ਸਿੱਧੂ ਸਾਹਬ, ਕਾਂਗਰਸੀਆਂ ਨੂੰ ਇਕਹਿਰੀ ਬੋਲੀ ਰਾਹੀਂ ਦਿੱਤੀਆਂ ਖੱਡਾਂ ਦਾ ਵਿਰੋਧ ਕਿਉਂ ਨਾ ਕੀਤਾ : ਅਕਾਲੀ ਦਲ

07/08/2017 8:20:41 AM

ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਸ ਨੇ ਕਾਂਗਰਸੀ ਵਿਧਾਇਕਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਇਕਹਿਰੀ ਬੋਲੀ ਰਾਹੀਂ ਦਿੱਤੀਆਂ 18 ਰੇਤ ਦੀਆਂ ਖੱਡਾਂ ਦੇ ਖਿਲਾਫ ਕਿਉਂ ਆਵਾਜ਼ ਨਹੀਂ ਉਠਾਈ ਜਦਕਿ 4 ਨਿਗਰਾਨ ਇੰਜੀਨੀਅਰਾਂ ਖਿਲਾਫ ਸਿਵਲ ਵਰਕਸ ਦੀ ਅਲਾਟਮੈਂਟ ਨੂੰ ਲੈ ਕੇ ਉਨ੍ਹਾਂ ਇਸੇ ਆਧਾਰ 'ਤੇ ਕਾਰਵਾਈ ਕੀਤੀ ਹੈ। ਇਸ ਬਾਰੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਸੰਸਦ ਮੈਂਬਰਾਂ ਸੁਖਦੇਵ ਸਿੰਘ ਢੀਂਡਸਾ ਅਤੇ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਉਹ ਸਿਵਲ ਵਰਕਸ ਦੀ ਇਕਹਿਰੀ ਬੋਲੀ ਰਾਹੀਂ ਅਲਾਟਮੈਂਟ ਕਰਨ ਵਾਲੇ 4 ਨਿਗਰਾਨ ਇੰਜੀਨੀਅਰਾਂ ਦੀ ਬਰਤਰਫੀ ਦਾ ਸਵਾਗਤ ਕਰਦੇ ਹਨ ਪਰ ਨਾਲ ਹੀ ਸਿੱਧੂ ਦੱਸਣ ਕਿ ਉਹ ਉਨ੍ਹਾਂ ਕਾਂਗਰਸੀ ਵਿਧਾਇਕਾਂ ਖਿਲਾਫ ਕਾਰਵਾਈ ਦੀ ਮੰਗ ਕਿਉਂ ਨਹੀਂ ਕਰ ਰਹੇ, ਜਿਨ੍ਹਾਂ ਨੇ ਇਕਹਿਰੀ ਬੋਲੀ ਰਾਹੀਂ 18 ਰੇਤ ਦੀਆਂ ਖੱਡਾਂ ਹਾਸਿਲ ਕੀਤੀਆਂ ਹਨ।
 ਉਨ੍ਹਾਂ ਕਿਹਾ ਕਿ ਕੀ ਕਾਨੂੰਨ ਸਾਰਿਆਂ ਲਈ ਬਰਾਬਰ ਨਹੀ ਹੈ? ਕਾਨੂੰਨ ਕਹਿੰਦਾ ਹੈ ਕਿ ਰੇਤ ਦੀਆਂ ਖੱਡਾਂ ਦੀ ਨਿਲਾਮੀ ਵਾਸਤੇ ਘੱਟੋ-ਘੱਟ ਤਿੰਨ ਬੋਲੀਆਂ ਹੋਣੀਆਂ ਚਾਹੀਦੀਆਂ ਹਨ। ਇੱਥੋਂ ਤੱਕ ਕਿ ਰਾਜਸਥਾਨ ਦੀ ਸਰਕਾਰ ਨੇ ਵੀ ਪਿਛਲੇ ਸਾਲ ਆਪਣੀ ਬੋਲੀ ਰੱਦ ਕਰ ਦਿੱਤੀ ਸੀ, ਜਦੋਂ ਉਸ ਨੂੰ ਪਤਾ ਲੱਗਾ ਸੀ ਕਿ ਰੇਤ ਦੀਆਂ ਖੱਡਾਂ ਵਾਸਤੇ ਤਿੰਨ ਬੋਲੀਆਂ ਨਹੀਂ ਸੀ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਮੀਡੀਆ ਵਿਚ ਵਾਰ-ਵਾਰ ਉਛਲਣ ਦੇ ਬਾਵਜੂਦ ਇਹ ਮੁੱਦਾ ਤੁਹਾਡੀਆਂ ਨਜ਼ਰਾਂ ਤੋਂ ਕਿਵੇਂ ਬਚ ਕੇ ਨਿਕਲ ਗਿਆ? ਕੀ ਰੇਤ ਖੱਡਾਂ ਦੀ ਨਿਲਾਮੀ ਵਿਚ ਹੋਈ ਘਪਲੇਬਾਜ਼ੀ ਨੂੰ ਤੁਸੀਂ ਜਾਣਬੁੱਝ ਕੇ ਅੱਖੋਂ-ਪਰੋਖੇ ਕੀਤਾ ਹੈ? ਜਾਂ ਫਿਰ ਤੁਸੀਂ ਦੋਸ਼ੀਆਂ ਦਾ ਬਚਾਅ ਕਰ ਰਹੇ ਹੋ? ਕ੍ਰਿਪਾ ਕਰ ਕੇ ਪੰਜਾਬੀਆਂ ਨੂੰ ਦੱਸੋ ਤਾਂ ਕਿ ਉਹ ਤੁਹਾਡੇ ਅਸਲੀ ਸੁਭਾਅ ਨੂੰ ਸਮਝ ਸਕਣ। ਅਕਾਲੀ ਸੰਸਦ ਮੈਂਬਰਾਂ ਨੇ ਸਿੱਧੂ ਨੂੰ ਇਹ ਵੀ ਪੁੱਛਿਆ ਕਿ ਕੀ ਉਹ ਸਿਰਫ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਹੀ ਜ਼ਮੀਰ ਦੀ ਆਵਾਜ਼ ਸੁਣਨ ਦੀ ਦੁਹਾਈ ਦਿੰਦਾ ਹੈ? ਇਸ ਮੁੱਦੇ 'ਤੇ ਤੁਹਾਡੇ ਵੱਲੋਂ ਵੱਟੀ ਚੁੱਪ ਦਾ ਹੋਰ ਕੀ ਅਰਥ ਕੱਢਿਆ ਜਾਵੇ? ਤੁਸੀਂ ਮੰਤਰੀ ਮੰਡਲ 'ਚ ਵੀ ਇਸ ਮੁੱਦੇ ਨੂੰ ਉਠਾਉਣਾ ਭੁੱਲ ਗਏ। ਨਾ ਹੀ ਤੁਸੀਂ ਇਸ ਮੁੱਦੇ 'ਤੇ ਕਾਰਵਾਈ ਕਰਨ ਲਈ ਮੁੱਖ ਮੰਤਰੀ ਤੱਕ ਪਹੁੰਚ ਕੀਤੀ। ਇਹ ਸਿਰਫ ਇਸ ਲਈ ਕਿਉਂਕਿ ਦੋਸ਼ੀ ਵਿਅਕਤੀ ਕਾਂਗਰਸੀ ਹਨ?


Related News