ਪੰਜਾਬ ''ਚ ਅਕਾਲੀ ਸਰਕਾਰ ਬਣਨ ''ਤੇ 1 ਮਹੀਨੇ ਅੰਦਰ ਧਰਮਸੌਤ ਨੂੰ ਸੁੱਟਾਂਗੇ ਜੇਲ੍ਹ ''ਚ : ਸੁਖਬੀਰ ਬਾਦਲ
Monday, Nov 09, 2020 - 07:04 PM (IST)
ਫਗਵਾੜਾ,(ਹਰਜੋਤ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਉਪਰੰਤ ਅਕਾਲੀ ਸਰਕਾਰ ਬਣਨ ਉਪਰੰਤ ਦੋਆਬੇ 'ਚ ਇਕ ਸਰਕਾਰੀ ਯੂਨੀਵਰਸਿਟੀ ਕਾਇਮ ਕੀਤੀ ਜਾਵੇਗੀ ਤੇ ਪੋਸਟ ਮੈਟ੍ਰਿਕ ਸਕੀਮ 'ਚ ਵੱਡਾ ਘਪਲਾ ਕਰਨ ਵਾਲੇ ਸਾਧੂ ਸਿੰਘ ਧਰਮਸੌਤ ਤੇ ਸਬੰਧਿਤ ਲੋਕਾਂ ਨੂੰ ਤੁਰੰਤ ਜੇਲਾਂ 'ਚ ਡੱਕਿਆ ਜਾਵੇਗਾ। ਅੱਜ ਇੱਥੇ ਮੇਹਟਾਂ-ਮੇਹਲੀ ਬਾਈਪਾਸ 'ਤੇ ਪੰਜਾਬ ਦੇ ਮੰਤਰੀ ਵੱਲੋਂ ਦਲਿਤ ਵਿਦਿਆਰਥੀਆਂ ਦੇ 64 ਕਰੋੜ ਦੀ ਵਜੀਫ਼ਾ ਰਕਮ ਹੜੱਪ ਕਰਨ ਵਿਰੁੱਧ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਡਾ. ਅੰਬੇਡਕਰ ਵੱਲੋਂ ਦੇਸ਼ ਦਾ ਸੰਵਿਧਾਨ ਲਿਖਣ ਦੀ ਬਦੌਲਤ ਸਾਧੂ ਸਿੰਘ ਧਰਮਸੌਤ ਵਰਗੇ ਆਗੂਆਂ ਨੂੰ ਇਨ੍ਹਾਂ ਕੁਰਸੀਆਂ ਦਾ ਮਾਣ ਪ੍ਰਾਪਤ ਹੋਇਆ ਸੀ ਪਰ ਸਭ ਤੋਂ ਮੰਦਭਾਗੀ ਗੱਲ ਹੈ ਕਿ ਇਹ ਲੋਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਥਾਂ ਖ਼ੁਦ ਹੀ ਆਪਣੇ ਬੱਚਿਆਂ ਦਾ ਵਜ਼ੀਫ਼ਾ ਖਾ ਗਏ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 1 ਸਾਲ ਡੱਟ ਕੇ ਸਰਕਾਰ ਦੀਆਂ ਵਧੀਕੀਆਂ ਨੂੰ ਲੋਕਾਂ ਸਾਹਮਣੇ ਨੰਗਾ ਕਰਨ ਤਾਂ ਜੋ ਇਸ ਸਰਕਾਰ ਦਾ ਅਸਲ ਚਿਹਰਾ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀਆਂ ਨੂੰ ਇੰਨਾਂ ਵੱਡਾ ਘਪਲਾ ਹੋਣ ਦੇ ਬਾਵਜੂਦ ਵੀ ਕਲੀਨ ਚਿੱਟ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਮੁੱਖ ਮੰਤਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁਕਰ ਸਕਦਾ ਹੈ ਤਾਂ ਉਹ ਅਜਿਹੇ ਭ੍ਰਿਸ਼ਟ ਲੋਕਾਂ ਕੋਲ ਆਪਣੀ ਜਮੀਰ ਕਿਉਂ ਨਹੀਂ ਵੇਚ ਸਕਦਾ? ਉਨ੍ਹਾਂ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਵੀ ਕਾਂਗਰਸ ਦੀ ਮਦਦ ਕੀਤੀ ਸੀ, ਜਿਸ ਕਾਰਣ ਉਨ੍ਹਾਂ ਦਾ ਇਸ ਸਬੰਧੀ ਭਾਜਪਾ ਆਗੂਆਂ ਨਾਲ ਤਕਰਾਰ ਵੀ ਹੋਇਆ ਸੀ। ਇਸੇ ਕਰ ਕੇ ਪੋਸਟਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਕੇਂਦਰ ਵਲੋਂ ਆਰੰਭੀ ਗਈ ਜਾਂਚ ਠੰਡੇ ਬਸਤੇ 'ਚ ਪੈ ਗਈ ਤੇ ਅਜੇ ਤੱਕ ਕੇਂਦਰ ਵੱਲੋਂ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਪੰਜਾਬ ਸਰਕਾਰ ਦੀਆਂ ਜਨਤਾ ਨੂੰ ਜ਼ਰੂਰੀ ਹਿਦਾਇਤਾਂ
ਉਨ੍ਹਾਂ ਬਾਦਲ ਸਰਕਾਰ ਦੌਰਾਨ ਸ਼ੁਰੂ ਕੀਤੀਆਂ ਸਕੀਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੈਪਟਨ ਦੇ ਰਾਜ 'ਚ ਇਹ ਸਾਰੀਆਂ ਸਕੀਮਾਂ ਬੰਦ ਹੋ ਚੁੱਕੀਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਅਕਾਲੀਆਂ ਦੀ ਮੁੜ ਸਰਕਾਰ ਬਣਨ 'ਤੇ ਸਾਰੀਆਂ ਸਕੀਮਾਂ ਮੁੜ ਚਲਾਈਆਂ ਜਾਣਗੀਆਂ। ਸੁਖਬੀਰ ਬਾਦਲ ਨੇ ਬੀਬੀ ਜਗੀਰ ਕੌਰ ਸਮੇਤ ਦੋਆਬੇ ਦੇ ਆਗੂਆਂ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ, ਜਿਨ੍ਹਾਂ ਨੇ ਵੱਡੀ ਪੱਧਰ 'ਤੇ ਉਪਰਾਲੇ ਕਰ ਕੇ ਇਸ ਰੈਲੀ ਨੂੰ ਸਫ਼ਲ ਬਣਾਇਆ। ਰੈਲੀ ਦੌਰਾਨ ਅਕਾਲੀ ਦਲ ਦੇ ਆਗੂਆਂ ਵੱਲੋਂ ਕਾਂਗਰਸੀ ਮੰਤਰੀ ਧਰਮਸੌਤ ਅਤੇ ਫਗਵਾੜਾ ਵਿਧਾਇਕ ਬਲਵਿੰਦਰ ਧਾਲੀਵਾਲ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ : ਬਾਦਲ ਪਰਿਵਾਰ 'ਤੇ ਬ੍ਰਹਮਪੁਰਾ ਦਾ ਵੱਡਾ ਹਮਲਾ, ਫਿਰ ਚੁੱਕਿਆ ਸੌਦਾ ਸਾਧ ਦਾ ਮੁੱਦਾ
ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਹੁਣ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਰਾਜ਼ੀ ਹੁੰਦੀ ਨਜ਼ਰ ਆ ਰਹੀ ਹੈ ਤੇ ਕਿਸਾਨ ਆਗੂਆਂ ਨੂੰ ਹੁਣ ਇਸ ਸਬੰਧੀ ਦਿੱਲੀ ਸੱਦਾ ਦਿੱਤਾ ਹੈ। ਜਦੋਂ ਹਰਸਿਮਰਤ ਮੰਤਰੀ ਸੀ ਤਾਂ ਉਦੋਂ ਇਹ ਗੱਲਬਾਤ ਕਰਨ ਨੂੰ ਤਿਆਰ ਨਹੀਂ ਸਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਨਾ ਪੁੱਛ ਕੇ ਉਹ ਪੰਜਾਬ ਵੱਲ ਪਿੱਠ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਕਿਸਾਨਾਂ ਦਾ ਮੱਸਲਾ ਤੁਰੰਤ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਦੀ ਆਰਥਿਕ ਸਥਿਤੀ ਬਹੁਤ ਬੁਰੀ ਤਰ੍ਹਾਂ ਵਿਗੜ ਰਹੀ ਹੈ ਤੇ ਸੰਘਰਸ਼ ਕਾਰਣ ਕਿਸਾਨੀ ਹੋਰ ਕਮਜ਼ੋਰ ਹੋ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਰਤਾਰਪੁਰ ਦਾ ਲਾਂਘਾ ਤੁਰੰਤ ਖੋਲ੍ਹਿਆ ਜਾਵੇ। ਕੇਂਦਰ ਇਸ ਨੂੰ ਜਾਣ ਬੁੱਝ ਕੇ ਲਟਕਾ ਰਹੀ ਹੈ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ। ਰੈਲੀ ਨੂੰ ਹੋਰਨਾਂ ਤੋਂ ਇਲਾਵਾ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ, ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਗੁਲਜਾਰ ਸਿੰਘ ਰਣੀਕੇ, ਸਾਬਕਾ ਮੰਤਰੀ ਮਹਿੰਦਰ ਕੌਰ ਜੋਸ਼, ਵਿਧਾਇਕ ਪਵਨ ਟੀਨੂੰ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਸੋਹਣ ਸਿੰਘ ਠੰਡਲ, ਗੁਰਪ੍ਰਤਾਪ ਸਿੰਘ ਵਡਾਲਾ, ਡਾ. ਸੁਖਵਿੰਦਰ ਸੁੱਖੀ, ਵਿਧਾਇਕ ਬਲਦੇਵ ਸਿੰਘ ਖਹਿਰਾ, ਜਰਨੈਲ ਸਿੰਘ ਵਾਹਦ, ਸਰਵਣ ਸਿੰਘ ਕੁਲਾਰ, ਰਣਜੀਤ ਸਿੰਘ ਖੁਰਾਨਾ ਜ਼ਿਲਾ ਪ੍ਰਧਾਨ ਯੂਥ ਅਕਾਲੀ ਦਲ, ਸਰਬਜੋਤ ਸਿੰਘ ਸਾਬੀ, ਸੁਖਦੀਪ ਸਿੰਘ ਸਕਾਰ, ਤਜਿੰਦਰ ਸਿੰਘ ਨਿੱਝਰ, ਝਿਰਮਲ ਸਿੰਘ ਭਿੰਡਰ, ਅਵਤਾਰ ਸਿੰਘ ਭੂੰਗਰਨੀ ਅਤੇ ਇੰਦਰਜੀਤ ਸਿੰਘ ਜੁਗਨੂੰ ਸਮੇਤ ਵੱਡੀ ਗਿਣਤੀ 'ਚ ਲੋਕ ਤੇ ਅਕਾਲੀ ਲੀਡਰਸ਼ਿਪ ਸ਼ਾਮਿਲ ਸੀ।