ਅਕਾਲੀ-ਭਾਜਪਾ ਗਠਜੋੜ 35 ਵਿਧਾਨ ਸਭਾ ਸੀਟਾਂ ''ਤੇ ਰਿਹਾ ਅੱਗੇ

Tuesday, May 28, 2019 - 11:39 AM (IST)

ਅਕਾਲੀ-ਭਾਜਪਾ ਗਠਜੋੜ 35 ਵਿਧਾਨ ਸਭਾ ਸੀਟਾਂ ''ਤੇ ਰਿਹਾ ਅੱਗੇ

ਹੁਸ਼ਿਆਰਪੁਰ (ਇਕਬਾਲ ਸਿੰਘ ਘੁੰਮਣ)— ਅਕਾਲੀ-ਭਾਜਪਾ ਗੱਠਜੋੜ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਸਿਰਫ 17 ਸੀਟਾਂ ਉੱਪਰ ਹੀ ਜਿੱਤ ਪ੍ਰਾਪਤ ਕਰ ਸਕਿਆ ਸੀ ਅਤੇ ਤੀਜੇ ਨੰਬਰ 'ਤੇ ਰਿਹਾ ਸੀ। ਹਾਲੀਆ ਲੋਕ ਸਭਾ ਚੋਣਾਂ ਸਮੇਂ ਅਕਾਲੀ ਦਲ ਦਾ ਜਿੱਥੇ ਹਰ ਪਾਸਿਓਂ ਵਿਰੋਧ ਹੋ ਰਿਹਾ ਸੀ, ਉੱਥੇ ਹੀ ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਨਵਾਂ ਅਕਾਲੀ ਦਲ (ਟਕਸਾਲੀ) ਬਣਾ ਲਿਆ ਸੀ। ਇੰਝ ਲੱਗਣ ਲੱਗ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਟਕਸਾਲੀ ਵੱਡੀ ਢਾਅ ਲਾਉਣਗੇ ਪਰ ਉਲਟ ਹਾਲਾਤ 'ਚ ਵੀ ਅਕਾਲੀ-ਭਾਜਪਾ ਗਠਜੋੜ ਨੇ 35 ਵਿਧਾਨ ਸਭਾ ਸੀਟਾਂ 'ਤੇ ਲੀਡ ਹਾਸਲ ਕੀਤੀ ਅਤੇ 37.5 ਫੀਸਦੀ ਵੋਟਾਂ ਪ੍ਰਾਪਤ ਕੀਤੀਆਂ।

ਕਾਂਗਰਸ, ਜਿਸ ਨੇ ਵਿਧਾਨ ਸਭਾ ਚੋਣਾਂ ਦੌਰਾਨ 77 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ, ਉਹ ਹੁਣ 67 ਹਲਕਿਆਂ 'ਚ ਹੀ ਆਪਣੀ ਬੜ੍ਹਤ ਬਣਾ ਸਕੀ। ਅਕਾਲੀ ਦਲ ਨੇ ਆਪਣੀਆਂ ਵੱਕਾਰੀ ਲੋਕ ਸਭਾ ਸੀਟਾਂ ਬਠਿੰਡਾ ਅਤੇ ਫਿਰੋਜ਼ਪੁਰ 'ਤੇ ਜਿੱਤ ਦਰਜ ਕਰਵਾਈ। ਅਕਾਲੀ ਦਲ ਟਕਸਾਲੀ ਦੇ ਸੀਨੀਅਰ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ, ਜਿਹੜੇ ਕਿ ਕਿਸੇ ਸਮੇਂ ਅਕਾਲੀ ਦਲ 'ਚ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਦੂਜੇ ਨੰਬਰ 'ਤੇ ਸਮਝੇ ਜਾਂਦੇ ਸਨ, ਉਹ ਆਪਣੇ ਦਮ 'ਤੇ ਕੋਈ ਵੀ ਸੀਟ ਨਹੀਂ ਜਿੱਤ ਸਕੇ। ਅਕਾਲੀ ਦਲ (ਟਕਸਾਲੀ) ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਬੀਰਦਵਿੰਦਰ ਸਿੰਘ ਦੀ ਜ਼ਮਾਨਤ ਜ਼ਬਤ ਹੋ ਗਈ। ਹਲਕਾ ਖਡੂਰ ਸਾਹਿਬ ਜਿੱਥੋਂ ਉਨ੍ਹਾਂ ਪਹਿਲਾਂ ਜੇ. ਜੇ. ਸਿੰਘ ਨੂੰ ਉਮੀਦਵਾਰ ਵਜੋਂ ਉਤਾਰਿਆ ਸੀ, ਦੀ ਉਮੀਦਵਾਰੀ ਵਾਪਸ ਲੈ ਕੇ ਪੀ. ਡੀ. ਏ. ਉਮੀਦਵਾਰ ਪਰਮਜੀਤ ਕੌਰ ਖਾਲੜਾ ਦੀ ਹਮਾਇਤ ਕੀਤੀ, ਨੂੰ ਵੀ ਜਿਤਾਉਣ 'ਚ ਸਫਲ ਨਹੀਂ ਹੋ ਸਕੇ। 

ਇਥੋਂ ਕਾਂਗਰਸ ਪਾਰਟੀ ਦੇ ਜਸਬੀਰ ਸਿੰਘ ਡਿੰਪਾ ਜੇਤੂ ਰਹੇ ਅਤੇ ਦੂਜੇ ਨੰਬਰ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰਹੀ। ਸ਼੍ਰੋਮਣੀ ਅਕਾਲੀ ਦਲ ਦੇ ਮੁੜ ਪੈਰ ਲਾਉਣ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਾਮਯਾਬ ਰਹੇ ਅਤੇ ਪਾਰਟੀ 'ਚ ਮੁੜ ਜਾਨ ਪਾ ਦਿੱਤੀ।ਕਾਂਗਰਸ ਦੀ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਲੋਕ ਸਭਾ ਸੀਟਾਂ 'ਤੇ ਸਥਿਤੀ ਬੜੀ ਖਰਾਬ ਹੋਈ। ਗੁਰਦਾਸਪੁਰ ਨਾਲ ਸਬੰਧਤ ਮੰਤਰੀ, ਜਿਨ੍ਹਾਂ ਨੂੰ ਆਪਣੇ ਉੱਪਰ ਮਾਣ ਸੀ, ਦੇ ਹਲਕੇ 'ਚੋਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਸੇ ਤਰ੍ਹਾਂ ਹੁਸ਼ਿਆਰਪੁਰ ਲੋਕ ਸਭਾ ਦੇ 9 ਵਿਧਾਨ ਸਭਾ ਹਲਕਿਆਂ 'ਚੋਂ ਹਲਕਾ ਮੁਕੇਰੀਆਂ, ਜਿੱਥੇ ਜ਼ਿਆਦਾਤਰ ਕਾਂਗਰਸ ਦਾ ਕਬਜ਼ਾ ਰਿਹਾ, ਇਥੋਂ ਡਾ. ਕੇਵਲ ਕ੍ਰਿਸ਼ਨ ਲੰਮਾ ਸਮਾਂ ਮੰਤਰੀ ਰਹੇ ਅਤੇ ਅੱਗੋਂ ਉਨ੍ਹਾਂ ਦੇ ਪੁੱਤਰ ਰਜਨੀਸ਼ ਬੱਬੀ ਦੋ ਵਾਰ ਵਿਧਾਇਕ ਬਣੇ, ਦੇ ਹਲਕੇ ਵਿਚੋਂ ਵੀ ਕਾਂਗਰਸ ਉਮੀਦਵਾਰ ਨੂੰ ਵੱਡੀ ਹਾਰ ਮਿਲੀ। 

ਇਸੇ ਤਰ੍ਹਾਂ ਦਸੂਹਾ ਹਲਕਾ, ਜਿੱਥੋਂ ਕਿ ਰਮੇਸ਼ ਚੰਦਰ ਡੋਗਰਾ ਲੰਮਾ ਸਮਾਂ ਵਿਧਾਇਕ ਰਹੇ ਅਤੇ ਅੱਗੋਂ ਉਨ੍ਹਾਂ ਦੇ ਪੁੱਤਰ ਅਰੁਣ ਮਿੱਕੀ ਡੋਗਰਾ ਵਿਧਾਇਕ ਹਨ, ਉੱਥੋਂ ਵੀ ਕਾਂਗਰਸ ਉਮੀਦਵਾਰ ਵੱਡੀ ਲੀਡ ਨਾਲ ਹਾਰੇ। ਹਲਕਾ ਹੁਸ਼ਿਆਰਪੁਰ ਜਿੱਥੋਂ ਦੇ ਵਿਧਾਇਕ ਸੁੰੰਦਰ ਸ਼ਾਮ ਅਰੋੜਾ ਪੰਜਾਬ ਸਰਕਾਰ ਵਿਚ ਮੰਤਰੀ ਹਨ, ਦੇ ਹਲਕੇ ਵਿਚੋਂ ਕਾਂਗਰਸ ਉਮੀਦਵਾਰ ਲੀਡ ਨਹੀਂ ਹਾਸਲ ਕਰ ਸਕੇ। ਇਸ ਤੋਂ ਜਾਪਦਾ ਹੈ ਕਿ ਕਾਂਗਰਸ ਵਿਧਾਇਕ ਅਤੇ ਮੰਤਰੀ ਲੋਕਾਂ ਨੂੰ ਨਾਲ ਲੈ ਕੇ ਚੱਲਣ 'ਚ ਅਸਫ਼ਲ ਰਹੇ ਹਨ। ਲੋਕਾਂ ਤੋਂ ਦੂਰੀ ਬਣਾਈ ਰੱਖਣ ਕਾਰਨ ਹੀ ਕਾਂਗਰਸ ਹੱਥੋਂ ਇਹ ਸੀਟਾਂ ਖੁੱਸ ਗਈਆਂ।


author

shivani attri

Content Editor

Related News