ਕੈਪਟਨ ਦਾ ਬਰਗਾੜੀ ਕਾਂਡ ''ਤੇ ਬਿਆਨ ਗੁੰਮਰਾਹਕੁਨ : ਡਾ. ਚੀਮਾ

Monday, Jul 10, 2017 - 11:22 AM (IST)

ਲੁਧਿਆਣਾ (ਮੁੱਲਾਂਪੁਰੀ)-ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਲੀ 'ਚ ਬਰਗਾੜੀ ਕਾਂਡ 'ਚ ਪ੍ਰਕਾਸ਼ ਸਿੰਘ ਬਾਦਲ ਦਾ ਸ਼ਾਮਿਲ ਹੋਣ ਦਾ ਜੋ ਬਿਆਨ ਦਿੱਤਾ ਗਿਆ ਹੈ ਉਹ ਪੂਰਨ ਤੌਰ 'ਤੇ ਝੂਠਾ ਤੇ ਗੁੰਮਰਾਹਕੁਨ ਹੈ। ਉਕਤ ਆਗੂਆਂ ਨੇ ਕਿਹਾ ਕਿ ਜਦੋਂ ਕੈਪਟਨ ਸਿੰਘ ਨੇ ਬਰਗਾੜੀ ਕਾਂਡ ਲਈ ਸਾਬਕਾ ਜੱਜ ਰਾਹੀਂ ਜਾਂਚ ਸੌਂਪ ਕੇ ਰਿਪੋਰਟ ਮੰਗੀ ਹੈ ਤਾਂ ਹੁਣ ਇਹ ਬਿਆਨ ਦੇ ਕੇ ਕੀ ਜਾਂਚ ਕਰਤਾ ਦੀ ਰਿਪੋਰਟ ਤੋਂ ਪਹਿਲਾਂ ਇਸ ਕਾਂਡ ਬਾਰੇ ਰਾਜਸੀ ਕਿੜਾਂ ਕੱਢ ਕੇ ਬਦਨਾਮ ਕਰ ਰਿਹਾ ਹੈ। 
ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇੰਨਾ ਹੀ ਪਤਾ ਸੀ ਕਿ ਬਰਗਾੜੀ ਕਾਂਡ 'ਚ ਅਕਾਲੀਆਂ ਦਾ ਹੱਥ ਹੈ ਤਾਂ ਫਿਰ ਇਹ ਕਮਿਸ਼ਨ ਬਿਠਾਉਣ ਦੀ ਕੀ ਲੋੜ ਸੀ। ਉਨ੍ਹਾਂ ਕਿਹਾ ਕਿ ਇਸ ਬਿਆਨ ਦੇ ਨਾਲ ਕਮਿਸ਼ਨ ਦੀ ਰਿਪੋਰਟ ਸ਼ੱਕ ਵਾਲੇ ਪਾਸੇ ਨੂੰ ਤੋਰਨ ਦੀ ਗੱਲ ਅਤੇ ਇਸ 'ਚ ਸਿੱਧਾ ਦਖਲ ਦਿੱਤਾ ਹੈ। ਡਾ. ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਰਾਜਭਾਗ ਸੰਭਾਲਦਿਆਂ ਜੋ ਅਕਾਲੀ ਦਲ ਦੇ ਵਰਕਰਾਂ 'ਤੇ ਜ਼ਿਆਦਤੀਆਂ ਕੀਤੀਆਂ ਹਨ, ਉਨ੍ਹਾਂ ਦੀ ਰਿਪੋਰਟ ਹਰ ਮਹੀਨੇ ਇਕੱਠੀ ਕੀਤੀ ਜਾ ਰਹੀ ਹੈ ਤੇ ਸਰਕਾਰ ਆਉਣ 'ਤੇ ਜ਼ਿਆਦਤੀਆਂ ਕਰਨ ਵਾਲਿਆਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ।  


Related News