ਢੀਂਡਸਾ ਵੱਲੋਂ ਅਨੁਸ਼ਾਸਨੀ ਕਮੇਟੀ ਦਾ ਫ਼ੈਸਲਾ ਰੱਦ ਕਰਨ ''ਤੇ ਡਾ. ਦਲਜੀਤ ਚੀਮਾ ਦਾ ਵੱਡਾ ਬਿਆਨ

Wednesday, Jul 31, 2024 - 06:22 PM (IST)

ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)- ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਬਾਗੀ ਧੜੇ ਦੇ 8 ਆਗੂਆਂ ਨੂੰ ਪਾਰਟੀ 'ਚੋਂ ਬਾਹਰ ਕੱਢਣ ਦੇ ਫ਼ੈਸਲੇ ਨੂੰ ਰੱਦ ਕਰਨ 'ਤੇ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਚੀਮਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਡਾ. ਦਲਜੀਤ ਚੀਮਾ ਨੇ ਕਿਹਾ ਕਿ ਸਰਪ੍ਰਸਤ ਨੂੰ ਫ਼ੈਸਲਾ ਰੱਦ ਕਰਨ ਦਾ ਕੋਈ ਅਧਿਕਾਰ ਹੀ ਨਹੀਂ ਹੁੰਦਾ। ਇਹ ਗੱਲ ਢੀਂਡਸਾ ਸਾਬ੍ਹ ਨੂੰ ਵੀ ਪਤਾ ਹੈ ਕਿ ਜਦੋਂ ਪਾਰਟੀ ਵਿਚੋਂ ਕਿਸੇ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਤਾਂ ਉਸ ਦੇ ਸਾਰੇ ਅਧਿਕਾਰੀ ਖ਼ਤਮ ਹੋ ਜਾਂਦੇ ਹਨ।  ਡਾ. ਚੀਮਾ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦੇ ਕੋਲ ਕੋਈ ਅਹੁਦੇ ਨਹੀਂ ਰਹੇ ਹਨ ਕਿਉਂਕਿ 8 ਆਗੂਆਂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਹੀ ਬਾਹਰ ਕਰ ਦਿੱਤਾ ਗਿਆ ਹੈ। 

ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਢੀਂਡਸਾ ਸਾਬ੍ਹ ਪਾਰਟੀ ਦੇ ਸੀਨੀਅਰ ਲੀਡਰ ਹਨ। ਇਸੇ ਕਰਕੇ ਬਾਦਲ ਸਾਬ੍ਹ ਦੇ ਜਾਣ ਮਗਰੋਂ ਸਰਪ੍ਰਸਤ ਦਾ ਅਹੁਦਾ ਢੀਂਡਸਾ ਸਾਬ੍ਹ ਨੂੰ ਦਿੱਤਾ ਗਿਆ ਹੈ। ਆਗੂਆਂ ਨੂੰ ਬਾਹਰ ਕੱਢੇ ਜਾਣ 'ਤੇ ਢੀਂਡਸਾ ਸਾਬ੍ਹ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚਿੱਠੀ ਲਿਖ ਕੇ ਜਵਾਬ ਮੰਗਣ 'ਤੇ ਬੋਲਦੇ ਹੋਏ ਕਿਹਾ ਕਿ ਸਰਪ੍ਰਸਤ ਇਕ ਸਨਮਾਨਜਨਕ ਅਹੁਦਾ ਹੈ। ਜਦੋਂ ਤੁਸੀਂ ਬਜ਼ੁਰਗ ਹੋ ਜਾਂਦੇ ਹੋ ਅਤੇ ਪੂਰੀ ਤਰ੍ਹਾਂ ਰਾਜਨੀਤੀ ਵਿਚ ਸਰਗਰਮ ਨਹੀਂ ਰਹਿ ਪਾਉਂਦੇ ਤਾਂ ਪਾਰਟੀ ਤੁਹਾਨੂੰ ਸਨਮਾਨ ਦਿੰਦੇ ਹੋਏ ਪਾਰਟੀ ਦਾ ਸਰਪ੍ਰਸਤ ਬਣਾ ਦਿੰਦੀ ਹੈ। 
ਡਾ. ਦਲਜੀਤ ਚੀਮਾ ਨੇ ਕਿਹਾ ਕਿ ਜਦੋਂ ਕੋਈ ਪਾਰਟੀ ਫ਼ੈਸਲਾ ਕਰ ਦਿੰਦੀ ਹੈ ਤਾਂ ਸਰਪ੍ਰਸਤ ਨੂੰ ਵੀ ਪਾਰਟੀ ਦੇ ਮੁਤਾਬਕ ਚੱਲਣਾ ਚਾਹੀਦਾ ਹੈ। ਇਸੇ ਤਰੀਕੇ ਨਾਲ ਪਾਰਟੀ ਦੇ ਫ਼ੈਸਲੇ ਕੀਤੇ ਜਾਂਦੇ ਹਨ। ਸੁਖਦੇਵ ਢੀਂਡਸਾ ਨੂੰ ਧਿਰ ਬਣ ਕੇ ਬਾਹਰ ਕੱਢੇ ਗਏ ਲੀਡਰਾਂ ਦੀ ਪ੍ਰੈੱਸ ਕਾਨਫ਼ਰੰਸ ਵਿਚ ਬੈਠ ਕੇ ਆਪ ਲੀਡ ਨਹੀਂ ਕਰਨਾ ਚਾਹੀਦਾ ਸੀ। ਸਾਰੀ ਉਮਰ ਉਨ੍ਹਾਂ ਨੇ ਪਾਰਟੀ ਵਿਚ ਕੰਮ ਕੀਤਾ ਹੈ। 

ਇਹ ਵੀ ਪੜ੍ਹੋ- ਔਰਤ ਦੇ ਕਤਲ ਦਾ ਮਾਮਲਾ ਸੁਲਝਿਆ, ਭਰਾ ਹੀ ਨਿਕਲਿਆ ਕਾਤਲ, ਸਿਰ 'ਤੇ ਡੰਡੇ ਮਾਰ-ਮਾਰ ਦਿੱਤੀ ਬੇਰਹਿਮ ਮੌਤ

ਦੱਸ ਦੇਈਏ ਕਿ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਬਾਗੀ ਧੜੇ ਦੇ 8 ਆਗੂਆਂ ਨੇ ਪਾਰਟੀ 'ਚੋਂ ਬਾਹਰ ਕੱਢਣ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਹੈ। ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਹੈ ਕਿ ਇਹ ਸੁਖਬੀਰ ਬਾਦਲ ਹੁਣ ਪ੍ਰਧਾਨਗੀ ਦੇ ਲਾਇਕ ਨਹੀਂ ਰਿਹਾ ਹੈ। ਸੁਖਬੀਰ ਦਾ ਫ਼ੈਸਲਾ ਗੈਸੰਵਿਧਾਨਕ ਹੈ, ਲਿਹਾਜ਼ਾ ਉਹ ਪਾਰਟੀ ਦੇ ਸਰਪ੍ਰਸਤ ਹੋਣ ਦੇ ਨਾਤੇ ਇਹ ਫ਼ੈਸਲਾ ਰੱਦ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਪ੍ਰਸਤ ਦੇ ਤੌਰ 'ਤੇ ਇਸ ਸਬੰਧੀ ਮੈਂ ਲਿਖਤੀ ਤੌਰ 'ਤੇ ਸੁਖਬੀਰ ਬਾਦਲ ਨੂੰ ਭੇਜਾਂਗਾ। ਢੀਂਡਸਾ ਨੇ ਇਹ ਵੀ ਆਖਿਆ ਹੈ ਕਿ ਬਹੁਤ ਜਲਦੀ ਉਹ ਪਾਰਟੀ ਇਜਲਾਸ ਬੁਲਵਾਉਣਗੇ ਜਿਸ ਵਿਚ ਨਵਾਂ ਪ੍ਰਧਾਨ ਚੁਣਿਆ ਜਾਵੇਗਾ। ਹਾਲਾਂਕਿ ਨਵੇਂ ਪ੍ਰਧਾਨ ਦੇ ਨਾਂ 'ਤੇ ਅਜੇ ਕੋਈ ਫ਼ੈਸਲਾ ਨਹੀਂ ਹੋਇਆ ਹੈ ਅਤੇ ਇਹ ਫ਼ੈਸਲਾ ਵੀ ਸੰਗਤ ਹੀ ਕਰੇਗੀ।

ਬਾਗੀ ਧੜੇ ਦੇ ਇਨ੍ਹਾਂ ਆਗੂਆਂ ਨੂੰ ਪਾਰਟੀ ਨੇ ਵਿਖਾਇਆ ਬਾਹਰ ਦਾ ਰਸਤਾ 
ਅਕਾਲੀ ਦਲ ਨੇ ਬੀਤੇ ਦਿਨ ਬਾਗੀ ਧੜੇ ਦੇ 8 ਵੱਡੇ ਆਗੂਆਂ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ। ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਵੱਡੀ ਕਾਰਵਾਈ ਕਰਦੇ ਹੋਏ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਸੁਰਿੰਦਰ ਸਿੰਘ ਠੇਕੇਦਾਰ ਅਤੇ ਚਰਨਜੀਤ ਸਿੰਘ ਬਰਾੜ ਨੂੰ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ 'ਚੋਂ ਬਾਹਰ ਕਰ ਦਿੱਤਾ ਹੈ। ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਵਿਚ ਬਲਵਿੰਦਰ ਸਿੰਘ ਭੂੰਦੜ ਅਤੇ ਮਹੇਸ਼ ਇੰਦਰ ਸਿੰਘ ਗਰੇਵਾਲ ਤੋਂ ਇਲਾਵਾ ਹੋਰ ਵੀ ਕਈ ਵੱਡੇ ਆਗੂ ਮੌਜੂਦ ਰਹੇ ਸਨ। ਜਿਸ ਵਿਚ ਅਕਾਲੀ ਦਲ ਤੋਂ ਲਗਾਤਾਰ ਬਾਗੀ ਚੱਲਦੇ ਆ ਰਹੇ ਆਗੂਆਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਅਕਾਲੀ ਦਲ ਵਿਚੋਂ ਬਾਹਰ ਕੱਢਣ ਦਾ ਫ਼ੈਸਲਾ ਕੀਤਾ ਗਿਆ ਸੀ।  

ਇਹ ਵੀ ਪੜ੍ਹੋ-  ਕੁੱਲ੍ਹੜ ਪਿੱਜ਼ਾ ਕੱਪਲ ਦੀ ਤਰ੍ਹਾਂ ਜਲੰਧਰ ਦੀ ਇਸ ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ ਤੇ ਮਾਡਲ ਦੀ ਅਸ਼ਲੀਲ ਵੀਡੀਓ ਵਾਇਰਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News