਂ ਕਿਹਾ ਕਿ ਕਿਉਂਕਿ ਕੇਂਦਰ ਸਰਕਾਰ ਨੇ ਇਸ ਕੇਸ ਵਿਚ ਹਾਲੇ ਤੱਕ ਕੁਝ ਨਹੀਂ ਕੀਤਾ, ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਕੇਸ ਦੀ ਜਾਂਚ ਦੇ ਹੁਕਮ ਦੇਣ ਕਿਉਂਕਿ ਦੇਸ਼ ਚਾਹੁੰਦਾ ਹੈ ਕਿ ਕੇਸ ਦੀ ਸੱਚਾਈ ਲੋਕਾਂ ਸਾਹਮਣੇ ਆਵੇ। ਉਹਨਾਂ ਕਿਹਾ ਕਿ ਚੀਫ ਜਸਟਿਸ ਇਸ ਸਾਰੇ ਮਾਮਲੇ ਦੀ ਨਿਸ਼ਚਿਤ ਸਮੇਂ ਅੰਦਰ ਸੁਣਵਾਈ ਲਈ ਡਬਲ ਬੈਂਚ ਵੀ ਗਠਿਤ ਕਰ ਸਕਦੇ ਹਨ।
ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵੀ ਇਹ ਬੇਨਤੀ ਕੀਤੀ ਕਿ ਉਹ ਪ੍ਰਧਾਨ ਮੰਤਰੀ ਦਫਤਰ ਦੇ ਅਧਿਕਾਰੀਆਂ ਖਿਲਾਫ ਵੱਖਰੇ ਤੌਰ ’ਤੇ ਜਾਂਚ ਕਰਵਾਉਣ ਜੋ ਨਿਯਮਿਤ ਆਧਾਰ ’ਤੇ ਸ੍ਰੀ ਗੋਸਵਾਮੀ ਨੂੰ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਦੇ ਰਹੇ ਜਿਵੇਂ ਕਿ ਗੋਸਵਾਮੀ ਅਤੇ ਬ੍ਰਾਡਕਾਸਟ ਆਰਡੀਐਂਸ ਰਿਸਰਚ ਕੌਂਸਲ ਦੇ ਮੁਖੀ ਪਾਰਥੋ ਦਾਸਗੁਪਤਾ ਦਰਮਿਆਨ ਹੋਈ ਗੱਲਬਾਤ ਦੇ ਅੰਸ਼ ਲੀਕ ਹੋਣ ਤੋਂ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਗੱਲਬਾਤ ਦੇ ਇਹ ਅੰਸ਼ ਇਸ ਵੇਲੇ ਜਨਤਕ ਹਨ ਜਿਹਨਾਂ ਤੋਂ ਇਹ ਸਪਸ਼ਟ ਹੈ ਕਿ ਗੋਸਵਾਮੀ ਦੀ ਚੋਟੀ ਦੇ ਸੰਵਿਧਾਨਕ, ਮੰਤਰਾਲਿਆਂ ਦੇ ਅਤੇ ਪ੍ਰਸ਼ਾਸਕ ਅਹੁਦਿਆਂ ’ਤੇ ਬਿਰਾਜਮਾਨ ਲੋਕਾਂ ਤੱਕ ਸਿੱਧੀ ਪਹੁੰਚ ਹੈ। ਉਹਨਾਂ ਕਿਹਾ ਕਿ ਇਹ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਇਹ ਜਾਣਕਾਰੀ ਕੌਣ ਲੀਕ ਕਰ ਰਿਹਾ ਹੈ ਤੇ ਕੀ ਕੋਈ ਕੈਬਨਿਟ ਮੰਤਰੀ ਵੀ ਸਰਜੀਕਲ ਸਟ੍ਰਾਈਕ ਦੀ ਜਾਣਕਾਰੀ ਦੁਸ਼ਮਣ ਦੇਸ਼ ਨੂੰ ਲੀਕ ਕਰਨ ਦੀ ਇਸ ਸਾਜ਼ਿਸ਼ ਦਾ ਹਿੱਸਾ ਹੈ।
ਉਹਨਾਂ ਕਿਹਾ ਕਿ ਇਹ ਵੀ ਇਕ ਸੱਚਾਈ ਹੈ ਕਿ ਜਦੋਂ ਅਰਨਬ ਗੋਸਵਾਮੀ ਨੁੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਦੋਂ ਸ਼ਾਇਦ ਹੀ ਕੋਈ ਮੰਤਰੀ ਪਿੱਛੇ ਰਹਿ ਗਿਆ ਹੋਵੇ ਜੋ ਇਸਦੇ ਬਚਾਅ ਵਿਚ ਨਹੀਂ ਆਇਆ ਸੀ ਜਦਕਿ ਅੱਜ ਜਦੋਂ ਇਹ ਅਰਬਨ-ਚੈਟਗੇਟ ਸਾਹਮਣੇ ਆਇਆ ਹੈ ਤਾਂ ਕਿਸੇ ਨੇ ਮੂੰਹ ਨਹੀਂ ਖੋਲ੍ਹਿਆ ਤੇ ਭਾਰਤ ਸਰਕਾਰ ਨੇ ਵੀ ਹੈਰਾਨੀਜਨਕ ਚੁੱਪ ਧਾਰੀ ਹੋਈ ਹੈ ਤੇ ਚੈਨਲਾਂ ਨੂੰ ਵੀ ਇਸ ਸਬੰਧੀ ਖਬਰ ਦੇਣ ਤੋਂ ਵਰਜਿਆ ਹੋਇਆ ਹੈ।
ਅਕਾਲੀ ਆਗੂ ਨੇ ਇਹ ਵੀ ਮੰਗ ਕੀਤੀ ਕਿ ਇਸ ਗੱਲ ਦੀ ਵੱਖਰੇ ਤੌਰ ’ਤੇ ਜਾਂਚ ਕੀਤੀ ਜਾਵੇ ਕਿ ਰਿਪਬਲਿਕ ਟੀ. ਵੀ. ਦੇ ਸੰਪਾਦਕ ਅਤੇ ਉਸਦੇ ਸਟਾਫ ਕੋਲ ਕਿਸ ਤਰੀਕੇ ਦੀ ਸੰਵੇਦਨਸ਼ੀਲ ਜਾਣਕਾਰੀ ਹੈ। ਉਹਨਾਂ ਕਿਹਾ ਕਿ ਗੋਸਵਾਮੀ ਨੂੰ ਖੁਦ ਦੇਸ਼ ਦੇ ਹਿੱਤਾਂ ਖਾਤਰ ਪੁੱਛ-ਗਿੱਛ ਲਈ ਪੇਸ਼ ਹੋਣਾ ਚਾਹੀਦਾ ਹੈ ਕਿਉਂਕਿ ਸਾਡੇ ਦੇਸ਼ ਦੀ ਏਕਤਾ ਅਤੇ ਅਖੰਡਤਾ ਸਭ ਤੋਂ ਉਪਰ ਹੈ।