ਪੰਜਾਬ ''ਚ ਅਕਾਲੀ ਦਲ ਦੀ ਸਰਕਾਰ ਬਣਨ ''ਤੇ ਸਾਧੂ ਸਿੰਘ ਧਰਮਸੌਤ ਨੂੰ ਸਲਾਖਾਂ ਪਿੱਛੇ ਸੁੱਟਾਂਗੇ : ਸੁਖਬੀਰ
Monday, Nov 02, 2020 - 11:04 PM (IST)
ਨਾਭਾ,(ਭੂਪਾ/ਖੁਰਾਣਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਕ ਵਾਰ ਸੂਬੇ 'ਚ ਅਕਾਲੀ ਦਲ ਦੀ ਸਰਕਾਰ ਬਣ ਗਈ ਤਾਂ ਉਸ ਵੱਲੋਂ ਐੱਸ. ਸੀ. ਭਲਾਈ ਮੰਤਰੀ ਸਾਧੂ ਸਿੰਘ ਧਰਮਸੌਤ ਵੱਲੋਂ ਕੀਤੇ ਐੱਸ. ਸੀ. ਸਕਾਲਰਸ਼ਿਪ ਘਪਲੇ ਦੀ ਜਾਂਚ ਦੇ ਹੁਕਮ ਦਿੱਤੇ ਜਾਣਗੇ ਅਤੇ 3 ਮਹੀਨਿਆਂ ਦੇ ਅੰਦਰ-ਅੰਦਰ ਉਨ੍ਹਾਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਥੇ ਧਰਮਸੌਤ ਦੇ ਘਰ ਤੱਕ ਮਾਰਚ ਵੀ ਕੱਢਿਆ ਅਤੇ ਉਸ ਦੀ ਰਿਹਾਇਸ਼ ਦੇ ਨੇੜੇ ਹੀ ਉਸ ਸਮੇਂ ਧਰਨਾ ਦਿੱਤਾ, ਜਦੋਂ ਭਾਰੀ ਪੁਲਸ ਫੋਰਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ।
ਸਾਧੂ ਸਿੰਘ ਧਰਮਸੌਤ ਵੱਲੋਂ ਦਲਿਤ ਵਿਦਿਆਰਥੀਆਂ ਨਾਲ ਕੀਤੇ ਅਨਿਆਂ ਖਿਲਾਫ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਬਾਦਲ ਨੇ 64 ਕਰੋੜ ਰੁਪਏ ਦੇ ਐੱਸ. ਸੀ. ਸਕਾਲਰਸ਼ਿਪ ਘਪਲੇ 'ਚ ਧਰਮਸੌਤ ਨੂੰ ਬਰਖਾਸਤ ਕੀਤੇ ਜਾਣ, ਗ੍ਰਿਫਤਾਰ ਕੀਤੇ ਜਾਣ ਅਤੇ ਜੇਲ 'ਚ ਸੁੱਟੇ ਜਾਣ ਦੀ ਮੰਗ ਵੀ ਕੀਤੀ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹ ਪੁੱਛਿਆ ਕਿ ਉਹ ਦੱਸਣ ਕਿ ਭ੍ਰਿਸ਼ਟ ਮੰਤਰੀ ਦਾ ਉਹ ਬਚਾਅ ਕਿਉਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਜਾਨਣਾ ਚਾਹੁੰਦੇ ਹਨ ਕਿ ਤੁਸੀਂ ਉਸ ਮੰਤਰੀ ਨੂੰ ਕਲੀਨ ਚਿੱਟ ਕਿਉਂ ਦਿੱਤੀ ਹੈ, ਜਿਸ ਨੇ ਲੱਖਾਂ ਦਲਿਤ ਵਿਦਿਆਰਥੀਆਂ ਦਾ ਭਵਿੱਖ ਤਬਾਅ ਕਰ ਦਿੱਤਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬਜਾਏ ਨਵੇਂ ਵਾਅਦਿਆਂ ਨਾਲ ਪੰਜਾਬੀਆਂ ਨੂੰ ਮੂਰਖ ਬਣਾਉਣ ਦਾ ਯਤਨ ਕਰਨ, ਕਾਂਗਰਸ ਸਰਕਾਰ ਇਹ ਦੱਸੇ ਕਿ ਪਿਛਲੇ 3 ਸਾਲਾਂ 'ਚ ਬਜਟ 'ਚ ਕੀਤੀ 2440 ਕਰੋੜ ਰੁਪਏ ਦੀ ਵਿਵਸਥਾ ਦੀ ਰਾਸ਼ੀ 'ਚੋਂ ਦਲਿਤ ਵਿਦਿਆਰਥੀਆਂ ਨੂੰ ਇਕ ਪੈਸਾ ਵੀ ਕਿਉਂ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਜ਼ਰੂਰਤ ਹੈ।
ਇਸ ਸਮੇਂ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਮੌਕੇ ਮੰਗ ਕੀਤੀ ਕਿ ਧਰਮਸੌਤ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਗ੍ਰਿਫਤਾਰ ਕੀਤਾ ਜਾਵੇ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਅਜਿਹੇ ਵਿਅਕਤੀ ਨੂੰ ਨਾ ਬਚਾਉਣ, ਜਿਸ ਨੇ ਲੱਖਾਂ ਦਲਿਤ ਵਿਦਿਆਰਥੀਆਂ ਦਾ ਭਵਿੱਖ ਤਬਾਹ ਕੀਤਾ ਹੋਵੇ। ਇਸ ਮੌਕੇ ਚਰਨਜੀਤ ਸਿੰਘ ਅਟਵਾਲ, ਜੋਗੀ ਗਰੇਵਾਲ ਨਾਨੋਕੀ, ਅਸ਼ੋਕ ਬਾਂਸਲ ਸੀਨੀਅਰ ਅਕਾਲੀ ਆਗੂ, ਸ਼ੈਲਰ ਐਸੋਸੀਏਸ਼ਨ ਪ੍ਰਧਾਨ ਅਤੇ ਆਰਗੇਨਾਈਜ਼ਿੰਗ ਸੈਕਟਰੀ ਸ਼੍ਰੋਮਣੀ ਅਕਾਲੀ ਦਲ ਪੰਜਾਬ, ਗੁਲਜ਼ਾਰ ਸਿੰਘ ਰਣੀਕੇ, ਸੁਰਜੀਤ ਸਿੰਘ ਰੱਖੜਾ, ਕਬੀਰ ਦਾਸ, ਹੀਰਾ ਸਿੰਘ ਗਾਬੜ੍ਹੀਆ, ਐੱਨ. ਕੇ. ਸ਼ਰਮਾ, ਪਵਨ ਟੀਨੂੰ, ਹਰਪ੍ਰੀਤ ਕੌਰ ਮੁਖਮੇਲਪੁਰ, ਬਲਦੇਵ ਸਿੰਘ ਮਾਨ, ਪ੍ਰਕਾਸ਼ ਚੰਦ ਗਰਗ, ਪ੍ਰਕਾਸ਼ ਸਿੰਘ ਭੱਟੀ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਬੀਬੀ ਵਨਿੰਦਰ ਕੌਰ ਲੂੰਬਾ, ਦਰਬਾਰਾ ਸਿੰਘ ਗੁਰੂ, ਗਗਨਜੀਤ ਸਿੰਘ ਬਰਨਾਲਾ, ਹਰੀ ਸਿੰਘ, ਦਰਸ਼ਨ ਸਿੰਘ ਸ਼ਿਵਾਲਿਕ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਵਿਜੇ ਦਾਨਵ, ਹਰਪ੍ਰੀਤ ਸਿੰਘ ਤੇ ਹਰਪਾਲ ਜੁਨੇਜਾ ਵੀ ਹਾਜ਼ਰ ਸਨ।